ਮੋਹਾਲੀ(ਰਾਜਨ ਜੈਨ)ਵਿਜੀਲੈਂਸ ਬਿਊਰੋ ਨੇ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਤਿੰਨ ਮਹੀਨੇ ਲਈ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਤੋਂ ਆਮਦਨ ਤੋਂ ਜਿਆਦਾ ਜਾਇਦਾਦ ਮਾਮਲੇ ਵਿੱਚ ਪੁੱਛਗਿਛ ਕੀਤੀ ਗਈ ਹੈ। ਇਸਦੇ ਨਾਲ ਹੀ ਵਿਜੀਲੈਂਸ ਵਲੋਂ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਬ੍ਰਹਮ ਮਹਿੰਦਰਾ ਦੇ ਨਿਊ ਚੰਡੀਗੜ ਸਥਿਤ ਫਾਰਮ ਹਾਊਸ ਤੇ ਪਹੁੰਚ ਕੇ ਉਨ੍ਹਾਂ ਦੇ ਫਾਰਮ ਹਾਉਸ ਦੀ ਪੈਮਾਇਸ਼ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੀ ਜਾਇਦਾਦ ਦਾ ਅਨੁਮਾਨ ਲਗਾਇਆ ਜਾ ਸਕੇ। ਵਿਜੀਲੈਂਸ ਬਿਊਰੋ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਅੱਜ ਸਵੇਰੇ ਕਰੀਬ 11 ਵਜੇ ਪੁੱਛਗਿਛ ਲਈ ਬੁਲਾਇਆ ਗਿਆ ਸੀ । ਉਹ ਕਰੀਬ ਪੌਣੇ ਬਾਰਾਂ ਵਜੇ ਵਿਜੀਲੈਂਸ ਦਫਤਰ ਪੁੱਜੇ ਜਿੱਥੇ ਉਨ੍ਹਾਂ ਤੋਂ ਕਰੀਬ ਪੌਣੇ ਤਿੰਨ ਵਜੇ ਤੱਕ ਪੁੱਛਗਿਛ ਕੀਤੀ ਗਈ। ਪੁੱਛਗਿਛ ਤੋਂ ਬਾਅਦ ਦਫਤਰ ਤੋਂ ਬਾਹਰ ਆਏ ਚੰਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਅਸੀਂ ਕੁੱਝ ਲੁੱਟਿਆ ਹੈ ਤਾਂ ਸਾਨੂੰ ਸਿੱਧਾ ਜੇਲ੍ਹ ਵਿੱਚ ਪਾ ਦਿਓ, ਬਦਨਾਮ ਨਾ ਕਰੋ। ਚੰਨੀ ਨੇ ਕਿਹਾ ਕਿ ਕੈਪਟਨ ਅਤੇ ਬਾਦਲਾਂ ਨੇ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਮੇਰਾ ਕੁੱਝ ਨਹੀਂ ਵਿਗਾੜ ਸਕੇ। ਆਪ ਸਰਕਾਰ ਤੇ ਇਲਜਾਮ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ 1000 ਕਰੋੜ ਦਾ ਸ਼ਰਾਬ ਘੋਟਾਲਾ ਕੀਤਾ ਹੈ ਅਤੇ ਆਪਣੇ ਛੇ ਚਹੇਤਿਆਂ ਨੂੰ ਬਿਨਾਂ ਟੈਂਡਰ ੪ਰਾਬ ਠੇਕੇ ਦਿੱਤੇ ਹਨ। ਉਸਦਾ ਹਿਸਾਬ ਕੌਣ ਲਵੇਗਾ। ਇਸ ਦੌਰਾਨ ਵਿਜੀਲੈਂਸ ਦੀ ਟੈਕਨਿਕਲ ਟੀਮ ਵਲੋਂ ਨਿਊ ਚੰਡੀਗੜ ਸਥਿਤ ਬ੍ਰਹਮ ਮਹਿੰਦਰਾ ਦੇ ਫਾਰਮ ਹਾਉਸ ਵਿੱਚ ਪਹੁੰਚ ਕੇ ਫਾਰਮ ਹਾਊਸ ਦੀ ਪੈਮਾਇਸ਼ ਕਰਨ ਦੀ ਵੀ ਖਬਰ ਹੈ। ਹਾਲਾਂਕਿ ਅਧਿਕਾਰੀ ਇਸ ਬਾਰੇ ਬੋਲਣ ਤੋਂ ਬੱਚ ਰਹੇ ਹਨ।