2008 ਵਿੱਚ ਮੈਂ ਤੇ ਮੇਰੀ ਜੀਵਨ ਸਾਥਣ ਜਸਵਿੰਦਰ ਕੌਰ ਅਮਰੀਕਾ ਵਿੱਚ ਸਾਂ । ਲਾਸ ਐਂਜਲਸ ਨੇੜੇ ਸੈਨ ਬਰਡੀਨੋ ਸ਼ਹਿਰ ਵਿੱਚ ਸ ਰਛਪਾਲ ਸਿੰਘ ਢੀਂਡਸਾ ਦੇ ਘਰ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਮੀਟਿੰਗ ਵਿੱਚ ਨਿੱਕੇ ਵੀਰ ਸੁਰਗਵਾਸੀ ਹਰਵਿੰਦਰ ਰਿਆੜ ਨੇ ਮੈਨੂੰ ਵੀ ਬੁਲਾ ਲਿਆ । ਉਹ ਨਿਊ ਜਰਸੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਸੀ।
ਯੂਨੀਈਟਿਡ ਸਿੱਖ ਮਿਸ਼ਨ ਦੇ ਲਗਪਗ ਪੰਜਾਹ ਸੱਜਣ ਹਾਜ਼ਰ ਸਨ ਉਥੇ । ਨੈਸਲੇ (ਮੋਗਾ) ਵਾਲੇ ਬਜ਼ੁਰਗ ਡਾਃ ਤਰਲੋਕ ਸਿੰਘ ਸੰਧੂ ਸਮੇਤ। ਮਗਰੋਂ ਇਸ ਲਾਂਘੇ ਦਾ ਸੁਪਨਾ ਪੂਰਾ ਕਰਨ ਹਿਤ ਯੂ.ਐੱਨ.ਓ. ਵਿੱਚ ਅਮਰੀਕਾ ਦੇ ਸਾਬਕਾ ਸਫ਼ੀਰ ਜੌਹਨ ਮੈਕਡਾਨਲਡ ਦੀ ਦੇਖ ਰੇਖ ਹੇਠ ਬਣੇ ਸਬੰਧਿਤ ਦਸਤਾਵੇਜ਼ ਨੂੰ ਜਦ 2012 ’ਚ ਜਰਸੀ ਸਿਟੀ ਦੇ ਇੱਕ ਹੋਟਲ ਵਿੱਚ ਲੋਕਾਂ ਹਵਾਲੇ ਕੀਤਾ ਗਿਆ ਤਾਂ ਉਸ ਵਕਤ ਵੀ ਮੈਂ ਹਰਵਿੰਦਰ ਰਿਆੜ ਦੇ ਕਾਰਨ ਹੀ ਉਥੇ ਹਾਜ਼ਰ ਸੀ ।
ਅਗਲੇ ਦਿਨ ਵਿਸ਼ਵ ਪੰਜਾਬੀ ਸਾਹਿੱਤ ਅਕਾਦਮੀ ਕੈਲੇਫੋਰਨੀਆ ਦੇ ਬੁਲਾਵੇ ਤੇ ਮੈਂ ਮਿਲਪੀਟਸ (ਬੇ ਏਰੀਆ) ਜਾਣਾ ਸੀ । ਨਿਊ ਯਾਰਕ ਤੋਂ ਸਾਨਫਰਾਂਸਿਸਕੋ ਤੀਕ ਜਹਾਜ਼ ਵਿੱਚ ਚਾਰ ਪੰਜ ਘੰਟੇ ਦਾ ਸਫ਼ਰ ਕਰਦਿਆਂ ਕਰਤਾਰਪੁਰ ਸਾਹਿਬ ਲਾਂਘਾ ਮੇਰੇ ਸਾਹੀਂ ਤੁਰਦਾ ਰਿਹਾ ।
ਇਹ ਲੰਮਾ ਗੀਤ ਮੈਂ ਉਸੇ ਸਫ਼ਰ ਦੌਰਾਨ ਪੂਰਾ ਕਰਕੇ ਦੂਸਰੇ ਦਿਨ ਕਵੀ ਦਰਬਾਰ ਵਿੱਚ ਸੁਣਾਇਆ । ਡਾਃ ਸੁਰਜੀਤ ਪਾਤਰ, ਵਰਿਆਮ ਸਿੰਘ ਸੰਧੂ, ਕੁਲਵਿੰਦਰ ਖ਼ਹਿਰਾ, ਸੁਖਵਿੰਦਰ ਅੰਮ੍ਰਿਤ, ਕੁਲਵਿੰਦਰ ਤੇ ਸੁਖਵਿੰਦਰ ਕੰਬੋਜ ਨੇ ਸੁਣ ਕੇ ਚੰਗਾ ਕਿਹਾ ।
ਮੈਂ ਆਪਣੇ ਬਚਪਨ ਤੋਂ ਹੀ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ (ਗੁਰਦਾਸਪੁਰ)ਦੇ ਉੱਚੇ ਬੁਰਜਾਂ ਤੇ ਚੜ੍ਹ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਨਿਹਾਰਦਾ ਰਿਹਾ ਸਾਂ।
