ਰਾਏਕੋਟ, 5 ਜੁਲਾਈ ( ਜਸਵੀਰ ਹੇਰਾਂ )-ਬਜੁਰਗ ਨੂੰ ਕੁੱਟਮਾਰ ਕਰਕੇ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦੇਣ ਦੀ ਉਸ ਵਲੋਂ ਅਪਣੇ ਲੜਕੇ ਖਿਲਾਫ ਦਿਤੀ ਗਈ ਸ਼ਿਕਾਇਤ ’ਤੇ ਉਸ ਦੇ ਘਰ ਪੁੱਜੇ ਪੁਲਿਸ ਮਲਿਾਜਮਾ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਅਤੇ ਉਨ੍ਹਾਂ ਦੀ ਵਰਗੀ ਫਾੜ ਦੇਣ ਦੇ ਦੋਸ਼ ਵਿਚ ਤਿੰਨ ਦੇ ਖਿਲਾਫ ਥਾਣਾ ਸਿਟੀ ਰਾਏਕੋਟ ਵਿਖੇ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ। ਥਾਣਾ ਸਿਟੀ ਰਾਏਕੋਟ ਤੋਂ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਏਐਸਆਈ ਲਸ਼ਮਣ ਸਿੰਘ ਨੇ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਥਾਣਾ ਸਿਟੀ ਰਾਏਕੋਟ ਵਿੱਚ ਸਹਾਇਕ ਥਾਣੇਦਾਰ ਵਜੋਂ ਤਾਇਨਾਤ ਹੈ। ਉਸ ਦੀ ਡਿਊਟੀ ਪੀਸੀਆਰ ’ਤੇ ਲੱਗੀ ਹੋਈ ਹੈ, 3 ਜੁਲਾਈ ਨੂੰ ਸਵੇਰੇ 10 ਵਜੇ ਬਹਾਦਰ ਸਿੰਘ ਵਾਸੀ ਜੌਹਲਾਂ ਰੋਡ ਦਸਮੇਸ਼ ਨਗਰ ਰਾਏਕੋਟ ਨੇ ਸ਼ਿਕਾਇਤ ਦਿੱਤੀ ਕਿ ਉਸ ਦਾ ਲੜਕਾ ਹਰਦੀਪ ਸਿੰਘ ਉਸਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ ਅਤੇ ਕੁੱਟਮਾਰ ਕਰ ਰਿਹਾ ਹੈ। ਜਿਸ ਨੇ ਉਸ ਨੂੰ ਘਰੋਂ ਧੱਕੇ ਦੇ ਕੇ ਬਾਹਰ ਕੱਢ ਦਿਤਾ ਹੈ ਅਤੇ ਘਰ ਨੂੰ ਅੰਦਰੋਂ ਕੁੰਡੀ ਲਗਾ ਲਈ ਹੈ। ਇਸ ਮਾਮਲੇ ਵਿੱਚ ਦਰਖਾਸਤ ਦੇ ਸਬੰਧ ਵਿੱਚ ਜਦੋਂ ਏਐਸਆਈ ਲਸ਼ਮਣ ਸਿੰਘ ਅਤੇ ਸੀਨੀਅਰ ਕਾਂਸਟੇਬਲ ਹਰਪ੍ਰੀਤ ਸਿੰਘ ਮੋਟਰਸਾਈਕਲ ’ਤੇ ਬਹਾਦਰ ਸਿੰਘ ਦੇ ਘਰ ਪੁੱਜੇ ਤਾਂ ਬਹਾਦਰ ਸਿੰਘ ਘਰ ਦੇ ਬਾਹਰ ਖੜ੍ਹਾ ਸੀ। ਜਿਸ ਨੇ ਆਪਣੇ ਲੜਕਿਆਂ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਪਰ ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲਿ੍ਹਆ। ਜਿਸ ’ਤੇ ਬਹਾਦਰ ਸਿੰਘ ਨੇ ਧੱਕਾ ਦੇ ਕੇ ਗੇਟ ਖੋਲ੍ਹ ਦਿੱਤਾ ਤਾਂ ਹਰਦੀਪ ਸਿੰਘ ਅਤੇ ਉਸ ਦੇ ਭਰਾ ਜਗਦੀਪ ਸਿੰਘ ਅਤੇ ਉਨ੍ਹਾਂ ਦਾ ਚਾਚਾ ਹਰਦੀਪ ਸਿੰਘ ਸਾਨੂੰ ਦੇਖ ਕੇ ਇਕਦਮ ਤੈਸ਼ ਵਿਚ ਆ ਗਏ ਅਤੇ ਏ.ਐੱਸ.ਆਈ ਲਸ਼ਮਣ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨਾਲ ਹੱਥੋਪਾਈ ਕੀਤੀ। ਹਰਦੀਪ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਏਐਸਆਈ ਲਸ਼ਮਣ ਸਿੰਘ ਦੇ ਸਿਰ ’ਤੇ ਲੋਹੇ ਦੀ ਪਾਈਪ ਮਾਰ ਦਿੱਤੀ। ਜਿਸ ਕਾਰਨ ਉਹ ਹੇਠਾਂ ਡਿੱਗ ਪਿਆ ਅਤੇ ਜਗਦੀਪ ਸਿੰਘ ਨੇ ਉਸ ਦੇ ਮੂੰਹ ਅਤੇ ਨੱਕ ’ਤੇ ਕੋਈ ਤਿੱਖੀ ਚੀਜ਼ ਮਾਰ ਦਿੱਤੀ ਅਤੇ ਉਨ੍ਹਾਂ ਦੇ ਚਾਚਾ ਹਰਦੀਪ ਸਿੰਘ ਨੇ ਲਲਕਾਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਹੁਣ ਛੱਡਿਓ ਨਾ। ਹਰਦੀਪ ਸਿੰਘ ਅਤੇ ਜਗਦੀਪ ਸਿੰਘ ਨੇ ਸਾਡੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਸਾਡੀਆਂ ਵਰਦੀਆਂ ਪਾੜ ਦਿੱਤੀਆਂ। ਰੌਲਾ ਪਾਉਣ ’ਤੇ ਉਕਤ ਵਿਅਕਤੀ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ।