ਖੋਹੀ ਗਈ ਸਕੂਟਰੀ ਅਤੇ ਕਿਰਪਾਨ ਬਰਾਮਦ
ਜਗਰਾਓਂ, 26 ਅਗਸਤ ( ਬੌਬੀ ਸਹਿਜਲ, ਧਰਮਿੰਦਰ )-ਥਾਣਾ ਦਾਖਾ ਅਧੀਨ ਪੈਂਦੇ ਪਿੰਡ ਸ਼ੇਖੂਪੁਰ ਰੋਡ ਗੁੜੇ ਨੇੜੇ ਲੁਟੇਰਿਆਂ ਨੇ ਸਕੂਟਰੀ ਚਾਲਕ ਨੂੰ ਕਿਰਪਾਨ ਦਿਖਾ ਕੇ ਨਕਦੀ ਅਤੇ ਉਸਦੀ ਸਕੂਟਰੀ ਖੋਹ ਲਈ ਅਤੇ ਫਰਾਰ ਹੋਏ ਤਿੰਨ ਲੁਟੇਰਿਆਂ ਵਿੱਚੋਂ ਦੋ ਨੂੰ ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ ਹੈ। ਉਨ੍ਹਾਂ ਕੋਲੋਂ ਖੋਹੀ ਗਈ ਸਕੂਟਰੀ ਅਤੇ ਕਿਰਪਾਨ ਬਰਾਮਦ ਕਰ ਲਈ ਗਈ। ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਅਮਰਜੀਤ ਸਿੰਘ ਅਤੇ ਸੀਆਈਏ ਸਟਾਫ਼ ਦੇ ਸਬ-ਇੰਸਪੈਕਟਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਰਜੀਤ ਸਿੰਘ ਵਾਸੀ ਪਿੰਡ ਜੱਸੋਵਾਲ ਥਾਣਾ ਸੁਧਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਰਾਤ ਨੂੰ ਕੰਮ ਖ਼ਤਮ ਕਰਕੇ ਆਪਣੀ ਸਕੂਟਰੀ ਤੇ ਘਰ ਜਾ ਰਿਹਾ ਸੀ। ਰਾਤ ਕਰੀਬ 10.30 ਵਜੇ ਜਦੋਂ ਮੈਂ ਆਪਣੀ ਐਕਟਿਵਾ ਸਕੂਟੀ ’ਤੇ ਸ਼ੇਖੂਪੁਰਾ ਰੋਡ, ਗੁੜੇ ਕੋਲ ਸ਼ੈਲਰ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਮੋਟਰਸਾਈਕਲ ਸਵਾਰ ਤਿੰਨ ਲੜਕੇ ਆਏ। ਉਨ੍ਹਾਂ ਨੇ ਮੈਨੂੰ ਘੇਰ ਲਿਆ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਕਿਰਪਾਨ ਦਿਖਾ ਕੇ ਮੇਰਾ ਪਰਸ ਕੱਢ ਲਿਆ ਜਿਸ ਵਿਚ ਪੰਜ ਹਜ਼ਾਰ ਰੁਪਏ ਸਨ। ਦੂਜੇ ਨੇ ਮੇਰੇ ਕੋਲੋਂ ਸਕੂਟਰੀ ਖੋਹ ਲਈ। ਦੋ ਲੜਕੇ ਮੇਰੀ ਸਕੂਟਰੀ ’ਤੇ ਅਤੇ ਇਕ ਮੋਟਰਸਾਈਕਲ ’ਤੇ ਬੈਠ ਕੇ ਚੌਕੀਮਾਨ ਵਾਲੇ ਪਾਸੇ ਫਰਾਰ ਹੋ ਗਏ। ਇਸ ਸਬੰਧੀ ਜਦੋਂ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਨੇ ਚੌਕੀਮਾਨ ਤੋਂ ਸ਼ੇਖੂਪੁਰ ਰੋਡ ’ਤੇ ਨਾਕਾਬੰਦੀ ਕਰਕੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ਪਿੰਡ ਮੱਲੇਆਣਾ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸਾ ਵਾਸੀ ਲੋਪੋ ਨੂੰ ਕਾਬੂ ਕਰ ਲਿਆ। ਜਦਕਿ ਉਨ੍ਹਾਂ ਦਾ ਤੀਜਾ ਸਾਥੀ ਗੁਰਪ੍ਰੀਤ ਸਿੰਘ ਉਰਫ ਮੋਟਾ ਵਾਸੀ ਬੀੜ ਬੱਧਨੀ ਥਾਣਾ ਬੱਧਨੀ ਕਲਾ ਜ਼ਿਲਾ ਮੋਗਾ ਜੋ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਥੋਂ ਭੱਜਣ ’ਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਸੁਰਜੀਤ ਸਿੰਘ ਕੋਲੋਂ ਖੋਹੀ ਗਈ ਸਕੂਟੀ ਅਤੇ ਮੌਕੇ ’ਤੇ ਵਰਤੀ ਗਈ ਕਿਰਪਾਨ ਬਰਾਮਦ ਕਰ ਲਈ ਗਈ ਹੈ। ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਸ ਦੇ ਤੀਜੇ ਸਾਥੀ ਗੁਰਪ੍ਰੀਤ ਸਿੰਘ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।