ਖੰਨਾ(ਭਗਵਾਨ ਭੰਗੂ-ਲਿਕੇਸ ਸ਼ਰਮਾ )ਪਹਿਲਾਂ ਨਸ਼ੇ ਦੀ ਦਲਦਲ ਵਿੱਚ ਫਸ ਗਿਆ। ਨਸ਼ੇ ਦੀ ਖ਼ਾਤਰ ਛੋਟੀਆਂ-ਮੋਟੀਆਂ ਚੋਰੀਆਂ ਕਰਨ ਲੱਗਾ। ਫਿਰ ਵਿਆਹ ਹੋ ਗਿਆ। ਔਲਾਦ ਦਾ ਸੁੱਖ ਨਹੀਂ ਮਿਲਿਆ ਤਾਂ ਇੱਕ ਬੱਚੀ ਨੂੰ ਗੋਦ ਲਿਆ। ਜਦੋਂ ਪਰਿਵਾਰ ਦੇ ਖਰਚਿਆਂ ਦਾ ਬੋਝ ਵੱਧ ਗਿਆ ਤਾਂ ਪਰਿਵਾਰ ਦੇ ਪਾਲਣ-ਪੋਸ਼ਣ ਲਈ ਚੋਰ ਗਰੋਹ ਹੀ ਬਣਾ ਲਿਆ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਖੰਨਾ ਪੁਲਿਸ ਨੇ 4 ਮੁਲਜ਼ਮਾਂ ਨੂੰ ਚੋਰੀ ਦੇ 6 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਸੋਨੀ, ਮਨਦੀਪ ਸਿੰਘ ਗੋਗੀ, ਜ਼ਾਕਿਰ ਹੁਸੈਨ ਮੋਨੀ ਤਿੰਨੋਂ ਵਾਸੀ ਮੰਡੀ ਗੋਬਿੰਦਗੜ੍ਹ ਅਤੇ ਸੁਰੇਸ਼ ਕੁਮਾਰ ਉਰਫ਼ ਜਿੰਮੀ ਵਾਸੀ ਗੁਰੂ ਨਾਨਕ ਕਾਲੋਨੀ ਪਿੰਡ ਲਾਡਪੁਰ ਵਜੋਂ ਹੋਈ। ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਸਿਟੀ ਥਾਣਾ 2 ਦੇ ਐਸਐਚਓ ਕੁਲਜਿੰਦਰ ਸਿੰਘ ਦੀ ਨਿਗਰਾਨੀ ਹੇਠ ਏਐਸਆਈ ਜਰਨੈਲ ਸਿੰਘ ਦੀ ਟੀਮ ਨੇ ਅਮਲੋਹ ਚੌਕ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਮੁਖਬਰ ਦੀ ਇਤਲਾਹ ‘ਤੇ ਸੋਨੀ, ਗੋਗੀ ਅਤੇ ਮੋਨੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਉਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਇਸ ਗਰੋਹ ਦਾ ਮੁੱਖ ਮੁਲਜ਼ਮ ਸੁਰੇਸ਼ ਕੁਮਾਰ ਜਿੰਮੀ ਹੈ। ਜਿੰਮੀ ਮੂਲ ਰੂਪ ‘ਚ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਨ੍ਹੀਂ ਦਿਨੀਂ ਉਹ ਮੰਡੀ ਗੋਬਿੰਦਗੜ੍ਹ ਦੇ ਪਿੰਡ ਲਾਡਪੁਰ ਦੀ ਗੁਰੂ ਨਾਨਕ ਕਲੋਨੀ ਵਿੱਚ ਵਿਖੇ ਰਹਿੰਦਾ ਹੈ। ਇੱਥੇ ਆ ਕੇ ਉਸਨੇ ਮੋਟਰਸਾਈਕਲ ਚੋਰਾਂ ਨਾਲ ਸੰਪਰਕ ਕੀਤਾ। ਚੋਰੀ ਦਾ ਮੋਟਰਸਾਈਕਲ ਘੱਟ ਕੀਮਤ ‘ਤੇ ਖਰੀਦਣ ਤੋਂ ਬਾਅਦ ਉਹ ਅੱਗੇ ਵੱਧ ਕੀਮਤ ‘ਤੇ ਵੇਚਦਾ ਸੀ। ਇਸ ਤਰ੍ਹਾਂ ਜਿੰਮੀ ਨੇ ਚੋਰਾਂ ਦਾ ਗਰੋਹ ਖੜ੍ਹਾ ਕਰ ਲਿਆ। ਪੁਲਸ ਦੀ ਪੁੱਛਗਿੱਛ ‘ਚ ਜਿੰਮੀ ਨੇ ਖੁਲਾਸਾ ਕੀਤਾ ਕਿ ਪਹਿਲਾਂ ਜਦੋਂ ਉਹ ਇਕੱਲਾ ਹੁੰਦਾ ਸੀ ਤਾਂ ਨਸ਼ੇ ਦੀ ਪੂਰਤੀ ਲਈ ਛੋਟੀਆਂ-ਮੋਟੀਆਂ ਚੋਰੀਆਂ ਕਰਦਾ ਸੀ। ਪਰ ਵਿਆਹ ਤੋਂ ਬਾਅਦ ਪਰਿਵਾਰ ਦਾ ਬੋਝ ਵੱਧ ਗਿਆ। ਇੱਕ ਬੱਚੀ ਨੂੰ ਗੋਦ ਲਿਆ। ਨੌਕਰੀ ਨਹੀਂ ਮਿਲ ਰਹੀ ਸੀ। ਪਰਿਵਾਰ ਪਾਲਣ ਦੀ ਖ਼ਾਤਰ ਗ਼ੈਰ-ਕਾਨੂੰਨੀ ਧੰਦਿਆਂ ਦਾ ਦਾਇਰਾ ਵਧਾ ਦਿੱਤਾ। ਇਸ ਗਰੋਹ ਦੇ ਬਾਕੀ ਤਿੰਨ ਮੁਲਜ਼ਮ ਵੀ ਨਸ਼ਾ ਕਰਨ ਲਈ ਮੋਟਰਸਾਈਕਲ ਚੋਰੀ ਕਰਦੇ ਸਨ। ਚੋਰੀ ਤੋਂ ਬਾਅਦ ਮੋਟਰਸਾਈਕਲ ਜਿੰਮੀ ਨੂੰ ਦਿੱਤੀ ਜਾਂਦੀ ਸੀ। ਜਿੰਮੀ ਇਨ੍ਹਾਂ ਮੁਲਜ਼ਮਾਂ ਨੂੰ ਨਸ਼ਾ ਕਰਨ ਲਈ ਪੈਸੇ ਦਿੰਦਾ ਸੀ। ਇਨ੍ਹਾਂ ਮੁਲਜ਼ਮਾਂ ਨੇ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਇਨ੍ਹਾਂ ਕੋਲੋਂ 6 ਮੋਟਰਸਾਈਕਲ ਬਰਾਮਦ ਹੋਏ ਹਨ। ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।