ਮੁੱਲਾਂਪੁਰ ਦਾਖਾ 26 ਅਗਸਤ (ਸਤਵਿੰਦਰ ਸਿੰਘ ਗਿੱਲ) ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ) ਜਿਲ੍ਹਾ ਲੁਧਿਆਣਾ ਦੀ ਜਿਲ੍ਹਾ ਕਾਰਜਕਾਰੀ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਪਿੰਡ ਪੰਡੋਰੀ ਵਿਖੇ ਜ਼ਿਲਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ , ਜਿਸ ਵਿਚ ਹੜ੍ਹ ਪੀੜਤਾਂ ਦੇ ਨਾਜਕ ਮੁੱਦੇ ਨੂੰ ਲੈ ਕੇ ਪੂਰੀ ਗੰਭੀਰਤਾ ਤੇ ਡੂੰਘਾਈ ਨਾਲ ਵਿਚਾਰਾਂ ਕੀਤੀਆਂ ਗਈਆਂ।
ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰ ਦਿਆਂ ਜਥੇਬੰਦੀ ਦੇ ਆਗੂਆਂ ਮੀਤ ਪ੍ਰਧਾਨ – ਜਸਦੇਵ ਸਿੰਘ ਲਲਤੋਂ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, (ਡਾ:) ਗੁਰਮੇਲ ਸਿੰਘ ਕੁਲਾਰ ਜਥੇਦਾਰ ਗੁਰਮੇਲ ਸਿੰਘ ਢੱਟ ਤੇ ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਵਰਨਣ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੁਲਾਈ 23 ਦੇ ਪਹਿਲੇ ਹਫਤੇ ਆਏ ਹੜਾਂ ਮੌਕੇ ਬਕਾਇਦਾ ਐਲਾਨ ਕੀਤਾ ਸੀ ਕਿ ਝੋਨੇ ਸਮੇਤ ਮਾਰੀਆਂ ਗਈਆਂ ਸਾਉਣੀ ਦੀਆਂ ਸਾਰੀਆਂ ਫਸਲਾਂ ਦਾ , ਜਾਨਾ ਗੁਆ ਚੁੱਕੇ ਕਿਸਾਨ ਮਜਦੂਰਾਂ ਦਾ ਪਸ਼ੂ ਧਨ ਦਾ , ਢਹੇ ਮਕਾਨਾਂ ਦਾ , ਇੱਥੋਂ ਤਕ ਕਿ ਹਰ ਗਰੀਬ ਦੀ ਮਾਰੀ ਗਈ ਮੁਰਗੀ ਤੇ ਬੱਕਰੀ ਤਕ ਦਾ ਅਤੇ ਮਜਦੂਰਾਂ ਦੀਆਂ ਮਾਰੀਆਂ ਦਿਹਾੜੀਆਂ ਦਾ ਪੂਰਾ ਪੂਰਾ ਮੁਆਵਜਾ ਹਰ ਹਾਲਤ ਫੌਰੀ ਤੌਰ ਤੇ ਦਿੱਤਾ ਜਾਵੇਗਾ ।ਜਮੀਨੀ ਹਕੀਕਤਾਂ ਗਵਾਹ ਨੇ ਕਿ ਅੱਜ ਤੱਕ (15 ਅਗਸਤ ਵਾਲੇ ਇਕਾ ਦੁੱਕਾ ਨੁਮਾਇਸ਼ੀ ਚੈੱਕਾਂ ਤੋਂ ਇਲਾਵਾ) ਆਮ ਕਿਸਾਨ ਮਜ਼ਦੂਰ ਦੇ ਖਾਤੇ ਚ ਮੁਆਵਜੇ ਦਾ ਕੋਈ ਰੁ. ਨਹੀਂ ਪੁੱਜਿਆ । ਨਾ ਹੀ ਅਜੇ ਤਕ ਕੇਂਦਰ ਸਰਕਾਰ ਨੇ ਪੰਜਾਬ ਨੂੰ ਹੜ੍ਹਾ ਬਾਰੇ ਕੋਈ ਪੈਕੇਜ ਨਹੀਂ ਦਿੱਤਾ । ਪੰਜਾਬ ਸਰਕਾਰ ਨੂੰ ਜ਼ੋਰਦਾਰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ 31 ਅਗਸਤ ਤੱਕ ਹੜ੍ਹ ਪੀੜਤਾ ਨੂੰ ਪੂਰੇ ਮੁਆਵਜੇ ਨਾ ਦਿੱਤੇ ਗਏ , ਤਾ 2 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਦੀਆਂ ਸਮੂਹ ਕਿਸਾਨ ਜੱਥਬੰਦੀਆਂ ਚੰਡੀਗੜ੍ਹ ਵਿਖੇ ਵੱਡੇ ਘੋਲ ਦਾ ਐਲਾਨ ਕਰਨਗੀਆਂ , ਜਿਸਦੀ ਜੁੰਮੇਵਾਰੀ ਪੰਜਾਬ ਤੇ ਕੇਂਦਰ ਸਰਕਰ ਸਿਰ ਹੋਵੇਗੀ ।
ਇਸ ਤੋਂ ਇਲਾਵਾ ਜਿਲ੍ਹਾ ਕਮੇਟੀ ਨੇ 16 ਕਿਸਾਨ ਜੱਥੇਬੰਦੀਆਂ ਦੇ 21 ਤੋਂ 25 ਅਗਸਤ ਤੱਕ ਹੜ੍ਹ ਪੀੜਤਾਂ ਲਈ ਚੱਲੇ ਘੋਲ ਦੀ ਆਪਣੀ ਯੂਨੀਅਨ ਵੱਲੋਂ ਚੌਕੀਮਾਨ ਟੋਲ ਪਲਾਜ਼ਾ ਵਿਖੇ ਕੀਤੀ ਡਟਵੀਂ ਤੇ ਜਚਵੀਂ ਭਰਾਤਰੀ ਮਦਦ ਉਪਰ ਤਸੱਲੀ ਜਾਹਰ ਕਰਦਿਆਂ ,ਸ਼ਹੀਦ ਕਿਸਾਨ ਯੋਧੇ ਪ੍ਰੀਤਮ ਸਿੰਘ ਮੰਡੇਰ ਕਲਾ(ਲੌਂਗੋਵਾਲ) ਨੂੰ ਬਕਾਇਦਾ ਨਿੱਘੀ ਸ਼ਰਧਾਂਜਲੀ ਭੇਟ ਕੀਤੀ।
ਅੰਤ ਚ ਐਲਾਨ ਕੀਤਾ ਕਿ 27 ਤਰੀਕ ਨੂੰ ਦੇਸ਼ ਦੇ ਪ੍ਰਸਿੱਧ ਲੋਕ ਪੱਖੀ ਪਤਰਕਾਰ ਮਨਦੀਪ ਪੁਨੀਆਂ ਦੀ “ਕਿਸਾਨ ਅੰਦੋਲਨ ਗਰਾਊਂਡ ਜ਼ੀਰੋ” (2020-21) ਉਪਰ ਹੋ ਰਹੇ ਵਿਸ਼ਾਲ ਬਰਨਾਲਾ – ਸੈਮੀਨਾਰ ਚ ਜੱਥੇਬੰਦੀ ਦਾ ਕਾਫ਼ਲਾ ਵਧ ਚੜ ਕੇ ਸ਼ਮੂਲੀਅਤ ਕਰੇਗਾ ਅਤੇ 1 ਸਤੰਬਰ ਨੂੰ ਲੱਖਾ ਸੜਕ ਘੋਲ ਕਮੇਟੀ ਦੇ ਸੱਦੇ ਤੇ ਨਾਨਕਸਰ ਪੁਲ ਜਗਰਾਓਂ ਵਿਖੇ ਲੱਗਣ ਵਾਲੇ ਭਾਰੀ ਟ੍ਰੈਫਿਕ ਜਾਮ ਚ ਸ਼ਾਮਿਲ ਹੋਵੇਗਾ ।
ਅੱਜ ਦੀ ਮੀਟਿੰਗ ਚ ਜਸਵੰਤ ਸਿੰਘ ਮਾਨ ,ਵਿਜੈ ਕੁਮਾਰ ਪੰਡੋਰੀ,ਗੁਰਦੀਪ ਸਿੰਘ ਮੰਡਿਆਣੀ,ਅਵਤਾਰ ਸਿੰਘ ਤਾਰ,ਗੁਰਚਰਨ ਸਿੰਘ ਤਲਵੰਡੀ , ਸੁਰਜੀਤ ਸਿੰਘ ਸਵੱਦੀ ,ਜਗਦੇਵ ਸਿੰਘ ,ਕੁਲਦੀਪ ਸਿੰਘ ਅਮਰਜੀਤ ਸਿੰਘ ਖੰਜਰਵਾਲ ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ , ਬਲਤੇਜ ਸਿੰਘ ਸਿੱਧਵਾਂ , ਡਾ : ਗੁਰਮੇਲ ਸਿੰਘ ਗੁੜੇ ,ਸੁਰਜੀਤ ਸਿੰਘ ਸਵੱਦੀ ਉਚੇਚੇ ਤੌਰ ਤੇ ਹਾਜ਼ਰ ਹੋਏ।