“ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬੱਚਿਆਂ ਦਾ ਵਿਧਾਨ ਸਭਾ ਚ ਸਵਾਗਤ”
ਫਰੀਦਕੋਟ 24 ਫਰਵਰੀ (ਲਿਕੇਸ਼ ਸ਼ਰਮਾ – ਮੋਹਿਤ ਜੈਨ) ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਵਿਦਿਆਰਥੀਆਂ ਲਈ ਵਿਧਾਨ ਸਭਾ ਵਿੱਚ ਨੇੜ ਭਵਿੱਖ ਵਿੱਚ ਮਸਨੂਈ ਸੈਸ਼ਨ ਕਰਵਾਇਆ ਜਾਵੇਗਾ ਤਾਂ ਜੋ ਨੌਜਵਾਨੀ ਵਿੱਚ ਸਿਆਸਤ ਪ੍ਰਤੀ ਉਦਾਸੀਨਤਾ ਨੂੰ ਦੂਰ ਕੀਤਾ ਜਾ ਸਕੇ।ਸਰਕਾਰੀ ਹਾਈ ਸਕੂਲ ਡੋਡ, ਜ਼ਿਲ੍ਹਾ ਫ਼ਰੀਦਕੋਟ ਤੋਂ ਪੰਜਾਬ ਵਿਧਾਨ ਸਭਾ ਵੇਖਣ ਪੁੱਜੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਸ. ਸੰਧਵਾਂ ਨੇ ਕਿਹਾ ਕਿ ਬੱਚਿਆਂ ਨੂੰ ਸਿਆਸਤ ਦੀ ਸਿੱਖਿਆ ਦੇਣੀ ਜ਼ਰੂਰੀ ਹੈ ਕਿਉਂ ਜੋ ਉਨ੍ਹਾਂ ਨੇ ਹੀ ਭਵਿੱਖ ਦੇ ਨੇਤਾ ਬਣਨਾ ਹੈ। ਉਨ੍ਹਾਂ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਵਿੱਚ ਸਿਆਸਤ ਪ੍ਰਤੀ ਉਦਾਸੀਨਤਾ ਪਾਈ ਜਾ ਰਹੀ ਹੈ ਜਿਸ ਨੂੰ ਦੂਰ ਕਰਨਾ ਸਾਡਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਰਾਜਨੀਤੀ ਵੱਲ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੀ ਸਿਆਸਤ ਵਿੱਚ ਰੁਚੀ ਪੈਦਾ ਕਰਨ ਦੇ ਮਨਸ਼ੇ ਨਾਲ ਆਉਣ ਵਾਲੇ ਦਿਨਾਂ ਵਿੱਚ ਵਿਧਾਨ ਸਭਾ ਵਿੱਚ ਮੌਕ ਸੈਸ਼ਨ ਕਰਵਾਇਆ ਜਾਵੇਗਾ।