ਸੁਧਾਰ, 13 ਅਗਸਤ ( ਜਸਵੀਰ ਹੇਰਾਂ )-ਜਾਨੋਂ ਮਾਰਨ ਦੀ ਨੀਅਤ ਨਾਲ ਕਾਰ ਦੀ ਟੱਕਰ ਮਾਰ ਕੇ ਬੁਰੀ ਤਰ੍ਹਾਂ ਨਾਲ ਜ਼ਖਮੀਂ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਕਾਰਨ ਥਾਣਾ ਸੁਧਾਰ ਵਿਖੇ ਇਕ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸੁਧਾਰ ਤੋਂ ਇੰਸਪੈਕਟਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਇਲਾਜ ਅਧੀਨ ਸੇਵਕ ਸਿੰਘ ਵਾਸੀ ਘੁਮਾਣ ਚੌਕ ਸੁਧਾਰ (50 ਸਾਲ) ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਹ ਉਸਾਰੀ ਦਾ ਕੰਮ ਕਰਦਾ ਹੈ। ਜਦੋਂ 1 ਅਗਸਤ ਨੂੰ ਰਾਤ ਦੇ ਸਮੇਂ ਅਸੀਂ ਜੇਸਨ ਬੈਂਕੁਏਟ ਹਾਲ ਦੇ ਬਾਹਰ ਬੈਠੇ ਸੀ, ਜਿਸ ਨੂੰ ਮੈਂ (ਸ਼ਿਕਾਇਤਕਰਤਾ) ਅਤੇ ਪ੍ਰਧਾਨ ਸਿੰਘ ਨੇ ਸਾਂਝਾ ਖਰੀਦ ਕੀਤਾ ਸੀ। ਉਨ੍ਹਾਂ ਨੇ ਇਹ ਬੈਂਕੁਏਟ ਹਾਲ ਕਰੀਬ 17 ਮਹੀਨੇ ਪਹਿਲਾਂ ਇੰਦਰਜੀਤ ਸਿੰਘ ਉਰਫ਼ ਜੀਤੀ ਤੋਂ ਖਰੀਦਿਆ ਸੀ ਅਤੇ ਇੰਦਰਜੀਤ ਸਿੰਘ ਉਰਫ਼ ਜੀਤੀ ਨੇ ਆਪਣੇ ਘਰ ਇਸ ਬੈਂਕੁਏਟ ਹਾਲ ਦੀ ਵਿਕਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਜਦੋਂ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਬੈਂਕੁਏਟ ਹਾਲ ਵਿਚ ਆਏ ਅਤੇ ਉਥੇ ਮੌਜੂਦ ਪ੍ਰਧਾਨ ਸਿੰਘ ਨਾਲ ਬਹਿਸ ਕਰਨ ਲੱਗੇ। ਜਦੋਂ ਮੈਂ ਮੌਕੇ ’ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਇੰਦਰਜੀਤ ਸਿੰਘ ਨੇ ਬੈਂਕੁਏਟ ਹਾਲ ਦੀ ਵਿਕਰੀ ਬਾਰੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ। ਉਸ ਮੌਕੇ ਇੰਦਰਜੀਤ ਸਿੰਘ ਦੀ ਪਤਨੀ ਨੇ ਸਾਨੂੰ ਕਿਹਾ ਕਿ ਸਾਡਾ ਬੈਂਕੁਏਟ ਹਾਲ ਖਰੀਦਣ ਦੀ ਤੁਹਾਡੀ ਔਕਾਤ ਨਹੀਂ ਹੈ ਅਤੇ ਹੋਰ ਵੀ ਬੁਰਾ ਭਲਾ ਕਿਹਾ। ਉਸ ਸਮੇਂ ਇੰਦਰਜੀਤ ਆਪਣੀ ਪਤਨੀ ਨੂੰ ਆਪਣੇ ਨਾਲ ਲੈ ਗਿਆ। ਉਸ ਤੋਂ ਬਾਅਦ ਜਦੋਂ ਅਸੀਂ ਉਥੇ ਬੈਠੇ ਗੱਲਾਂ ਕਰ ਰਹੇ ਸੀ ਤਾਂ ਇੰਦਰਜੀਤ ਸਿੰਘ ਉਰਫ ਜੀਤੀ ਨੇ ਆਪਣੀ ਸਵਿਫਟ ਕਾਰ ਨਾਲ ਪਿੱਛੇ ਤੋਂ ਮੇਰੀ ਕੁਰਸੀ ਨੂੰ ਟੱਕਰ ਮਾਰ ਦਿੱਤੀ। ਜਦੋਂ ਮੈਂ ਹੇਠਾਂ ਡਿੱਗਿਆ ਤਾਂ ਉਸਨੇ ਮੈਨੂੰ ਦੂਜੀ ਵਾਰ ਪਿੱਛੇ ਤੋਂ ਗੱਡੀ ਲਿਆ ਕੇ ਫਿਰ ਟੱਤਕ ਮਾਰੀ। ਮੈਨੇਜਰ ਅਮਨਦੀਪ ਸਿੰਘ ਅਤੇ ਸਵਰਨ ਸਿੰਘ ਨੇ ਮੈਨੂੰ ਕਾਰ ਦੇ ਬੰਪਰ ਤੋਂ ਬਾਹਰ ਕੱਢਿਆ ਅਤੇ ਇੰਦਰਜੀਤ ਸਿੰਘ ਆਪਣੀ ਕਾਰ ਸਮੇਤ ਉਥੋਂ ਭੱਜ ਗਿਆ। ਉਸ ਸਮੇਂ ਉੱਥੇ ਮੌਜੂਦ ਲੋਕਾਂ ਵੱਲੋਂ ਸੇਵਕ ਸਿੰਘ ਨੂੰ ਸੁਧਾਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਹਾਲਤ ਵਿਗੜਨ ਕਾਰਨ 3 ਅਗਸਤ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਇਹ ਬਿਆਨ ਸੇਵਕ ਸਿੰਘ ਨੇ 3 ਅਗਸਤ ਨੂੰ ਪੁਲੀਸ ਨੂੰ ਦਿੱਤਾ ਸੀ। ਇਸ ਦੌਰਾਨ 11 ਅਗਸਤ ਨੂੰ ਇਲਾਜ ਅਧੀਨ ਸੇਵਕ ਸਿੰਘ ਦੀ ਮੌਤ ਹੋ ਗਈ। ਜਿਸ ਕਾਰਨ 3 ਅਗਸਤ ਨੂੰ ਸੇਵਕ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸੁਧਾਰ ਵਿਖੇ ਇੰਦਰਜੀਤ ਸਿੰਘ ਵਾਸੀ ਮੰਦਿਰ ਵਾਲੀ ਗਲੀ ਨੇੜੇ ਐੱਸ.ਬੀ.ਆਈ ਬੈਂਕ ਗਾਰਡਰੂਮ ਅਕਾਲਗੜ੍ਹ ਦੇ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ।