ਅੰਮ੍ਰਿਤਸਰ, 24 ਫਰਵਰੀ (ਵਿਕਾਸ ਮਠਾੜੂ – ਅਸ਼ਵਨੀ): ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪੋਰਟਲ ਤੇ ਪਹਿਲਾਂ ਤੋਂ ਮੌਜੂਦ ਰਾਸ਼ਨ ਕਾਰਡਾਂ ਦੀ ਸਰਕਾਰ ਵੱਲੋਂ ਵੈਰੀਫਿਕੇਸ਼ਨ ਕਰਵਾਈ ਗਈ ਸੀ ਅਤੇ ਵੱਖ ਵੱਖ ਵਿਭਾਗਾਂ ਤੋਂ ਪ੍ਰਾਪਤ ਵੈਰੀਫਿਕੇਸ਼ਨ ਰਿਪੋਰਟ/ਵਿਭਾਗ ਪਾਸੋਂ ਪ੍ਰਾਪਤ ਆਨ ਲਾਈਨ ਡਾਟਾ ਦੇ ਅਧਾਰ ’ਤੇ ਵੱਖ ਵੱਖ ਮਾਪਦੰਡਾਂ ਅਧੀਨ ਕਈ ਖਪਤਕਾਰਾਂ ਦੇ ਰਾਸ਼ਨ ਕਾਰਡ ਆਯੋਗ ਪਾਏ ਗਏ ਹਨ ਜਿੰਨਾਂ ਦੀਆਂ ਸੂਚੀਆਂ ਡਿਪੂ ਹੋਲਡਰਾਂ ਕੋਲ ਲਗਾ ਦਿੱਤੀਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਜਿੰਨਾਂ ਖਪਤਕਾਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਰਾਸ਼ਨ ਕਾਰਡ ਨਾਜਾਇਜ ਤੌਰ ਤੇ ਆਯੋਗ ਕਰਾਰ ਦਿੱਤੇ ਗਏ ਹਨ, ਉਹ 27 ਫਰਵਰੀ, 2023 ਤੱਕ ਸਬੰਧਤ ਨਰੀਖਕ ਖੁਰਾਕ ਤੇ ਸਪਲਾਈ/ਸਹਾਇਕ ਖੁਰਾਕ ਤੇ ਸਪਲਾਈ ਦੇ ਦਫਤਰ ਵਿਖੇ ਆਪਣੀ ਸਵੈ ਘੋਸ਼ਣਾ ਅਤੇ ਲੋੜੀਂਦੇ ਦਸਤਾਵੇਜ ਜਮਾਂ ਕਰਵਾ ਸਕਦਾ ਹਨ।ਉਨ੍ਹਾਂ ਦੱਸਿਆ ਕਿ 27 ਫਰਵਰੀ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਇਤਰਾਜ ਸਬੰਧਤ ਵਿਭਾਗ ਵੱਲੋਂ ਨਹੀਂ ਵਿਚਾਰਿਆ ਜਾਵੇਗਾ।ਸੂਦਨ ਨੇ ਦੱਸਿਆ ਕਿ ਜੇਕਰ ਕਿਸੇ ਰਾਸ਼ਨ ਕਾਰਡ ਹੋਲਡਰ ਦਾ ਇਤਰਾਜ ਪ੍ਰਾਪਤ ਨਹੀਂ ਹੁੰਦਾ ਜਾਂ ਉਸਦੇ ਵੱਲੋਂ ਦਿੱਤੇ ਤੱਥ/ਸਬੂਤ ਸੰਤੋਸ਼ਜਨਕ ਨਹੀਂ ਪਾਏ ਜਾਂਦੇ ਤਾਂ ਉਸ ਦਾ ਰਾਸ਼ਨ ਕਾਰਡ 27 ਫਰਵਰੀ, 2023 ਤੋਂ ਬਾਅਦ ਸਰਕਾਰੀ ਹਦਾਇਤਾਂ ਅਨੁਸਾਰ ਆਯੋਗ ਪਾਉਂਦੇ ਹੋਏ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਰਾਸ਼ਨ ਕਾਰਡ ਹੋਲਡਰ ਦਾ ਸਵੈ ਘੋਸ਼ਣਾ ਜਾਂ ਰਿਕਾਰਡ ਅਨੁਸਾਰ ਗਲਤ ਪਾਇਆ ਜਾਂਦਾ ਹੈ ਤਾਂ ਖਪਤਰਕਾਰ ਵਿਰੁੱਧ ਬਣਦੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨ੍ਹਾਂ ਨੇ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਆਪਣੇ ਇਤਰਾਜ ਕਰਵਾਉਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਖਪਤਕਾਰ ਦਫਤਰ ਜਿਲ੍ਹਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਵਿਖੇ ਵੀ ਆਪਣਾ ਇਤਰਾਜ ਦਰਜ ਕਰਵਾ ਸਕਦੇ ਹਨ।
