ਮੋਗਾ (ਜਗਰੂਪ ਸੋਹੀ) ਨੈਸ਼ਨਲ ਫੂਡ ਸਕਿਓਰਿਟੀ ਐਕਟ-2013 ਅਤੇ ਦਿ ਪੰਜਾਬ ਫੂਡ ਸਕਿਓਰਿਟੀ ਰੂਲਜ਼ 2016 ਨੂੰ ਇੰਨ-ਬਿੰਨ ਲਾਗੂ ਕਰਨ ਅਤੇ ਇਸ ਐਕਟ ਤਹਿਤ ਆਮ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਉਣ ਦੇ ਮਕਸਦ ਵਜੋਂ ਅੱਜ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਰਾਸ਼ਨ ਡਿਪੂਆਂ ਦੀ ਚੈਕਿੰਗ ਮੌਕੇ ਕੀਤਾ। ਉਨ੍ਹਾਂ ਸਿਵਲ ਲਾਈਨ ਮੋਗਾ ਦੇ ਰਾਸ਼ਨ ਡਿਪੂਆਂ ਤੋਂ ਇਲਾਵਾ ਪਿੰਡ ਖੋਸਾ ਕੋਟਲਾ ਦੇ ਰਾਸ਼ਨ ਡਿਪੂਆਂ ਦੀ ਚੈਕਿੰਗ ਕੀਤੀ।
ਇਸ ਅਚਨਚੇਤੀ ਦੌਰੇ ਦੌਰਾਨ ਚੇਤਨ ਪ੍ਰਕਾਸ਼ ਨੇ ਡਿਪੂ ਹੋਲਡਰਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਕਣਕ ਦੀ ਵੰਡ ਪ੍ਰਕਿਰਿਆ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਚੈਕਿੰਗ ਦੌਰਾਨ ਹੋਰ ਵੀ ਜੋ ਛੋਟੀਆਂ ਮੋਟੀਆਂ ਕਮੀਆਂ ਮੈਂਬਰ ਦੇ ਧਿਆਨ ਵਿਚ ਆਈਆਂ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕਰਨ ਦੇ ਸਖ਼ਤ ਦਿਸ਼ਾ-ਨਿਰਦੇਸ਼ ਉਨ੍ਹਾਂ ਵੱਲੋਂ ਸਬੰਧਿਤਾਂ ਨੂੰ ਜਾਰੀ ਕੀਤੇ ਗਏ। ਪੂਰੇ ਜ਼ਿਲ੍ਹੇ ਵਿਚ ਕਣਕ ਦੀ ਮੱਠੀ ਵੰਡ ਪ੍ਰਕਿਰਿਆ ਦਾ ਚੇਤਨ ਪ੍ਰਕਾਸ਼ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਅਤੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਨੇ ਆਮ ਜਨਤਾ ਦੀ ਜਾਣਕਾਰੀ ਲਈ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਸਰਕਾਰੀ ਰਾਸ਼ਨ ਡਿਪੂਆਂ, ਆਂਗਨਵਾੜੀ ਕੇਂਦਰਾਂ ਜਾਂ ਸਕੂਲਾਂ ਦੇ ਮਿਡ-ਡੇ-ਮੀਲ ਸਬੰਧੀ ਕੋਈ ਸ਼ਿਕਾਇਤ ਕਰਨੀ ਹੈ ਤਾਂ ਉਹ ਕਮਿਸ਼ਨ ਦੀ ਵੈੱਬਸਾਈਟ https://psfc.punjab.gov.in/ ਉੱਪਰ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਆਮ ਜਨਤਾ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 98767-64545 ਵੀ ਜਾਰੀ ਕੀਤਾ ਹੋਇਆ ਹੈ, ਜਿਸ ਦਾ ਕਿ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।