ਜਗਰਾਉਂ, 21 ਜੁਲਾਈ ( ਰਾਜੇਸ਼ ਜੈਨ )-ਜਗਰਾਓਂ ਵਿਖੇ ਲੰਮਾ ਸਮਾਂ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾਅ ਚੁੱਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਦਾ ਜਗਰਾਉਂ ਤੋਂ ਅਹਿਮਦਗੜ੍ਹ ਵਿਖੇ ਤਬਾਦਲਾ ਹੋਣ ’ਤੇ ਜਗਰਾਉਂ ਦੇ ਸੀਨੀਅਰ ਵਕੀਲਾਂ ਵਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਤਹਿਸੀਲਦਾਰ ਮਨਮੋਹਨ ਕੌਸ਼ਿਕ ਵੱਲੋਂ ਸ਼ਹਿਰ ਵਾਸੀਆਂ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਵਿਦਾਇਗੀ ਪਾਰਟੀ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਤਹਿਸੀਲਦਾਰ ਕੌਸ਼ਿਕ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ। ਜਗਰਾਉਂ ਵਾਸੀਆਂ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਪਿਆਰ ਅਤੇ ਸਤਿਕਾਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਉਨ੍ਹਾਂ ਇਸ ਸਨਮਾਨ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਰਘੁਵੀਰ ਸਿੰਘ ਤੂਰ, ਸੰਦੀਪ ਗੁਪਤਾ, ਪਹਿਲਾਦ ਸਿੰਗਲਾ, ਪਾਇਲ ਗੁਪਤਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।