ਪਤਨੀ, ਸੱਸ ਅਤੇ ਸਹੁਰੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ
ਜੋਧਾਂ, 13 ਅਗਸਤ ਜਗਰਾਓਂ- ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਦੇ ਲੱਖਾਂ ਰੁਪਏ ਖਰਚ ਕੇ ਕੈਨੇਡਾ ਗਈ ਲੜਕੀ ਵਲੋਂ ਉਥੇ ਜਾ ਕੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰਨ ਸੰਬੰਧੀ ਦਿਤੀ ਗਈ ਸ਼ਿਕਾਇਤ ਉਪਰੰਤ ਕੈਨੇਜਾ ਰਹਿ ਰਹੀ ਪਤਨੀ ਅਤੇ ਪਟਿਆਲਾ ਨਿਵਾਸੀ ਉਸਦੇ ਮਾਤਾ ਪਿਤਾ ਖਿਲਾਫ ਥਾਣਾ ਜੋਧਾਂ ਵਿਖੇ ਧੋਖਾਧੜੀ ਦੇ ਦੋਸ਼ ਵਿਚ ਮੁਕਦਮਾ ਦਰਜ ਕੀਤਾ ਗਿਆ ਹੈ। ਥਾਣਾ ਜੋਧਾ ਤੋਂ ਏ.ਐਸ.ਆਈ ਬਲਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਸੇਖੋਂ ਵਾਸੀ ਪਿੰਡ ਪਮਾਲੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਦਾ ਵਿਆਹ 30 ਨਵੰਬਰ 2022 ਨੂੰ ਸ਼ੁਭਦੀਪ ਕੌਰ ਰੰਧਾਵਾ ਵਾਸੀ ਜਗਦੀਸ਼ ਕਲੋਨੀ ਨੇੜੇ ਰਤਨ ਨਗਰ ਪਟਿਆਲਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸ਼ੁਭਦੀਪ ਕੌਰ ਪੜ੍ਹਾਈ ਦੇ ਆਧਾਰ ’ਤੇ 26 ਦਸੰਬਰ ਨੂੰ ਕੈਨੇਡਾ ਚਲੀ ਗਈ। ਉਨ੍ਹਾਂ ਨੇ ਉਸ ਨੂੰ ਕੈਨੇਡਾ ਭੇਜਣ ਅਤੇ ਉੱਥੇ ਪੜ੍ਹਾਈ ਲਈ 21,26,055 ਰੁਪਏ ਖਰਚ ਕੀਤੇ ਪਰ ਉੱਥੇ ਜਾਣ ਤੋਂ ਬਾਅਦ ਸ਼ੁਭਦੀਪ ਕੌਰ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਉਸ ਨੂੰ ਕੈਨੇਡਾ ਬੁਲਾਉਣ ਦੀ ਫਾਈਲ ਵੀ ਨਹੀਂ ਲਗਾਈ। ਇਸ ਸਬੰਧੀ ਸ਼ੁਭਦੀਪ ਕੌਰ ਦੇ ਪਿਤਾ ਜਸਵੀਰ ਸਿੰਘ ਅਤੇ ਮਾਤਾ ਪੂਨਮ ਰੰਧਾਵਾ ਨਾਲ ਕਈ ਵਾਰ ਗੱਲ ਕੀਤੀ ਪਰ ਉਨ੍ਹਾਂ ਸਾਡੀ ਕੋਈ ਗੱਲ ਨਹੀਂ ਸੁਣੀ। ਇਸ ਸਬੰਧੀ ਗੁਰਪ੍ਰੀਤ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਥਾਣਾ ਦਾਖਾ ਦੇ ਇੰਚਾਰਜ ਵਲੋਂ ਕੀਤੀ ਗਈ। ਜਾਂਚ ਤੋਂ ਬਾਅਦ ਗੁਰਪ੍ਰੀਤ ਸਿੰਘ ਨਾਲ 21,26,055 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸ਼ੁਭਦੀਪ ਕੌਰ ਰੰਧਾਵਾ ਮੌਜੂਦਾ ਨਿਵਾਸੀ ਕੈਨੇਡਾ, ਉਸ ਦੇ ਪਿਤਾ ਜਸਵੀਰ ਸਿੰਘ, ਮਾਤਾ ਪੂਨਮ ਰੰਧਾਵਾ ਵਾਸੀ ਜਗਦੀਸ਼ ਕਾਲੋਨੀ ਨੇੜੇ ਰਤਨ ਨਗਰ ਪਟਿਆਲਾ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।