ਮੇਰਾ ਸੁਪਨਾ ਸੀ ਜੋ 2019 ’ਚ ਪੂਰਾ ਹੋ ਗਿਆ । ਇਸ ਗੀਤ ਦੇ ਤੇਰਾਂ ਬੰਦ ਹਨ। ਤਰਨ ਤਾਰਨ ਵਾਲੇ ਸਃ ਦਿਲਬਾਗ ਸਿੰਘ ਹੁੰਦਲ ਦੀ ਪ੍ਰੇਰਨਾ ਤੇ ਅਗਵਾਈ ਹੇਠ ਤੇਰਾਂ ਹੀ ਸਿਰਮੌਰ ਗਾਇਕ ਸੁਰਿੰਦਰ ਸ਼ਿੰਦਾ, ਜਸਬੀਰ ਜੱਸੀ, ਸੁਰਜੀਤ ਭੁੱਲਰ, ਪਾਲੀ ਦੇਤਵਾਲੀਆ ਸਮੇਤ ਸਭ ਰੀਕਾਰਡ ਕਰ ਚੁਕੇ ਹਨ । ਦੋ ਵਾਰ । ਵੱਖ ਵੱਖ ਗਾਇਕ ਵੀ । ਦਿਲ ਕੀਤਾ ਕਿ ਇਹ ਜਾਣਕਾਰੀ ਤੁਹਾਡੇ ਨਾਲ ਵੀ ਸਾਂਝੀ ਕਰਾਂ ।
ਗੁਰਭਜਨ ਗਿੱਲ
🌍
ਪੰਜ ਸਦੀਆਂ ਪਰਤ ਕੇ
ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ ।
ਖੇਤਾਂ ਨੂੰ ਵਾਹੁੰਦਾ, ਬੀਜਦਾ ਤੇ ਆਪ ਪਾਲਣਹਾਰ ਹੈ ।
ਜਪਦਾ ਨਾ ’ਕੱਲ੍ਹੇ ਨਾਮ ਨੂੰ, ਹੱਥੀਂ ਵੀ ਕਰਦਾ ਕਾਰ ਹੈ ।
ਗ਼ਰਜ਼ਮੰਦਾਂ ਵੰਡਦਾ ਅੰਨ ਦਾ ਭੰਡਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ… ।
ਕੱਢਦਾ ਸਿਆੜ੍ਹ ਫੇਰ ਖ਼ੁਦ, ਰੂਹਾਂ ‘ਚ ਬਾਣੀ ਕੇਰਦਾ ।
ਮਾਲਾ ਨਾ ’ਕੱਲ੍ਹੀ ਘੁੰਮਦੀ, ਮਨ ਦੇ ਵੀ ਮਣਕੇ ਫੇਰਦਾ ।
ਰਾਵੀ ਦੇ ਕੰਢੇ ਵਰਤਦਾ ਅਦਭੁਤ ਨਜ਼ਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ… ।
ਨਿਸ਼ਕਾਮ ਨਿਰਛਲ ਨੀਰ ਨੂੰ ਅੰਗਦ ਬਣਾਇਆ ਲਹਿਣਿਓਂ ।
ਸੇਵਾ ਹੈ ਏਦਾਂ ਮੌਲਦੀ, ਮਿਲਦਾ ਬਿਨਾ ਕੁਝ ਕਹਿਣਿਓਂ ।
ਬਿਨ ਬੋਲਿਆਂ ਸਭ ਜਾਣਦਾ, ਐਸਾ ਪਿਆਰਾ ਵੇਖਿਆ ।
ਕਿਰਤ ਦਾ ਕਰਤਾਰਪੁਰ… ।
ਪੰਜ ਸਦੀਆਂ ਬਾਦ ਅੱਜ ਰਟਦੇ ਹਾਂ ਤੇਰੇ ਨਾਮ ਨੂੰ ।
ਛੇੜਦਾ ਨਾ ਸੁਰ ਅੱਲਾਹੀ ਹੁਣ ਕੋਈ ਸੁਬਹ ਸ਼ਾਮ ਨੂੰ ।
ਸੁਰਤਿ ਦਾ ਤਾਹੀਓਂ ਹੀ ਤਾਂ ਪੈਂਦਾ ਖਿਲਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ… ।
ਕਿਹੜਾ ਕਹੇ ਮਰਦਾਨਿਆਂ ਤੂੰ ਛੇੜ ਹੁਣ ਰਬਾਬ ਨੂੰ ।
ਤਾਹੀਓਂ ਸਿਉਂਕ ਲੱਗ ਗਈ ਬਾਬਾ ਤੇਰੇ ਪੰਜਾਬ ਨੂੰ ।
ਰੂਹਾਂ ਨੂੰ ਚੀਰੀ ਜਾ ਰਿਹਾ, ਭਟਕਣ ਦਾ ਆਰਾ ਦੇਖਿਆ ।
ਕਿਰਤ ਦਾ ਕਰਤਾਰਪੁਰ… ।
ਦੇ ਕੇ ਪੰਜਾਲੀ ਬੌਲਦਾਂ ਨੂੰ ਬਾਬਾ ਲਾਉਂਦਾ ਜੋਤਰਾ ।
ਓਸ ਨੇ ਨਾ ਵੇਖਿਆ ਕਿਹੜਾ ਹੈ ਪੁੱਤ ਜਾਂ ਪੋਤਰਾ ।
