8 ਕਰੋੜ ਦੀ ਲਾਗਤ ਨਾਲ ਦੋ ਏਕੜ ਦੇ ਕਰੀਬ ਰਕਬੇ ਵਿੱਚ ਬਣੇਗਾ, ਮਾਰਚ 2024 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ
ਚੰਡੀਗੜ੍ਹ, 31 ਅਗਸਤ : ( ਰਾਜੇਸ਼ ਜੈਨ, ਭਗਵਾਨ ਭੰਗੂ) –
ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਕਿਹਾ ਕਿ ਪਠਾਨਕੋਟ ਵਿਖੇ ਨਵਾਂ ਸਰਕਟ ਹਾਊਸ ਬਣੇਗਾ ਜਿਸ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦੇ ਦਿੱਤੇ ਹਨ। ਇਹ ਨਵਾਂ ਸਰਕਟ ਹਾਊਸ 8 ਕਰੋੜ ਦੀ ਲਾਗਤ ਨਾਲ ਕਰੀਬ ਦੋ ਏਕੜ ਰਕਬੇ ਵਿੱਚ ਬਣੇਗਾ ਜਿਸ ਨੂੰ ਮਾਰਚ 2024 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਹੈ।ਮੁੱਖ ਸਕੱਤਰ ਨੇ ਅੱਜ ਇੱਥੇ ਪਠਾਨਕੋਟ ਵਿਖੇ ਨਵੇਂ ਬਣਨ ਵਾਲੇ ਸਰਕਟ ਹਾਊਸ ਸੰਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਦੌਰਾਨ ਇਸ ਸੰਬੰਧੀ ਨਿਰਦੇਸ਼ ਦਿੱਤੇ।
ਸ੍ਰੀ ਜੰਜੂਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਵਿਭਾਗਾਂ ਨੂੰ ਮਜ਼ਬੂਤ ਕਰਨ ਅਤੇ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਸਰਹੱਦੀ ਜ਼ਿਲੇ ਪਠਾਨਕੋਟ ਵਿਖੇ ਨਵਾਂ ਸਰਕਟ ਹਾਊਸ ਬਣਾਉਣ ਦੇ ਨਿਰਦੇਸ਼ਾਂ ਤਹਿਤ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਅਤੇ ਸੁਰੱਖਿਆ ਦੇ ਪੱਖ ਤੋਂ ਸੰਵੇਦਨਸ਼ੀਲ, ਗੁਆਂਢੀ ਸੂਬਿਆਂ ਵਿੱਚ ਜਾਣ ਵਾਲੀਆਂ ਭਾਰਤ ਸਰਕਾਰ ਦੀਆਂ ਅਹਿਮ ਸਖਸੀਅਤਾਂ ਦੇ ਆਉਣ-ਜਾਣ ਅਤੇ ਸੈਰ ਸਪਾਟਾ ਤੇ ਧਾਰਮਿਕ ਕੇਂਦਰ ਹੋਣ ਕਾਰਨ ਪਠਾਨਕੋਟ ਵਿਖੇ ਸਰਕਟ ਹਾਊਸ ਦੀ ਬਹੁਤ ਲੋੜ ਹੈ।
ਮੁੱਖ ਸਕੱਤਰ ਨੇ ਸਰਕਟ ਹਾਊਸ ਲਈ ਲੋੜੀਂਦੀ ਬਿਜਲੀ ਵਿਭਾਗ ਦੀ 15 ਕਨਾਲ ਦੀ ਥਾਂ ਦੀ ਮਲਕੀਅਤ ਬਦਲਣ ਲਈ ਪੀ.ਐਸ.ਪੀ.ਸੀ.ਐਲ. ਨੂੰ ਲਿਖਣ ਅਤੇ ਉਸਾਰੀ ਲਈ ਫੰਡ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਨਿਰਦੇਸ਼ ਦੇਣ ਲਈ ਕਿਹਾ। ਪਹਿਲੇ ਪੜਾਅ ਵਿੱਚ ਮੌਜੂਦਾ ਵਿੱਤੀ ਸਾਲ 2022-23 ਲਈ 3 ਕਰੋੜ ਰੁਪਏ ਦੀ ਰਾਸ਼ੀ ਅਤੇ ਬਾਕੀ ਰਾਸ਼ੀ ਅਗਲੇ ਵਿੱਤੀ ਸਾਲ ਵਿੱਚ ਜਾਰੀ ਕਰਨ ਲਈ ਕਿਹਾ ਅਤੇ ਇਸ ਦੀ ਉਸਾਰੀ ਅਗਲੇ ਵਿੱਤੀ ਸਾਲ ਦੇ ਅਖੀਰ ਮਾਰਚ 2024 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਹੈ।ਸਰਕਟ ਹਾਊਸ ਵਿੱਚ ਕੁੱਲ 12 ਕਮਰੇ ਹੋਣਗੇ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਵੇਕ ਪ੍ਰਤਾਪ ਸਿੰਘ ਤੇ ਸਕੱਤਰ ਆਮ ਰਾਜ ਪ੍ਰਬੰਧ ਕੁਮਾਰ ਰਾਹੁਲ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਵੀ ਹਾਜ਼ਰ ਸਨ।