ਇਕ ਪੁਰਾਣੀ ਫਿਲਮ ਵਿਚ ਅਭਿਨੇਤਾ ਰਾਜ ਕੁਮਾਰ ਦਾ ਡਾਇਲਾਗ ‘‘ ਜੋ ਖੁਦ ਸੀਸ਼ੇ ਕੇ ਘਰੋਂ ਮੇਂ ਰਹਤੇ ਹੋਂ, ਵਹ ਦੂਸਰੋਂ ਪਰ ਪੱਥਰ ਨਹੀਂ ਫੇਂਕਾ ਕਰਤੇ।’’ ਇਹ ਡਾਇਲਾਗ ਆਮ ਤੌਕ ਤੇ ਹਰ ਜਗ੍ਹਾ ਫਿੱਟ ਬੈਠ ਜਾਂਦਾ ਹੈ। ਰਾਜਨੀਤੀ ਵਿਚ ਤਾਂ ਅਕਸਰ ਇਸ ਡਾਇਲਾਗ ਦੀ ਚਰਚਾ ਹੁੰਦੀ ਹੈ। ਆਪਣੇ ਬਜ਼ੁਰਗਾਂ ਤੋਂ ਲੈ ਕੇ ਖੁਦ ਅਤੇ ਆਪਣੇ ਬੱਚਿਆਂ ਤੱਕ ਕਾਂਗਰਸ ਪਾਰਟੀ ਦੇ ਵੱਡੇ ਅਹੁਦਿਆਂ ਤੇ ਰਹਿ ਕੇ ਸੱਤਾ ਦਾ ਸਾਰੀ ਉਮਰ ਅਨੰਦ ਮਾਨਣ ਵਾਲੇ ਅਤੇ ਕੁਝ ਹੀ ਸਮਾਂ ਪਹਿਲਾਂ ਆਪਣੀ ਮਾਂ ਪਾਰਟੀ ਕਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਕੇ ਭਾਜਪਾਈ ਹੋਏ ਸੁਨੀਲ ਜਾਖੜ ਨੂੰ ਭਾਜਪਾ ਹਾਈ ਕਮਾਂਡ ਨੇ ਆਪਣਿਆ ਨੂੰ ਨਾਰਾਜ਼ ਕਰਕੇ ਉਨ੍ਹਾਂ ਨੂੰ ਪੰਜਾਬ ਪ੍ਰਦਾਨ ਦਾ ਤਾਜ ਪਹਿਨਾਇਆ ਗਿਆ। ਜਿਸ ਤਰ੍ਹਾਂ ਉਹ ਕਾਂਗਰਸ ਵਿੱਚ ਰਹਿੰਦਿਆਂ ਭਾਜਪਾ ਨੂੰ ਕੋਸਦੇ ਸੀ, ਹੁਣ ਉਹ ਭਾਜਪਾਈ ਹੋਣ ਤੋਂ ਬਾਅਦ ਕਾਂਗਰਸ ਨੂੰ ਸਮੇਂ ਸਮੇਂ ਤੇ ਕੋਸਦੇ ਰਹਿੰਦੇ ਹਨ। ਮੈਂ ਸਮਝਦਾ ਹਾਂ ਕਿ ਹਿ ਰਾਜਨੀਤਿਕ ਵਰਤਾਰਾ ਹੈ ਜੋ ਅਕਸਰ ਹੀ ਦੇਖਣ ਨੂੰ ਮਿਲਦਾ ਹੈ। ਕਿਸੇ ਨੂੰ ਹੈਰਾਨੀ ਨਹੀਂ ਹੈ ਕਿਉਂਕਿ ਭਾਜਪਾ ਵੱਲੋਂ ਪੰਜਾਬ ਵਿੱਚ ਪਾਰਟੀ ਦੀ ਸਥਾਪਤ ਕਰਨ ਲਈ ਜਿਸ ਸੁਨੀਲ ਜਾਖੜ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ ਤਾਂ ਉਹ ਪਾਰਟੀ ਲੀਡਰਸ਼ਿਪ ਨੂੰ ਖੁਸ਼ ਕਰਨ ਅਤੇ ਨਾਰਾਜ ਭਾਜਪਾਈਆਂ ਨੂੰ ਨਾਲ ਲਗਾਉਣ ਲਈ ਲਗਾਤਾਰ ਕਾਂਗਰਸ ਨੂੰ ਨਿਸ਼ਾਨਾ ਬਣਾ ਰਹੇ ਹਨ। ਪਰ ਅਜਿਹਾ ਕਰਦਿਆਂ ਉਪਰੋਕਤ ਫ਼ਿਲਮ ਅਭਿਨੇਤਾ ਰਾਜਕੁਮਾਰ ਦਾ ਡਾਇਲਾਗ ਸ਼ਾਇਦ ਭੁੱਲ ਗਏ ਹਨ ਕਿਉਂਕਿ ਉਹ ਵੀ ਸ਼ੀਸ਼ੇ ਦੇ ਘਰ ਵਿਚ ਰਹਿ ਰਹੇ ਹਨ। ਹਾਲ ਹੀ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਲਈ ਕਾਂਗਰਸ ਵਲੋਂ ਰੈਲੀਆਂ ਕੱਢਣ ਦਾ ਐਲਾਣ ਕੀਤਾ ਗਿਆ। ਜਿਸਤੇ ਚੁਟਕੀ ਲੈਂਦਿਆਂ ਭਾਜਪਾ ਪ੍ਰਦਾਨ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਦੋਸ਼ ਲਾਇਆ ਕਿ ਅੱਜ ਉਹ ਨਸ਼ੇ ਦੇ ਖਿਲਾਫ ਰੈਲੀਆਂ ਕੱਢ ਰਿਹਾ ਹੈ, ਜਦਕਿ ਸਾਲ 2014 ’ਚ ਉਨ੍ਹਾਂ ’ਤੇ ਨਸ਼ਾ ਤਸਕਰ ਤੋਂ ਪੈਸੇ ਲੈ ਕੇ ਚੋਣ ਲੜਨ ਅਤੇ ਜਿੱਤਣ ਦੇ ਦੋਸ਼ ਲੱਗੇ ਸਨ ਅਤੇ ਇਸ ਲਈ ਉਨ੍ਹਾਂ ਨੂੰ ਤਤਕਾਲੀਨ ਡਿਪਟੀ ਮੁੱਖ ਮੰਤਰੀ ਸੁਖਬੀਪ ਬਾਦਲ ਅੱਗੇ ਝੁਕਣਾ ਪਿਆ ਸੀ। ਸੁਨੀਲ ਜਾਖੜ ਨੇ ਇਹ ਦਾਅਵਾ ਵੀ ਕੀਤਾ ਕਿ ਇਹ ਸਾਰੇ ਤੱਥ ਪੰਜਾਬ ਪੁਲਿਸ ਦੀ ਫਾਈਲ ਅਤੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਵਿੱਚ ਮੌਜੂਦ ਹਨ। ਜਾਖੜ ਨੇ ਰਾਜਾ ਵੜਿੰਗ ਉੱਪਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਵੀ ਗੋਡੇ ਟੇਕ ਕੇ ਸਮਝੌਤਾ ਕਰਨ ਦੇ ਦੋਸ਼ ਲਗਾਏ। ਰਾਜਾ ਵੜਿੰਗ ਇਨ੍ਹਾਂ ਦੋਸ਼ਾਂ ਦਾ ਕਦੋਂ ਅਤੇ ਕੀ ਜਵਾਬ ਦੇਣਗੇ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ, ਪਰ ਵੱਡਾ ਸਵਾਲ ਕਿੱਥੇ ਇਹ ਹੈ ਕਿ ਸੁਨੀਲ ਜਾਖੜ ਪਿਛਲੇ ਕਾਫੀ ਸਮੇਂ ਤੋਂ ਸਿਆਸਤ ’ਚ ਸਰਗਰਮ ਹਨ ਅਤੇ ਕਾਂਗਰਸ ਪਾਰਟੀ ਦੇ ਅਹਿਮ ਅਹੁਦਿਆਂ ’ਤੇ ਰਹਿ ਚੁੱਕੇ ਹਨ। ਹੁਣ ਉਹ ਕਾਂਗਰਸ ਪਾਰਟੀ ਛੱਡ ਕੇ ਭਾਜਪਾਈ ਬਣ ਗਏ ਹਨ। ਇਸ ਲਈ ਉਨ੍ਹਾਂ ਨੂੰ ਇਹ ਸਭ ਯਾਦ ਆਉਣ ਲੱਗਾ ਕਿ ਉਨ੍ਹਾਂ ਨੇ ਕਾਂਗਰਸ ’ਚ ਰਹਿੰਦਿਆਂ ਰਾਜਾ ਵੜਿੰਗ ਦਾ ਵਿਰੋਧ ਕਿਉਂ ਨਹੀਂ ਕੀਤਾ। ਜੇਕਰ ਰਾਜਾ ਵੜਿੰਗ ਬੈਂਕ ਦੇ ਨਸ਼ਾ ਤਸਕਰ ਨਾਲ ਸਬੰਧ ਸਨ ਤਾਂ ਸੁਨੀਲ ਜਾਖੜ ਨੇ ਉਨ੍ਹਾਂ ਨੂੰ ਉਸ ਸਮੇਂ ਜਨਤਕ ਕਰਕੇ ਉਨ੍ਹਾਂ ਨੂੰ ਟਿਕਟ ਦੇਣ ਦਾ ਵਿਰੋਧ ਕਿਉਂ ਨਹੀਂ ਕੀਤਾ ? ਇਸਦਾ ਸੁਨੀਲ ਜਾਖੜ ਨੂੰ ਜਵਾਬ ਦੇਣਾ ਬਣਦਾ ਹੈ। ਇਸ ਵਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਉਸ ਸਮੇਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕੀਤਾ ਸੀ ਇਸਤੋਂ ਇਲਾਵਾ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿਚ ਸਖਤ ਕਾਰਵਾਈ ਕਰਨ, ਭ੍ਰਿਸ਼ਟਾਤਾਰ ਦੇ ਦੋਸ਼ ਲਗਾਉਂਦੇ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਤੇ ਕਾਰਵਾਈ ਕਰਨ, ਨਸ਼ੇ ਦੇ ਮਾਮਲੇ ਵਿਚ ਬਿਕਰਮ ਮਜੀਠੀਆ ਤੇ ਨਿਸ਼ਾਨੇ ਸਾਧੇ ਜਾਂਦੇ ਸਨ। ਇਨ੍ਹਾਂ ਸਾਰੇ ਮਾਮਲਿਆਂ ਵਿਚ ਸਖਤ ਕਾਨੂੰਨੀ ਕਾਰਵਾਈ ਦਾ ਭਰੋਸਾ ਦੇਣ ਤੇ ਹੀ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਚ ਕਾਂਗਰਸ ਨੂੰ ਸੱਤਾ ਸੰਭਾਲੀ ਸੀ। ਉਸ ਸਮੇਂ ਸੁਨੀਲ ਜਾਖੜ ਵੀ ਕਾਂਗਰਸ ਵਿਚ ਅਹਿਮ ਥਾਂ ਰੱਖਦੇ ਸਨ ਅਤੇ ਜਦੋਂ ਕੈਪਟਨ ਦੀ ਅਗਵਾਈ ’ਚ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਉਨ੍ਹਾਂ ਨੇ ਇਨ੍ਹਾਂ ਸਾਰੀਆਂ ਗੱਲਾਂ ’ਤੇ ਕੋਈ ਅਮਲ ਨਹੀਂ ਕੀਤਾ। ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਮਾਮਲੇ ਵਿਚ ਐਕਸ਼ਨ ਲੈਣ ਦੀ ਬਜਾਏ ਪੰਜਾ ਸਾਲ ਅੱਖਾਂ ਮੀਚ ਕੇ ਹੀ ਲੰਘਾ ਦਿਤੇ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਅਤੇ ਮਜੀਠੀਆ ਨਾਲ ਸਮਝੌਤਾ ਹੋਣ ਦੇ ਵੀ ਦੋਸ਼ ਲੱਗਦੇ ਰਹੇ। ਸੁਨੀਲ ਜਾਖੜ ਵੀ ਇਸ ਸਰਕਾਰ ਦਾ ਹਿੱਸਾ ਸਨ, ਉਸ ਸਮੇਂ ਵੀ ਸੁਨੀਲ ਇਨ੍ਹਾਂ ਸਾਰੇ ਮੁੱਦਿਆਂ ’ਤੇ ਚੁੱਪ ਰਹੇ। ਦਿਵੇਂ ਉਹ ਕਾਂਗਰਸ ਵਿਚ ਰਹਿੰਦੇ ਪਹਿਲਾਂ ਰਾਜਾ ਵੜਿੰਗ ਖਿਲਾਫ ਸਭ ਕੁਝ ਜਾਣਦੇ ਹੋਏ ਵੀ ਕੁਝ ਕਹਿ ਨਹੀਂ ਸਕੇ ਤਾਂ ਕੈਪਟਨ ਅਮਰਿੰਦਰ ਸਿੰਘ ਤਾਂ ਮੁੱਖ ਮੰਤਰੀ ਸਨ ਉਨ੍ਹਾਂ ਦੇ ਖਿਲਾਫ ਤਾਂ ਬੋਲ ਹੀ ਕਿਵੇਂ ਸਕਦੇ ਸਨ । ਉਸ ਸਮੇਂ ਤੁਸੀਂ ਵੀ ਕਾਂਗਰਸੀ ਸੀ ਤਾਂ ਸਭ ਲਈ ਕਲੀਨਚਿਟ ਸੀ। ਹੁਣ ਤੁਸੀਂ ਭਾਜਪਾਈ ਹੋ ਗਏ ਤਾਂ ਸਭ ਦੋਸ਼ੀ ਨਜਰ ਆਉਣ ਲੱਗੇ। ਕੀ ਜਾਖੜ ਸਾਹਿਬ ਕੈਪਟਨ ਅਮਰਿੰਦਰ ਸਿੰਘ ਬਾਰੇ ਜਾਂ ਉਸ ਸਮੇਂ ਉਨ੍ਹਾਂ ਨਾਲ ਸਰਕਾਰ ਵਿਚ ਰਹੇ ਸਾਥੀਆਂ ਬਾਰੇ ਕੁਢ ਨਹੀਂ ਜਾਣਦੇ ? ਪਰ ਹੁਣ ਕੈਪਟਨ ਸਮੇਚ ਵਧੇਰੇ ਸਾਥੀ ਭਾਜਪਾ ਵਿਚ ਜਾ ਚੁੱਕੇ ਹਨ। ਇਸ ਲਈ ਸਭ ਮਾਫ ਹੈ। ਇਥੇ ਜੇਕਰ ਇਹ ਕਹਿ ਲਿਆ ਜਾਵੇ ਕਿ ‘‘ ਇਸ ਹਮਾਮ ਵਿਚ ਸਭ ਨੰਗੇ ਹਨ ’’ ਤਾਂ ਕੋਈ ਅਤਿਕਥਨੀ ਨਹੀਂ ਹੈ। ਜੇ ਕਿਸੇ ਦੇ ਸਰੀਰ ਤੋਂ ਚਾਦਰ ਕੋਈ ਉਠਾਉਂਦਾ ਹੈ ਤਾਂ ਉਸਦੀ ਆਪਣੀ ਚਾਦਰ ਵੀ ਉੱਡ ਸਕਦੀ ਹੈ। ਇਸ ਲਈ ਇੱਕ ਦੂਜੇ ’ਤੇ ਦੋਸ਼ ਲਗਾਉਣ ਦੀ ਬਜਾਏ ਤੁਸੀਂ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਂਦੇ ਹੋ, ਇਹ ਸੋਚਣ ਵਾਲੀ ਗੱਲ ਹੈ ਕਿਉਂਕਿ ਲੋਕ ਤੁਹਾਡੇ ’ਤੇ ਭਰੋਸਾ ਕਰਦੇ ਹਨ ਅਤੇ ਤੁਹਾਨੂੰ ਜਿਤਾਉਂਦੇ ਹਨ। ਇਸ ਲਈ ਸੂਬੇ ਦੇ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਪਹਿਲਾਂ ਅਦਾ ਕਰੋ ਅਤੇ ਪਾਰਟੀ ਪ੍ਰਤੀ ਬਾਅਦ ਵਿਚ। ਰਾਜਨੀਤੀ ਵਿਚ ਕੋਈ ਕਿਸੇ ਦਾ ਸਗਾ ਨਹੀਂ ਹੈ ਅੱਜ ਦੇ ਰਾਜਨੀਤਿਕ ਲੋਕ ਕੱਪੜੇ ਬਦਲਣ ਵਾਂਗ ਪਾਰਟੀ ਬਦਲ ਲੈਂਦੇ ਹਨ।
ਹਰਵਿੰਦਰ ਸਿੰਘ ਸੱਗੂ ।