ਇਕ ਹੀ ਓਂਕਾਰ ਦਾ ਨੂਰੀ ਦੁਲਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ… ।
ਲੋਧੀ ਸਣੇ ਸੁਲਤਾਨਪੁਰ ਬਾਬੇ ਦੀ ਨਗਰੀ ਹੋ ਗਿਆ ।
ਬੇਈਂ ‘ਚੋਂ ਉਚਰੇ ਸ਼ਬਦ ਦਾ ਭੀੜਾਂ ‘ਚ ਚਿਹਰਾ ਖੋ ਗਿਆ ।
ਅੰਨ੍ਹੀ ਰੱਯਤ ਭਟਕਦੀ ਖ਼ੁਰਦਾ ਕਿਨਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ… ।
ਤੇਰੇ ਵਿਆਹ ਤੇ ਅੱਜ ਵੀ ਹਰ ਸਾਲ ਵਾਜੇ ਵੱਜਦੇ ।
ਚੜ੍ਹਦੀ ਬਾਰਾਤ ਕੂੜ ਦੀ, ਬੱਦਲ ਸਿਆਸੀ ਗੱਜਦੇ ।
ਪੇਕੇ ਸੁਲੱਖਣੀ ਮਾਤ ਦੇ ਇਹ ਵੀ ਮੈਂ ਕਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ… ।
ਪੌਣ ਗੁਰ, ਪਾਣੀ ਪਿਤਾ, ਧਰਤੀ ਨੂੰ ਮਾਤਾ ਕਹਿ ਗਿਆ ।
ਤੇਜ਼ ਰਫ਼ਤਾਰੀ ‘ਚ ਹੁਣ ਉਪਦੇਸ਼ ਪਿੱਛੇ ਰਹਿ ਗਿਆ ।
ਕਹਿਰ ਦਾ ਤਾਹੀਓਂ, ਦਿਨੇ ਚੜ੍ਹਿਆ ਸਿਤਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ… ।
ਸਿੱਧਾਂ ਨੇ ਚੋਲੇ ਪਹਿਨ ਕੇ ਤੇਰੀ ਹੀ ਬਾਣੀ ਰੱਟ ਲਈ ।
ਅੱਚਲ ਵਟਾਲਾ ਛੱਡ ਕੇ, ਥਾਂ-ਥਾਂ ਚਲਾਉਂਦੇ ਹੱਟ ਕਈ ।
ਭਰਮਾਂ ਦਾ ਭਾਂਡਾ ਭਰ ਗਿਆ, ‘ਗੋਸ਼ਟਿ’ ਵਿਚਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ… ।
ਹਾਲੇ ਕੰਧਾਰੀ ਵਲੀ ਦਾ ਹੰਕਾਰ ਨਹੀਓਂ ਟੁੱਟਿਆ ।
ਅੱਜ ਵੀ ਉਹ ਪਾਣੀਆਂ ਤੇ ਕਰਨ ਕਬਜ਼ੇ ਜੁੱਟਿਆ ।
‘ਤਰਕ’ ਦੀ ਛਾਤੀ ਤੇ ਮੁੜ ਪੱਥਰ ਮੈਂ ਭਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ… ।
ਮਲਿਕ ਭਾਗੋ ਅੱਜ ਵੀ, ਓਨਾਂ ਹੀ ਟੇਢਾ ਬੋਲਦਾ ।
ਤੱਕੜੀ ਵਾਲਾ ਵੀ ਮੋਦੀ, ਘੱਟ ਸੌਦਾ ਤੋਲਦਾ ।
ਉੱਡਦਾ ਅੰਬਰ ’ਚ ਮੈਂ, ਫੂਕੀ ਗੁਬਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ… ।
‘ਜਪੁਜੀ’ ਦੀ ਸਿਰਜਣ-ਭੂਮ ਦੇ ਚੇਤੇ ਨਿਰੰਤਰ ਡੰਗਦੇ ।
ਤਾਹੀਓਂ ਹੀ ਤੇਰੇ ਪੁੱਤ ਸੀ ਰਾਵੀ ਤੋਂ ਲਾਂਘਾ ਮੰਗਦੇ ।
ਪੂਰੀ ਕਰੀ ਅਰਦਾਸ ਤੂੰ, ਤੇਰਾ ਸਹਾਰਾ ਵੇਖਿਆ ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ ।
🔵