ਜਗਰਾਓਂ, 5 ਜੁਲਾਈ ( ਬੌਬੀ ਸਹਿਜਲ, ਧਰਮਿੰਦਰ )-ਥਾਣਾ ਸਿਟੀ ਜਗਰਾਉਂ ਅਤੇ ਥਾਣਾ ਸਿਟੀ ਰਾਏਕੋਟ ਦੀਆਂ ਪੁਲਿਸ ਪਾਰਟੀਆਂ ਨੇ 4 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਪਾਸੋਂ 102 ਗ੍ਰਾਮ ਹੈਰੋਇਨ ਬਰਾਮਦ ਕੀਤੀ। ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਕੋਠੇ ਖੰਜੂਰਾ ਰੋਡ ਟੀ ਪੁਆਇੰਟ ਅਲੀਗੜ੍ਹ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਭਿੰਦਰ ਸਿੰਘ ਉਰਫ ਭਿੰਦਾ ਵਾਸੀ ਮੁਹੱਲਾ ਮਾਈ ਜੀਨਾ ਨੇੜੇ ਚੁੰਗੀ ਨੰਬਰ 5 ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਭਿੰਦਰ ਸਿੰਘ ਉਰਫ ਭਿੰਦਾ ਨੂੰ 40 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਝਾਂਸੀ ਰਾਣੀ ਚੌਕ ਵਿੱਚ ਨਾਕਾਬੰਦੀ ਲਈ ਮੌਜੂਦ ਸਨ। ਉਥੇ ਮਿਲੀ ਸੂਚਨਾ ਦੇ ਆਧਾਰ ’ਤੇ ਚੁੰਗੀ ਨੰਬਰ 5 ਨੇੜੇ ਸ਼ਰਨਜੀਤ ਸਿੰਘ ਵਾਸੀ ਮੁਹੱਲਾ ਮਾਈ ਨੂੰ 42 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਸਿਟੀ ਰਾਏਕੋਟ ਤੋਂ ਸਬ-ਇੰਸਪੈਕਟਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਜੀ.ਟੀ.ਰੋਡ ਬੱਸੀਆਂ ’ਤੇ ਚੈਕਿੰਗ ਲਈ ਮੌਜੂਦ ਸਨ। ਉਥੇ ਦੋ ਵਿਅਕਤੀ ਸਪਲੈਂਡਰ ਮੋਟਰਸਾਈਕਲ ’ਤੇ ਆ ਰਹੇ ਸਨ। ਜਿਨ੍ਹਾਂ ਨੇ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਭੱਜਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਹੱਥ ’ਚ ਫੜਿਆ ਲਿਫਾਫਾ ਸੜਕ ’ਤੇ ਸੁੱਟ ਦਿੱਤਾ। ਉਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਵਲੋਂ ਸੁੱਟੇ ਗਏ ਲਿਫਾਫੇ ’ਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਇਨ੍ਹਾਂ ਦੀ ਪਛਾਣ ਸੋਨੂੰ ਅਤੇ ਜਗਤਾਰ ਸਿੰਘ ਵਾਸੀ ਸ਼ੇਰਪੁਰ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।