ਮ੍ਰਿਤਕ ਦੇਹ ਨੂੰ ਅੱਡਾ ਰਾਏਕੋਟ ਚੌਕ ਵਿੱਚ ਰੱਖ ਕੇ ਕੀਤਾ ਪ੍ਰਦਰਸ਼ਨ
ਜਗਰਾਓਂ, 14 ਜੂਨ ( ਰਾਜੇਸ਼ ਜੈਨ, ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪਿਛਲੇ ਦਿਨੀਂ ਚੁੰਗੀ ਨੰਬਰ 7 ਸਥਿਤ ਮੁਹੱਲਾ ਰਾਣੀਵਾਲਾ ਖੂਹ ਵਿਖੇ ਦੋਸਤਾਂ ਵਿਚਕਾਰ ਹੋਈ ਤਕਰਾਰ ਦੌਰਾਨ ਆਪਣੇ ਇੱਕ ਲੜਕੇ ਨੇ ਮਨਪ੍ਰੀਤ ਸਿੰਘ ਉਰਫ ਰਾਹੁਲ ਨੂੰ ਫੜ ਕੇ ਦਿਨ ਦਿਹਾੜੇ ਉਸ ’ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿੱਚ ਇਲਾਜ ਦੌਰਾਨ ਨੌਜਵਾਨ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ। ਜਿਸਦੇ ਬਾਅਦ ਪੁਲਿਸ ਥਾਣਾ ਸਿਟੀ ਜਗਰਾਉਂ ਨੇ ਸਾਰੇ ਦੋਸ਼ੀਆਂ ਖਿਲਾਫ ਧਾਰਾ 302 ਦਾ ਵਾਧਾ ਕਰ ਦਿੱਤਾ ਹੈ। ਮੁੱਖ ਮੁਲਜ਼ਮ ਵਿਜੇ ਗਿੱਲ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਤੋਂ ਨਾਰਾਜ਼ ਪਰਿਵਾਰ ਅਤੇ ਇਲਾਕਾ ਵਾਸੀਆਂ ਨੇ ਮਨਪ੍ਰੀਤ ਦੀ ਲਾਸ਼ ਨੂੰ ਅੱਡਾ ਰਾਏਕੋਟ ਵਿੱਚ ਰੱਖ ਕੇ ਚੌਂਕ ਵਿਚ ਜਾਮ ਲਗਾ ਦਿੱਤਾ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਨੂੰ ਦਿਨ ਦਿਹਾੜੇ ਫੜ ਕੇ ਉਸ ’ਤੇ ਪੈਟਰੋਲ ਪਾ ਕੇ ਅੱਗ ਲਾਉਣ ਵਾਲੇ ਅੱਠ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚੋਂ ਤਿੰਨ ਨਾਬਾਲਗ ਹਨ। ਇਨ੍ਹਾਂ ਵਿੱਚੋਂ ਚਾਰ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ ਅਤੇ ਮੁੱਖ ਮੁਲਜ਼ਮ ਜਿਸ ਨੇ ਮਨਪ੍ਰੀਤ ’ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ ਸੀ ਅਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਦਿਖਾਈ ਦੇ ਰਹੀ ਹੈ, ਉਸ ਮੁਲਜ਼ਮ ਵਿਜੇ ਗਿੱਲ ਅਤੇ ਤਿੰਨ ਨਾਬਾਲਗ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ।
ਕੁਝ ਦਿਨ ਪਹਿਲਾਂ ਵੀ ਥਾਣੇ ਦਾ ਕੀਤਾ ਸੀ ਘਿਰਾਓ –
ਕੁਝ ਦਿਨ ਪਹਿਲਾਂ ਵੀ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ’ਚ ਥਾਣਾ ਸਿਟੀ ਵਿਖੇ ਪਹੁੰਚ ਕੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਅਤੇ ਸਖਤ ਧਾਰਾਵਾਂ ਨਾ ਲਗਾਏ ਜਾਣ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਮੁੱਖ ਦੋਸ਼ੀ ਵਿਜੇ ਗਿੱਲ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ। ਉਸ ਸਮੇਂ ਵੀ ਥਾਣਾ ਸਿਟੀ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ ਸੀ। ਇਸ ਦੌਰਾਨ ਹਸਪਤਾਲ ਵਿੱਚ ਮਨਪ੍ਰੀਤ ਦੀ ਮੌਤ ਹੋ ਗਈ।
ਦੋਸ਼ੀਆਂ ਦੀ ਗਿ੍ਰਫਤਾਰੀ ਤੱਕ ਸੰਸਕਾਰ ਨਾ ਕਰਨ ਦਾ ਫੈਸਲਾ-
ਅੱਡਾ ਰਾਏਕੋਟ ਵਿਖੇ ਕਰੀਬ ਚਾਰ ਘੰਟੇ ਦੇ ਭਾਰੀ ਰੋਸ ਪ੍ਰਦਰਸ਼ਨ ਅਤੇ ਚੱਕਾ ਜਾਮ ਤੋਂ ਬਾਅਦ ਡੀਐਸਪੀ ਜਪਜੋਤ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਪੀੜਤ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੁਲਜ਼ਮ ਵਿਜੇ ਗਿੱਲ ਸਮੇਤ ਸਾਰੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮੌਕੇ ਧਰਨਾਕਾਰੀਆਂ ਨੇ ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਦੋ ਦਿਨ ਦਾ ਸਮਾਂ ਦਿੰਦਿਆਂ ਇਹ ਐਲਾਨ ਵੀ ਕੀਤਾ ਕਿ ਉਹ ਧਰਨਾ ਖ਼ਤਮ ਕਰਨਗੇ ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨਗੇ।