ਚੰਡੀਗੜ੍ਹ,25 ਜੂਨ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ)-ਚੰਡੀਗੜ੍ਹ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ 2008 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਪੁੱਤਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ IAS ਸੰਜੇ ਪੋਪਲੀ ਦੇ ਘਰ ਗੋਲੀਆਂ ਚੱਲੀਆਂ ਹਨ। ਇਸ ਫਾਇਰਿੰਗ ਦੌਰਾਨ ਸੰਜੇ ਪੋਪਲੀ ਦੇ ਬੇਟੇ ਕਾਰਤਿਕ ਪੋਪਲੀ ਨੂੰ ਗੋਲੀ ਲੱਗੀ ਸੀ ਤੇ ਉਸਦੀ ਮੌਤ ਹੋ ਗਈ ਹੈ। IAS ਸੰਜੇ ਪੋਪਲੀ ਦੀ ਪਤਨੀ ਨੇ ਕਿਹਾ ਕਿ ਮੇਰੇ ਬੇਟੇ ਨੂੰ ਵਿਜੀਲੈਂਸ ਦੀ ਟੀਮ ਨੇ ਗੋਲੀ ਮਾਰੀ ਹੈ। ਉਸਨੇ ਕਿਹਾ ਮੈਂ ਕੋਰਟ ‘ਚ ਜਾ ਕੇ ਵਿਜੀਲੈਂਸ ਅਫ਼ਸਰਾਂ ਖ਼ਿਲਾਫ਼ ਕੇਸ ਦਰਜ ਕਰਾਵਾਂਗੀ। ਦੱਸਣਯੋਗ ਹੈ ਕਿ ਰਿਕਵਰੀ ਲਈ ਵਿਜੀਲੈਂਸ ਟੀਮ ਸੰਜੇ ਪੋਪਲੀ ਦੇ ਘਰ ਗਈ ਸੀ।ਸ਼ਹਿਰ ਦੇ ਸੈਕਟਰ-11 ਸਥਿਤ ਘਰ ‘ਚ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਇਲਾਕੇ ‘ਚ ਹੜਕੰਪ ਮਚ ਗਿਆ। ਫਾਇਰਿੰਗ ਦੀ ਆਵਾਜ਼ ਸੁਣਦੇ ਹੀ ਆਸਪਾਸ ਦੇ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ-11 ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਡੀਐਸਪੀ ਗੁਰਮੁੱਖ ਸਿੰਘ, ਥਾਣਾ ਇੰਚਾਰਜ ਜਸਬੀਰ ਸਿੰਘ ਸਮੇਤ ਪੁਲਿਸ ਟੀਮ ਪਹੁੰਚ ਗਈ। ਹੁਣ ਤਕ ਪ੍ਰਾਪਤ ਜਾਣਕਾਰੀ ਅਨੁਸਾਰ ਘਰ ਦੇ ਅੰਦਰੋਂ ਗੋਲੀਆਂ ਚਲਾਈਆਂ ਗਈਆਂ।ਇਸ ਦੇ ਨਾਲ ਹੀ ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ।ਪੰਜਾਬ ਵਿਜੀਲੈਂਸ ਟੀਮ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਪਿਛਲੇ ਹਫ਼ਤੇ ਚੰਡੀਗੜ੍ਹ ਤੋਂ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਹੀ ਵਿਜੀਲੈਂਸ ਟੀਮ ਉਸ ਖਿਲਾਫ ਜਾਂਚ ਕਰ ਰਹੀ ਸੀ। ਸ਼ਨੀਵਾਰ ਨੂੰ ਵਿਜੀਲੈਂਸ ਦੀ ਟੀਮ ਜਾਂਚ ਲਈ ਸੈਕਟਰ-11ਏ ਸਥਿਤ ਪੋਪਲੀ ਦੀ ਕੋਠੀ ਨੰਬਰ 520 ਪਹੁੰਚੀ ਸੀ।
