“ਖੇਤੀ ਵਿਭਿੰਨਤਾ ਲਈ ਵਣ ਖੇਤੀ ਨੂੰ ਅਹਿਮ ਮਾਧਿਅਮ ਬਣਾਇਆ ਜਾਵੇ : ਡਾ. ਅਸ਼ਵਨੀ ਸ਼ਰਮਾ”
ਲੁਧਿਆਣਾ 25 ਮਾਰਚ,(ਭਗਵਾਨ ਭੰਗੂ – ਰਾਜ਼ਨ ਜੈਨ) : ਪੰਜਾਬ ਐਗਰੀਕਚਰਲ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿਖੇ ਕਿਸਾਨ ਮੇਲੇ ਦੇ ਅੱਜ ਦੂਜੇ ਦਿਨ ਇਨਾਮ ਵੰਡ ਸਮਾਰੋਹ ਹੋਇਆ।ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਭਾਰਤੀ ਜੰਗਲਾਤ ਖੋਜ ਸੰਸਥਾਨ ਦੇਹਰਾਦੂਨ ਦੇ ਸਾਬਕਾ ਨਿਰਦੇਸ਼ਕ ਜਨਰਲ ਡਾ. ਅਸ਼ਵਨੀ ਕੁਮਾਰ ਸ਼ਰਮਾ ਸ਼ਾਮਿਲ ਹੋਏ ਜਦਕਿ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ।ਇਸ ਤੋਂ ਇਲਾਵਾ ਮੰਚ ਤੇ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਹਰਦਿਆਲ ਸਿੰਘ ਗਜ਼ਨੀਪੁਰ ਅਤੇ ਸ. ਅਮਨਪ੍ਰੀਤ ਸਿੰਘ ਬਰਾੜ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।ਇਸ ਮੌਕੇ ਮੁੱਖ ਮਹਿਮਾਨ ਡਾ. ਅਸ਼ਵਨੀ ਕੁਮਾਰ ਸ਼ਰਮਾ ਨੇ ਪੀ.ਏ.ਯੂ. ਨਾਲ ਪੁਰਾਣੇ ਸੰਬੰਧਾਂ ਨੂੰ ਯਾਦ ਕੀਤਾ।ਉਹਨਾਂ ਕਿਹਾ ਕਿ 50 ਸਾਲ ਪਹਿਲਾਂ ਯੂਨੀਵਰਸਿਟੀ ਵਿੱਚ ਅਕਾਦਮਿਕ ਸਿੱਖਿਆ ਹਾਸਲ ਕਰਨ ਲਈ ਵਧੇਰੇ ਮੁਕਾਬਲਾ ਸੀ।ਪੀ.ਏ.ਯੂ. ਨੇ ਆਪਣੇ ਮਿਆਰ ਨੂੰ ਬਦਲਦੀਆਂ ਸਥਿਤੀਆਂ ਵਿੱਚ ਵੀ ਬਰਕਰਾਰ ਰੱਖਿਆ ਹੈ ਇਹ ਗੱਲ ਵਿਸ਼ੇਸ਼ ਮਾਣ ਵਾਲੀ ਹੈ।ਉਹਨਾਂ ਕਿਹਾ ਕਿ ਖੇਤੀ ਇੱਕ ਬਹੁਤ ਉੱਤਮ ਕਿੱਤਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਾਡਾ ਅੱਜ ਦੇ ਨੌਜਵਾਨ ਦਾ ਧਿਆਨ ਖੇਤੀ ਸਿੱਖਿਆ ਅਤੇ ਖੇਤੀ ਦੇ ਧੰਦੇ ਤੋਂ ਹਟਦਾ ਜਾ ਰਿਹਾ ਹੈ।ਪੀ.ਏ.ਯੂ. ਦੇ ਖੇਤੀ ਖੋਜ ਅਤੇ ਅਧਿਆਪਨ ਦੇ ਮਿਆਰ ਤੇ ਤਸੱਲੀ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਿੱਚ ਪੀ.ਏ.ਯੂ. ਵਿਗਿਆਨੀਆਂ ਅਤੇ ਪੰਜਾਬ ਦੇ ਕਿਸਾਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ।ਪੰਜਾਬ ਵਿੱਚ ਖਾਰੇਪਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਐਗਰੋ ਫੋਰੈਸਟਰੀ ਦੇ ਮਾਡਲ ਲਗਾਉਣ ਦਾ ਮਸ਼ਵਰਾ ਦਿੰਦਿਆਂ ਉਹਨਾਂ ਬੇਰ ਦੀ ਕਿਸਮ ਐਪਲ ਬੇਰ ਅਤੇ ਅੰਬ ਦੀ ਕਿਸਮ ਮੀਆਜਾਕੀ ਨੂੰ ਵੱਧ ਤੋਂ ਵੱਧ ਲਾਉਣ ਲਈ ਕਿਹਾ।ਕੁਦਰਤੀ ਸੋਮਿਆਂ ਦੇ ਹੋ ਰਹੇ ਘਾਣ ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਖੇਤੀ ਵੰਨ-ਸੁਵੰਨਤਾ ਨੂੰ ਅਪਨਾਉਣ ਤੇ ਜ਼ੋਰ ਦਿੱਤਾ ਅਤੇ ਇਸਲਈ ਔਸ਼ਧੀ ਬੂਟਿਆਂ, ਦਾਲਾਂ, ਕਮਾਦ ਆਦਿ ਫ਼ਸਲਾਂ ਲਾਉਣ ਲਈ ਕਿਹਾ।ਡਾ. ਸ਼ਰਮਾ ਨੇ ਕਿਹਾ ਕਿ ਬੀਜਾਂ ਦੀ ਪ੍ਰਮਾਣਿਕਤਾ ਪੀ.ਏ.ਯੂ. ਦਾ ਵਿਸ਼ੇਸ਼ ਪਛਾਣ ਚਿੰਨ ਹੈ ਅਤੇ ਖੇਤ ਪ੍ਰਦਰਸ਼ਨ ਇਸ ਪ੍ਰਮਾਣਿਕਤਾ ਦਾ ਸ਼ੀਸ਼ਾ ਹਨ | ਉਹਨਾਂ ਕੰਢੀ ਖੇਤਰ ਵਿੱਚ ਮਿੱਟੀ ਅਤੇ ਪਾਣੀ ਦੇ ਲੂਣੇਪਣ ਦੀ ਸਮੱਸਿਆ ਨਾਲ ਨਜਿੱਠਣ ਲਈ ਪਾਪਲਰ ਦੀ ਕਾਸ਼ਤ ਦੀ ਸਿਫ਼ਾਰਸ਼ ਵੀ ਕੀਤੀ।ਇਸ ਮੌਕੇ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ. ਨੇ ਜੇਤੂ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਵਾਰਡ ਹਾਸਲ ਕਰਨ ਲਈ ਸਾਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਅਤੇ ਸਾਡੇ ਜੇਤੂ ਕਿਸਾਨ ਹੋਰਨਾਂ ਕਿਸਾਨਾਂ ਵਾਸਤੇ ਚਾਨਣ-ਮੁਨਾਰੇ ਦਾ ਕੰਮ ਕਰਦੇ ਹਨ।ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਨਿਰੰਤਰ ਗਿਰਾਵਟ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਪਾਣੀ ਦੀ ਬੱਚਤ ਕਰਨ ਲਈ ਸਾਨੂੰ ਝੋਨੇ ਦੀ ਘੱਟ ਪਾਣੀ ਲੈਣ ਵਾਲੀ ਕਿਸਮ ਪੀ ਆਰ 126 ਲਗਾਉਣੀ ਚਾਹੀਦੀ ਹੈ ਅਤੇ ਬਾਗਾਂ ਵਾਸਤੇ ਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਕਰਨੀ ਚਾਹੀਦੀ ਹੈ।ਪੀ.ਏ.ਯੂ. ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ, ਬੀਜਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਖੇਤੀ ਖਰਚਿਆਂ ਨੂੰ ਢੁੱਕਵਾਂ ਅਤੇ ਤਰਕਸੰਗਤ ਬਨਾਉਣਾ ਯੂਨੀਵਰਸਿਟੀ ਦਾ ਉਦੇਸ਼ ਹੈ।ਉਹਨਾਂ ਕਿਹਾ ਕਿ ਦੇਖਣ ਵਿੱਚ ਆਇਆ ਕਿ ਸਿਫ਼ਾਰਸ਼ ਤੋਂ ਵੱਧ ਖਾਦ ਤੇ ਪਾਣੀ ਦੀ ਵਰਤੋਂ ਕਾਰਨ ਫ਼ਸਲ ਦਾ ਨੁਕਸਾਨ ਹੁੰਦਾ ਹੈ | ਕਿਸਾਨਾਂ ਨੂੰ ਖੇਤੀ ਸਾਹਿਤ ਨਾਲ ਜੋੜਦਿਆਂ ਵਾਈਸ ਚਾਂਸਲਰ ਨੇ ਹਾੜੀ-ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ ਨਿਰੰਤਰ ਪੜਦੇ ਰਹਿਣ ਦੀ ਅਪੀਲ ਕੀਤੀ | ਉਹਨਾਂ ਨੇ ਆਉਣ ਵਾਲੀਆਂ ਪੀੜੀਆਂ ਨੂੰ ਖੇਤੀ ਸਿੱਖਿਆ ਨਾਲ ਜੋੜਨ ਅਤੇ ਖੇਤੀ ਸੰਬੰਧੀ ਜਾਗਰੂਕ ਸਮਾਜ ਦੀ ਉਸਾਰੀ ਦਾ ਸੱਦਾ ਦਿੰਦਿਆਂ ਆਉਂਦੇ ਦਿਨੀਂ ਹਾੜੀ ਦੀ ਫ਼ਸਲ ਦੀ ਸਫਲਤਾ ਨਾਲ ਵਾਢੀ ਲਈ ਸ਼ੁਭਕਾਮਨਾਵਾਂ ਦਿੱਤੀਆਂ।ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਬਾਰੇ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਹਨਾਂ ਕਿਹਾ ਕਿ ਯੂਨੀਵਰਸਿਟੀ ਹਰ ਹਾਲ ਵਿੱਚ ਖੇਤੀ ਨੂੰ ਵੱਧ ਮੁਨਾਫ਼ੇਯੋਗ ਅਤੇ ਵਾਤਾਵਰਨ ਪੱਖੀ ਬਨਾਉਣ ਲਈ ਆਪਣੀ ਖੋਜ ਦੀ ਦਿਸ਼ਾ ਨਿਰਧਾਰਤ ਕਰ ਰਹੀ ਹੈ।ਇਸ ਮੌਕੇ ਫ਼ਸਲ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ | ਇਸ ਤੋਂ ਪਹਿਲਾਂ ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਹੇ | ਉਹਨਾਂ ਕਿਸਾਨਾਂ ਨੂੰ ਸੂਚਿਤ ਕੀਤਾ ਕਿ ਅੱਜ ਮੇਲੇ ਦਾ ਸਿਖਰ ਹੋਣ ਦੇ ਬਾਵਜੂਦ ਪ੍ਰਦਰਸ਼ਨੀਆਂ ਅਤੇ ਬੀਜਾਂ ਦੀ ਵਿਕਰੀ ਕੱਲ ਵੀ ਜਾਰੀ ਰਹੇਗੀ | ਡਾ. ਬੁੱਟਰ ਨੇ ਕਿਸਾਨ ਮੇਲਿਆਂ ਦੀ ਸ਼ੁਰੂਆਤ ਤੋਂ ਯੂਨੀਵਰਸਿਟੀ ਨਾਲ ਲਗਾਤਾਰ ਜੁੜੇ ਰਹਿਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ | ਉਹਨਾਂ ਨੇ ਡਿਜ਼ੀਟਲ ਮਾਧਿਅਮਾਂ ਨੂੰ ਅਪਣਾ ਕੇ ਯੂਨੀਵਰਸਿਟੀ ਦੇ ਧਾਰਨੀ ਬਣਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ |