ਜੋਧਾਂ ‘ਚ ਲੱਗੀਆਂ ਤੀਆਂ ਦੇ ਤਿਉਹਾਰ ਨੂੰ ਬਣਾਇਆ ਯਾਦਗਾਰ
ਜੋਧਾਂ-13 ਅਗਸਤ ( ਬਾਰੂ ਸੱਗੂ) ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਪੈਂਦੇ ਇਨਕਲਾਬੀ ਪਿੰਡ ਜੋਧਾਂ ਵਿੱਚ ਸਾਉਣ ਮਹੀਨੇ ਦਾ ਵਿਸ਼ੇਸ਼ ਤਿਉਹਾਰ ਤੀਆਂ ਨਗਰ ਨਿਵਾਸੀ ਭੈਣਾਂ ਵੱਲੋਂ ਬਹੁਤ ਹੀ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ। ਇਸ ਤੀਆਂ ਦੇ ਤਿਉਹਾਰ ਦਾ ਪ੍ਰਬੰਧ ਜੋਧਾਂ ਨਿਵਾਸੀ ਸੁਖਵਿੰਦਰ ਕੌਰ ਸੁੱਖੀ, ਪਰਮਜੀਤ ਕੌਰ ਪਰਮ, ਕਮਲਜੀਤ ਕੌਰ, ਅਮਨਦੀਪ ਕੌਰ ਤੇ ਅਮਰਜੀਤ ਕੌਰ ਵੱਲੋਂ ਨਗਰ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਤੇ ਛੋਟੀਆਂ ਬੱਚੀਆਂ ਤੋਂ ਲੈਕੇ ਕੇ ਬਜ਼ੁਰਗ ਔਰਤਾਂ ਵੱਲੋਂ ਗਿੱਧੇ ਵਿੱਚ ਨੱਚ ਗਾ ਕੇ ਤੀਆਂ ਦੇ ਤਿਉਹਾਰ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਤੇ ਸਤਵੰਤ ਕੌਰ ਪਤਨੀ ਸਰਪੰਚ ਅਮਰਜੀਤ ਸਿੰਘ ਜੋਧਾਂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਬਰ ਡਾ. ਜਸਵੀਰ ਕੌਰ ਜੋਧਾਂ, ਸਾਬਕਾ ਪੰਚ ਮਨਜੀਤ ਕੌਰ ਜੋਧਾਂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਨੂੰ ਸਾਰਿਆਂ ਨੂੰ ਮਿਲ ਜੁਲਕੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਅੱਜ ਜੱਦੋ ਸਾਮਰਾਜੀ ਨੀਤੀਆਂ ਦੇ ਲਾਗੂ ਹੋਣ ਨਾਲ ਔਰਤਾਂ ਨੂੰ ਕੇਵਲ ਇਕ ਵਸਤੂ ਸਮਝਿਆ ਜਾਦਾ ਹੈ। ਔਰਤਾਂ ਉਪਰ ਜਿਸਮਾਨੀ ਤੇ ਮਾਨਸਿਕ ਹਮਲੇ ਤੇਜ਼ ਹੋ ਗਏ ਹਨ। ਇਸ ਲਈ ਸਾਨੂੰ ਸਾਰੀਆਂ ਔਰਤਾਂ ਨੂੰ ਇਕੱਠੇ ਹੋਕੇ ਅਜਿਹੇ ਹਮਲੇ ਕਰਨ ਵਾਲੇ ਲੋਕਾਂ ਨੂੰ ਪਛਾੜਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਔਰਤਾਂ ਨੂੰ ਤੀਆਂ, ਸੈਮੀਨਾਰਾਂ, ਕਨਵੈਨਸ਼ਨਾ ਰਾਹੀਂ ਔਰਤਾਂ ਉੱਪਰ ਹੋ ਰਹੀਆਂ ਜ਼ਿਆਦਤੀਆਂ ਖਿਲਾਫ ਲਾਮਬੰਦੀ ਕਰਨ ਦੀ ਜ਼ਰੂਰਤ ਹੈ। ਤੀਆਂ ਵਿੱਚ “ਪੀਂਘਾਂ ਗੁੰਦਮ-ਗੁੰਦੀਆਂ, ਫੁੱਲਾਂ ਦਾ ਸ਼ਿੰਗਾਰ। ਮਾਨਣ ਕਰਮਾਂ ਵਾਲੜੇ, ਤੀਆਂ ਸੰਗ ਬਹਾਰ।” , “ਰੰਗਲਾ ਪੰਜਾਬ”, “ਬਾਬਲ ਮੇਰੀਆਂ ਗੁੱਡੀਆਂ” ਆਦਿ ਗੀਤਾਂ ਉੱਪਰ ਨੱਚ ਕੇ ਤੀਆਂ ਦੇ ਤਿਉਹਾਰ ਨੂੰ ਚਾਰ ਚੰਨ ਲਗਾ ਦਿੱਤੇ। ਇਹ ਤੀਆਂ ਦਾ ਇਸ ਸਾਲ ਦਾ ਯਾਦਗਾਰ ਮੇਲਾ ਹੋ ਨਿਬੜਿਆ। ਅੰਤ ਵਿੱਚ ਛੋਟੀਆਂ-ਛੋਟੀਆਂ ਬੱਚੀਆਂ ਨੂੰ ਹਾਜ਼ਰ ਭੈਣਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਖਾਣ ਪੀਣ ਦਾ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਸੀ।