ਜਗਰਾਉਂ, 18 ਅਪ੍ਰੈਲ ( ਭਗਵਾਨ ਭੰਗੂ, ਵਿਕਾਸ ਮਠਾੜੂ )-ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦੇ ਬਹਾਨੇ ਠੱਗਣ ਦੀ ਕੋਸ਼ਿਸ਼ ਵਿੱਚ ਸਾਧੂਆਂ ਦੀ ਆੜ ਵਿੱਚ ਦੋ ਵਿਅਕਤੀਆਂ ਨੂੰ ਦੁਕਾਨਦਾਰਾਂ ਨੇ ਦਬੋਚ ਲਿਆ ਅਤੇ ਪੈਸੇ ਦੁੱਗਣੇ ਕਰਨ ਦੇ ਬਹਾਨੇ ਇੱਕ ਵਿਅਕਤੀ ਤੋਂ ਲਏ ਛੇ ਸੌ ਰੁਪਏ ਵਾਪਸ ਕਰਵਾਏ। ਜਾਣਕਾਰੀ ਅਨੁਸਾਰ ਰਾਏਕੋਟ ਰੋਡ ’ਤੇ ਇੱਕ ਮੁਹੱਲੇ ਦੇ ਰਹਿਣ ਵਾਲੇ ਦੋ ਵਿਅਕਤੀ ਸਾਧੂਆਂ ਦੇ ਭੇਸ ’ਚ ਕੱਚਾ ਮਲਕ ਰੋਡ ’ਤੇ ਘੁੰਮ ਰਹੇ ਸਨ ਅਤੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਠੱਗ ਰਹੇ ਸਨ। ਕੁਝ ਦਿਨ ਪਹਿਲਾਂ ਇਨ੍ਹਾਂ ਦੋਵਾਂ ਨੇ ਇਸੇ ਤਰ੍ਹਾਂ ਦਾ ਝਾਂਸਾ ਦੇ ਕੇ ਕੱਚਾ ਮਲਕ ਰੋਡ ਦੇ ਇੱਕ ਇਲਾਕੇ ਵਿੱਚ ਔਰਤਾਂ ਨਾਲ ਠੱਗੀ ਮਾਰੀ ਸੀ। ਔਰਤਾਂ ਨੇ ਇਸ ਬਾਰੇ ਆਪਣੇ ਘਰ ’ਚ ਦੱਸਿਆ ਸੀ ਅਤੇ ਉਹ ਇਨ੍ਹਾਂ ਲੋਕਾਂ ਦੀ ਤਲਾਸ਼ ਵਿਚ ਹੀ ਸਨ। ਮੰਗਲਵਾਰ ਨੂੰ ਫਿਰ ਤੋਂ ਉਹ ਦੋਵੇਂ ਉਸੇ ਇਲਾਕੇ ’ਚ ਪਹੁੰਚ ਗਏ। ਜਿਸ ਘਰ ਤੋਂ ਉਨ੍ਹਾਂ ਨੇ ਪਹਿਲਾਂ ਠੱਗੀ ਮਾਰੀ ਸੀ, ਉਸ ਘਰ ਦੇ ਵਿਅਕਤੀ ਨੂੰ ਹੀ ਆਪਣੇ ਜਾਲ ’ਚ ਫਸਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਉਸ ਵਿਅਕਤੀ ਨੂੰ ਉਨ੍ਹਾਂ ਦੀ ਅਸਲੀਅਤ ਬਾਰੇ ਪਹਿਲਾਂ ਤੋਂ ਹੀ ਪਤਾ ਸੀ। ਉਸ ਨੇ ਉਨ੍ਹਾਂ ਨੂੰ ਮੰਗੇ ਪੈਸੇ ਦੇ ਦਿੱਤੇ। ਜਿਸ ਤਰ੍ਹਾਂ ਉਸ ਨੇ ਔਰਤਾਂ ਨਾਲ ਧੋਖਾ ਕੀਤਾ ਸੀ, ਉਸੇ ਤਰ੍ਹਾਂ ਉਸਨੂੰ ਵੀ ਇਹ ਕਹਿ ਕੇ ਪੈਸੇ ਵੀ ਛੁਪਾ ਲਏ ਕਿ ਤੁਹਾਡੇ ਪੈਸੇ ਦਾ ਤਾਂ ਬਾਬਿਆਂ ਨੂੰ ਭੋਗ ਲੱਗ ਗਿਆ। ਇਸ ’ਤੇ ਉਸ ਨੇ ਹੋਰ ਦੁਕਾਨਦਾਰਾਂ ਦੀ ਮਦਦ ਨਾਲ ਦੋਵਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਕੋਲੋਂ ਛੇ ਸੌ ਰੁਪਏ ਵਾਪਿਸ ਕਰਵਾਏ। ਮੌਕੇ ’ਤੇ ਪੁਲਿਸ ਕਰਮਚਾਰੀਆਂ ਨੂੰ ਬੁਲਾ ਕੇ ਉਨ੍ਹਾਂ ਦੋਵਾਂ ਨੂੰ ਪੁਲੀਸ ਹਵਾਲੇ ਕਰ ਦਿੱਤਾ।