ਜਗਰਾਉਂ, 13 ਅਗਸਤ ( ਵਿਕਾਸ ਮਠਾੜੂ )-ਸ੍ਰੀ ਅਨੰਦਪੁਰ ਮਤੇ ਦੇ ਸਿਰਜਣਹਾਰ, ਮਨੁੱਖਤਾ ਦੇ ਥੰਮ, ਮਹਾਂ ਤਿਆਗੀ, ਪੰਥਕ ਸੇਵਾਦਾਰ, ਮਹਾਂ ਚੇਤੰਨ, ਵਿਸ਼ਵ ਧਰਮ ਸੰਮੇਲਨ ‘ਚ ਸਿੱਖੀ ਦਾ ਲੋਹਾ ਮਨਵਾਉਣ ਵਾਲੇ ਸਿਰਦਾਰ ਕਪੂਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਸਿਰਦਾਰ ਕਪੂਰ ਸਿੰਘ ਫਾਰਮ ਹਾਊਸ ਅਗਵਾੜ ਖਵਾਜਾ ਬਾਜੂ ਜਗਰਾਉਂ ਵਿਖੇ ਸ਼ਰਧਾ-ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਵਿਸ਼ਾਲ ਪੰਡਾਲ ‘ਚ ਕਰਵਾਏ ਗੁਰਮਤਿ ਸਮਾਗਮ ਮੌਕੇ ਬਾਬਾ ਘਾਲਾ ਸਿੰਘ ਨਾਨਕਸਰ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸ਼੍ਰੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਤੋਂ ਪੋ੍ਰ: ਮਹਿੰਦਰਪਾਲ ਸਿੰਘ, ਡਾ: ਅਨੁਰਾਗ ਸਿੰਘ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਤੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਆਦਿ ਨੇ ਸਿਰਦਾਰ ਕਪੂਰ ਸਿੰਘ ਜੀ ਦੇ ਜੀਵਨ ‘ਤੇ ਝਾਤ ਪਾਉਂਦਿਆਂ ਦੱਸਿਆ ਕਿ ਸਿਰਦਾਰ ਕਪੂਰ ਸਿੰਘ ਆਈਸੀਐਸ, ਡੀਸੀ, ਐਮਐਲਏ ਤੇ ਐਮਪੀ ਵੀ ਰਹੇ ਸਨ | ਉਨ੍ਹਾਂ ਦੱਸਿਆ ਕਿ ਸਿਰਦਾਰ ਕਪੂਰ ਸਿੰਘ ਆਈ. ਸੀ. ਐਸ, ਜੋ ਕਿ ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਸਨ | ਉਨ੍ਹਾਂ ਦੱਸਿਆ ਕਿ ਦੇਸ਼ ਦੀ ਆਜ਼ਾਦੀ ਪਿੱਛੋਂ ਹਿੰਦੁਸਤਾਨ ਵੱਲੋਂ ਸਿੱਖਾਂ ਪ੍ਰਤੀ ਪੱਖਪਾਤੀ ਰਵੱਈਏ ਤੋਂ ਆਪ ਹਮੇਸ਼ਾਂ ਚਿੰਤਤ ਰਹਿੰਦੇ ਸਨ | ਪੰਜਾਬ ਦੇ ਗਵਰਨਰ ਨੇ 10 ਅਕਤੂਬਰ 1947 ਨੂੰ ਇੱਕ ਗਸ਼ਤੀ ਚਿੱਠੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੀ ਗਈ, ਜਿਸ ਵਿੱਚ ਸਿੱਖਾਂ ਨੂੰ ਮੁਜਰਮਾਨਾ ਬਿਰਤੀ ਦੇ ਆਖ ਕੇ ਇੰਨ੍ਹਾਂ ਦੀਆਂ ਗਤੀਵਿਧੀਆਂ ਦਾ ਧਿਆਨ ਰੱਖਣ ਲਈ ਕਿਹਾ ਗਿਆ | ਇਸ ਪੱਤਰ ਨੇ ਸਿਰਦਾਰ ਕਪੂਰ ਸਿੰਘ ਜੋ ਉਸ ਸਮੇਂ ਡਿਪਟੀ ਕਮਿਸ਼ਨਰ ਨਿਯੁਕਤ ਸਨ ਦੇ ਹਿਰਦੇ ‘ਤੇ ਡੂੰਘੀ ਸੱਟ ਮਾਰੀ | ਉਨ੍ਹਾਂ ਨੇ ਇਸ ਪੱਤਰ ਦੇ ਉੱਤਰ ਵਜੋਂ ਭਾਰਤ ਸਰਕਾਰ ਪ੍ਰਤੀ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਗਿਆ | ਇਸ ਦੇ ਸਿੱਟੇ ਵਜੋਂ ਸਿਰਦਾਰ ਕਪੂਰ ਸਿੰਘ ਉੱਪਰ ਮੁਕੱਦਮਾ ਚਲਾਇਆ ਗਿਆ, ਇਸ ਤੋਂ ਪਿੱਛੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਸਿਰਦਾਰ ਕਪੂਰ ਸਿੰਘ ਸਿੱਖਾਂ ਨਾਲ ਹੋ ਰਹੇ ਵਿਤਕਰੇ ਤੇ ਬੇਇਨਸਾਫੀ ਨੂੰ ਖਤਮ ਕਰਨ ਲਈ ਪੂਰਨ ਰੂਪ ਵਿੱਚ ਖੁਦ ਨੂੰ ਸਮਰਪਿਤ ਕਰ ਦਿੱਤਾ | 1973 ਈ: ਵਿੱਚ ਸਿਰਦਾਰ ਕਪੂਰ ਸਿੰਘ ਨੂੰ ‘ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ’ ਦੀ ਉਪਾਧੀ ਨਾਲ ਪੂਰੇ ਸਿੱਖ ਸੰਸਾਰ ਵੱਲੋਂ ਸਨਮਾਨਿਆ ਗਿਆ | ਆਗੂਆਂ ਨੇ ਕਿਹਾ ਕਿ ਅੱਜ ਵੀ ਸਿਰਦਾਰ ਕਪੂਰ ਸਿੰਘ ਵਰਗੇ ਬੁੱਧੀਜੀਵੀ ਤੇ ਕੌਮ ਨੂੰ ਸਮਰਪਿਤ ਆਗੂ ਦੀ ਲੋੜ ਹੈ, ਜਿਹੜੇ ਆਪਣੀ ਬੁਲੰਦ ਆਵਾਜ਼ ਨਾਲ ਸਿੱਖ ਕੌਮ ਦੀ ਆਵਾਜ਼ ਉਠਾ ਸਕਣ | ਇਸ ਮੌਕੇ ਬਾਬਾ ਆਗਿਆਪਾਲ ਸਿੰਘ ਨਾਨਕਸਰ ਤੇ ਸਿਰਦਾਰ ਕਪੂਰ ਸਿੰਘ ਦੇ ਸਪੁੱਤਰਾਂ ਜਸਪ੍ਰੀਤ ਸਿੰਘ ਬਿੱਟੂ, ਅਮਰਜੋਤ ਸਿੰਘ ਬੱਬੂ ਤੇ ਗੁਰਨਾਮ ਸਿੰਘ ਗੋਗੀ ਆਦਿ ਨੇ ਸਮਾਗਮ ਦੌਰਾਨ ਪਹੁੰਚੀਆਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਅਤੇ ਸਮਾਗਮ ‘ਚ ਆਉਣ ‘ਤੇ ਧੰਨਵਾਦ ਕੀਤਾ | ਇਸ ਮੌਕੇ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਪ੍ਰੋ: ਸੁਖਵਿੰਦਰ ਸਿੰਘ, ਸੁਰਜੀਤ ਸਿੰਘ ਤਲਵੰਡੀ, ਮਨੀ ਗਰਗ, ਸਰਪੰਚ ਜਸਮੇਲ ਕੌਰ ਅਗਵਾੜ ਖੁਆਜਾ ਬਾਜੂ, ਕੁਲਵਿੰਦਰ ਸਿੰਘ, ਪ੍ਰੋ: ਭਗਵਾਨ ਸਿੰਘ, ਲਖਵਿੰਦਰ ਸਿੰਘ ਉਪਲ ਕੋਠੇ ਪੋਨਾ, ਪਰਮਜੀਤ ਸਿੰਘ ਪੰਮਾ, ਅਮਰਜੀਤ ਸਿੰਘ ਤੇ ਹਰਕੀਰਤ ਸਿੰਘ ਸਿੱਧਵਾਂ ਆਦਿ ਹਾਜ਼ਰ ਸਨ |