ਲੋਕ ਸਭਾ ਚੋਣਾਂ ’ਚ ਥੋੜਾ ਸਮਾਂ ਹੀ ਬਚਿਆ ਹੈ, ਜਿਸ ਲਈ ਦੇਸ਼ ਭਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਹ ਯਕੀਨੀ ਬਣਾਉਣ ਲਈ ਯਤਨਸ਼ੀਲ ਹਨ ਕਿ ਉਨ੍ਹਾਂ ਦੇ ਵੱਧ ਤੋਂ ਵੱਧ ਮੈਂਬਰ ਸੰਸਦ ਤੱਕ ਪਹੁੰਚ ਸਕਣ। ਇਸ ਲਈ ਦੇਸ਼ ਭਰ ਵਿਚ ਰਾਜਨੀਤਿਕ ਸਰਗਰਮੀਆਂ ਜ਼ੋਰਾਂ ਤੇ ਹਨ। ਕਿਧਰੇ ਵਿਰੋਧੀ ਪਾਰਟੀਆਂ ਦਾ ਮਹਾਗਠਜੋੜ, ਕਿਧਰੇ ਸੱਤਾਧਾਰੀ ਪਾਰਟੀ ਭਾਜਪਾ ਆਪਣੇ ਬਿਖਰੇ ਹੋਏ ਕੁਨਬੇ ਨੂੰ ਮੁੜ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਇਨ੍ਹਾਂ ਸਭ ਗੱਲਾਂ ਦਾ ਨਤੀਜਾ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਹੀ ਦੇਖਣ ਨੂੰ ਮਿਲੇਗਾ। ਇਸ ਸਮੇਂ ਪੰਜਾਬ ਦੀ ਸਿਆਸਤ ਵਿਚ ਕਾਫੀ ਦਿਲਚਸਪੀ ਬਣੀ ਹੋਈ ਹੈ। ਜਿਸ ਵਿੱਚ ਭਾਰਤੀ ਜਨਤਾ ਪਾਰਟੀ ਕਈ ਰਾਜਨੀਤਿਕ ਤਜਰਬੇ ਅਤੇ ਤਬਦੀਲੀਆਂ ਲਿਆ ਰਹੀ ਹੈ। ਇਥੇ ਕਾਂਗਰਸ ਦੇ ਦਿੱਗਜ ਨੇਤਾ ਸੁਨੀਲ ਜਾਖੜ ਜੋ ਕਿ ਇਕ ਸਾਲ ਪਹਿਲਾਂ ਭਾਜਪਾਈ ਹੋ ਗਏ ਸਨ, ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ। ਹੁਣ ਇੱਕ ਹੋਰ ਵੱਡੀ ਦਿਲਟਸਪ ਅਤੇ ਵੱਡਾ ਬਦਲਾਅ ਪੰਜਾਬ ਦੀ ਰਾਜਨੀਤੀ ਆਉਣ ਜਾ ਰਿਹਾ ਹੈ। ਦੇਸ਼ ਭਰ ਵਿਚ ਰਾਜਨੀਤਿਕ ਤੌਰ ਤੇ ਚਾਣਕਿਆ ਮੰਨੇ ਜਾਂਦੇ ਸਵ. ਪ੍ਰਕਾਸ਼ ਸਿੰਘ ਬਾਦਲ ਵਲੋਂ ਕਰੀਬ 20 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਦੋੜ ਬਣਾਇਆ ਸੀ। ਜਿਸਦੀ ਸਫਲਤਾ ਵਜੋਂ ਇਨ੍ਹਾਂ ਦੋਵਾਂ ਪਾਰਟੀਆਂ ਨੇ ਪੰਜਾਬ ਵਿਚ ਲੰਬਾ ਸਮਾਂ ਰਾਜ ਭੋਗਿਆ। ਇਹ ਗਠਜੋੜ 2020 ਵਿਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾ ਦਾ ਵਿਰੋਧ ਹੋਣ ਕਾਰਨ ਮਜਬੂਰੀ ਵਿਚ ਅਕਾਲੀ ਦਲ ਵਲੋਂ ਭਾਜਪਾ ਨਾਲ ਗਠਜੋੜ ਨੂੰ ਤੋੜ ਦਿਤਾ ਗਿਆ ਸੀ। ਹਾਲਾਂਕਿ ਤਿੰਨੇ ਖੇਤੀ ਕਾਨੂੰਨ ਦਾ ਖਰੜਾ ਤਿਕਆਰ ਕਰਨ ਤੋਂ ਲੈ ਕੇ ਹਾਊਸ ਵਿਚ ਪਾਸ ਕਰਨ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਸਹਿਮਤੀ ਰਹੀ। ਪਰ ਇਨ੍ਹਾਂ ਖੇਤੀ ਕਾਨੂੰਨਾਂ ਪ੍ਰਤੀ ਦੇਸ਼ ਭਰ ਵਿਚ ਉੱਠੇ ਵਿਰੋਧੀ ਸੁਰਾਂ ਅਤੇ ਖਾਸ ਕਰਕੇ ਪੰਜਾਬ ਵਿਚ ਸ਼ੁਰੂ ਹੋਏ ਜ਼ਬਰਦਸਤ ਵਿਰੋਧ ਕਾਰਨ ਮਜਬੂਰੀ ਵਿਚ ਅਕਾਲੀ ਦਲ ਨੂੰ ਭਾਜਪਾ ਦਾ ਸਾਥ ਛੱਡਣਾ ਪਿਆ। ਭਾਵੇਂ ਕਿ ਇਨ੍ਹਾਂ ਬਿਾਂ ਦੇ ਪਾਸ ਹੋਣ ਸਮੇਂ ਪ੍ਰਕਾਸ਼ ਸਿੰਘ ਬਾਦਲ, ਉਸ ਵੇਲੇ ਕੇਂਦਰੀ ਮੰਤਰੀਆਂ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਤਿੰਨਾਂ ਕਾਨੂੰਨਾ ਨੂੰ ਕਿਸਾਨ ਹਿਤੈਸ਼ੀ ਕਹਿ ਕੇ ਸਮਰਥਨ ਦਿੱਤਾ। ਜਿਸ ਦੀਆਂ ਵੀਡੀਓ ਹੁਣ ਵੀ ਸੋਸ਼ਲ ਮੀਡੀਆ ਤੇ ਚਰਚਿਤ ਹਨ। ਇਸ ਗਠਜੋੜ ਦੇ ਟੁੱਟਣ ਤੋਂ ਬਾਅਦ ਪੰਜਾਬ ਵਿਚ ਅਕਾਲੀ ਦਲ ਅਤੇ ਭਾਜਪਾ ਦਾ ਜੋ ਹਸ਼ਰ ਹੋਇਆ ਉਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ। ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਜੀਅ ਮੁੜ ਭਾਜਪਾ ਨਾਲ ਗਠਜੋੜ ਕਰਨਾ ਚਾਹੁੰਦੇ ਸਨ, ਪਰ ਮਜਬੂਰੀਆਂ ਕਾਰਨ ਅਜਿਹਾ ਨਹੀਂ ਕਰ ਸਕੇ। ਉਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਬਦਲੇ ਹੋਏ ਸਮੀਕਰਨਾਂ ਵਿੱਚ ਜਿੱਥੇ ਭਾਜਪਾ ਨੂੰ ਪੰਜਾਬ ਵਿੱਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਮਹਿਸੂਸ ਹੋ ਰਹੀ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪੰਜਾਬ ਵਿੱਚ ਮੁੜ ਸਥਾਪਤੀ ਲਈ ਭਾਜਪਾ ਦੀ ਲੋੜ ਹੈ। ਇਸ ਲਈ ਜੇਕਰ ਇਸ ਦੁਬਾਰਾ ਹੋਣ ਵਾਲਾ ਗਠਜੋੜ ਜੇਕਰ ਮਜਬੂਰੀ ਦਾ ਗਠਜੋੜ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਬੁਣ ਇਥੇ ਇਕ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੱਟੜ ਵਿਰੋਧੀ ਰਹੇ ਸੁਨੀਲ ਜਾਖੜ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਹਨ। ਅਗਲੇ ਰਾਜਨੀਤਿਕ ਸਫਰ ਵਿਚ ਸੁਨੀਲ ਜਾਖੜ ਅਤੇ ਬਾਦਲ ਵਲੋਂ ਮਿਲ ਕੇ ਸਰਗਰਮੀਆਂ ਕਰਨੀਆਂ ਪੈਣਗੀਆਂ। ਪੰਜਾਬ ਵਿੱਚ ਹਰੇਕ ਰਾਜਨੀਤਿਕ ਗਤੀਵਿਧੀ ਸੁਨੀਲ ਜਾਖੜ ਨਾਲ ਮਿਲ ਕੇ ਕਰਨੀ ਪਵੇਗੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸੁਨੀਲ ਜਾਖੜ ਕਿਵੇਂ ਇੱਕ ਦੂਜੇ ਨਾਲ ਅੱਖਾਂ ਮਿਲਾ ਸਕਣਗੇ। ਪੰਜਾਬ ’ਚ ਸੁਨੀਲ ਜਾਖੜ ਜਦੋਂ ਕਾਂਗਰਸ ਵਿਚ ਸਨ ਤਾਂ ਸ਼੍ਰੋਮਣੀ ਅਕਾਲੀ ਦਲ ’ਤੇ ਗੰਭੀਰ ਦੋਸ਼ ਲਾਉਂਦੇ ਸਨ, ਕੀ ਉਸੇ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਉਹ ਤਾਰੀਫ ਕਰਨਗੇ ? ਇਹ ਸਭ ਦੇਖਣਾ ਦਿਲਚਸਪ ਹੋਵੇਗਾ। ਮਜਬੂਰੀ ’ਚ ਜੋ ਗਠਜੋੜ ਫਿਰ ਤੋਂ ਅਜਿਹਾ ਹੋਣ ਜਾ ਰਿਹਾ ਹੈ ਉਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਸਿਆਸੀ ਤੌਰ ’ਤੇ ਵੀ ਵੱਡਾ ਨੁਕਸਾਨ ਝੱਲਣਾ ਪਵੇਗਾ ਕਿਉਂਕਿ ਪਹਿਲਾਂ ਗਠਜੋੜ ਸਮੇਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਸਿਰਫ਼ 23 ਵਿਧਾਨ ਸਭਾ ਸੀਟਾਂ ਅਤੇ ਤਿੰਨ ਲੋਕ ਸਭਾ ਸੀਟਾਂ ਦਿੰਦਾ ਸੀ ਅਤੇ ਹੁਣ ਜੇ ਇਹ ਗਠਜੋੜ ਹੁੰਦਾ ਹੈ ਤਾਂ ਭਾਜਪਾ ਪਹਿਲਾਂ ਵਾੰਗ ਸਿਰਫ 23 ਸੀਟਾਂ ਅਤੇ ਤਿੰਨ ਲੋਕ ਸਭਾ ਸੀਟਾਂ ਤੱਕ ਹੀ ਸੀਮਤ ਨਹੀਂ ਰਹੇਗੀ। ਉਹ ਅਕਾਲੀ ਦਲ ਤੋਂ ਇਸਤੋਂ ਵੱਧ ਸੀਟਾਂ ਤੇ ਸਮਝੌਤਾ ਕਰੇਗੀ। ਇਸਤੋਂ ਇਲਾਵਾ ਹੁਣ ਅਕਾਲੀ ਦਲ ਦਾ ਬਸਪਾ ਨਾਵ ਨੀ ਸਮਝੌਤਾ ਹੈ ਜਿਸਦੇ ਤਹਿਤ ਅਕਾਲੀ ਦਲ ਨੂੰ ਬਸਪਾ ਲਈ ਵੀ ਸੀਟਾਂ ਛੱਡਣੀਆਂ ਪੈਣਗੀਆਂ। ਅਜਿਹੇ ਹਾਲਾਤਾਂ ਵਿਚ ਪੰਜਾਬ ਵਿਤ ਸਭ ਤੋਂ ਵੱਧ ਸਮਾਂ ਸੱਤਾ ਦਾ ਸੁੱਖ ਭੋਗਣ ਵਾਲਾ ਸ਼ਰੋਮਣੀ ਅਕਾਲੀ ਦਲ ਮਹਿਜ ਅੱਧੀਆਂ ਸੀਟਾਂ ਤੱਕ ਹੀ ਸਿਮਟ ਕੇ ਰਹਿ ਜਾਵੇਗਾ। ਇਸ ਲਈ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਫਿਰ ਤੋਂ ਹੋਣ ਜਾ ਰਿਹਾ ਗਠਜੋੜ ਮਜਬੂਰ ਗਠਜੋੜ ਹੀ ਕਿਹਾ ਜਾ ਸਕਦਾ ਹੈ। ਜਿਸਦੀ ਅਗਲੀ ਭਰੋਸੇਯੋਗਤਾ ਲੋਕ ਸਭਾ ਚੋਣਾਂ ਦ ਨਤੀਜਿਆਂ ਤੋਂ ਬਾਅਦ ਸਪਸ਼ਟ ਹੋ ਸਕੇਗੀ ਕਿ ਇਹ ਗਠਜੋੜ ਅੱਗੇ ਚੱਲੇਗਾ ਜਾਂ ਨਹੀਂ।
ਹਰਵਿੰਦਰ ਸਿੰਘ ਸੱਗੂ।