ਭਾਰਤੀ ਜਨਤਾ ਪਾਰਟੀ ਦੇ ਨਵੇਂ ਨਿਯੁਕਤ ਕੀਤੇ ਗਏ ਪੰਜਾਬ ਪ੍ਰਧਾਨ ਸੁਨੀਲ ਜਾਖੜ ਗੀ ਕਾਜਪੋਸ਼ੀ ਕਰਨ ਦੀਆਂ ਭਾਜਪਾ ਲੀਡਰਸ਼ਿਪ ਵਲੋਂ ਖੂਬ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਤਾਜਪੋਸ਼ੀ ਨੂੰ ਭਾਰਤੀ ਜਨਤਾ ਪਾਰਟੀ ਇੱਕ ਵੱਡੇ ਸ਼ਕਤੀਪ੍ਰਦਰਸ਼ਨ ਦੇ ਤੌਰ ਤੇ ਦਿਖਾ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਗਾਉਣਾ ਚਾਹੁੰਦੀ ਹੈ। ਜਿਸ ’ਚ ਸੁਨੀਲ ਜਾਖੜ ਨੂੰ ਪੂਰਨ ਅਜ਼ਾਦੀ ਦੇਣਾ, ਭਾਜਪਾ ਦੇ ਨਾਰਾਜ਼ ਧੜੇ ਨੂੰ ਚੇਤਾਵਨੀ ਦੇਣਾ ਅਤੇ ਦੂਜੀਆਂ ਪਾਰਟੀਆਂ ਤੋਂ ਭਾਜਪਾ ’ਚ ਸ਼ਾਮਲ ਹੋਣ ਦੇ ਚਾਹਵਾਨ ਆਗੂਆਂ ਦੀ ਦੁਚਿੱਤੀ ਨੂੰ ਦੂਰ ਕਰਨਾ ਸ਼ਾਮਲ ਹੈ। ਇਸ ਦੀ ਤਸਵੀਰ ਕੁਝ ਹੱਦ ਤੱਕ ਹੋਣ ਵਾਲੇ ਤਾਜਪੋਸ਼ੀ ਸਮਾਗਮ ’ਚ ਪੂਰੀ ਤਰ੍ਹਾਂ ਸਾਫ ਹੋ ਜਾਵੇਗੀ। ਭਾਵੇਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਸੁਨੀਲ ਜਾਖੜ ’ਤੇ ਪੂਰਾ ਭਰੋਸਾ ਪ੍ਰਗਟਾ ਰਹੀ ਹੈ ਪਰ ਇਕ ਸਾਲ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਪੰਜਾਬ ਦੀ ਲੋਕਲ ਭਾਜਪਾ ਲੀਡਰਸ਼ਿਪ ਪ੍ਰਧਾਨ ਦੇ ਤੌਰ ਤੇ ਹਜ਼ਮ ਨਹੀਂ ਕਰ ਪਾ ਰਹੀ। ਜਿਸ ਕਾਰਨ ਪਾਰਟੀ ਦਾ ਵੱਡਾ ਵਰਗ ਨਾਰਾਜ਼ ਹੋ ਚੁੱਕਾ ਹੈ। ਇਸ ਸਮੇਂ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਲਈ ਵੀ ਇਹ ਇੱਕ ਵੱਡਾ ਇਮਤਿਹਾਨ ਹੈ, ਜਿਸ ਵਿੱਚ ਉਨ੍ਹਾਂ ਵਲੋਂ ਕੇਂਦਰੀ ਹਾਈਕਮਾਂਡ ਦਾ ਭਰੋਸਾ ਬਰਕਰਾਰ ਰੱਖਣਾ, ਭਾਜਪਾ ਦੀ ਨਾਰਾਜ਼ ਲੀਡਰਸ਼ਿਪ ਨੂੰ ਆਪਣੇ ਨਾਲ ਤੋਰਨਾ ਅਤੇ ਕਾਂਗਰਸ ਨੂੰ ਛੱਡ ਕੇ ਉਨ੍ਹਾਂ ਨਾਲ ਜਾਂ ਉਨ੍ਹਾਂ ਤੋਂ ਅੱਗੇ ਪਿੱਛੇ ਭਾਜਪਾ ਵਿਚ ਸ਼ਾਮਲ ਹੋਏ ਦਿੱਗਜ ਕਾਂਗਰਸੀਆਂ ਨੂੰ ਉਨ੍ਹਾਂ ਦੇ ਸਨਮਾਨ ਅਨੁਸਾਰ ਪਾਰਟੀ ਵਿਚ ਅਡਜਸਟ ਕਰਨਾ ਅਤੇ ਕਾਂਗਰਸ ਪਾਰਟੀ ਵਿੱਚ ਮੌਜੂਦ ਕੁਝ ਹੋਰ ਆਗੂ ਜੋ ਭਾਜਪਾ ਵਿੱਚ ਸ਼ਾਮਲ ਹੋਏ ਸਨ ਉਨ੍ਹਾਂ ਨੂੰ ਨਾਲ ਲੈ ਕੇ ਆਉਣਾ ਜਾਖੜ ਲਈ ਵੱਡੀ ਚੁਣੌਤੀ ਹੈ। ਜੇਕਰ ਉਹ ਆਪਣੀ ਨਵੀਂ ਟੀਮ ’ਚ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜ ਕੁਮਾਰ ਵੇਰਕਾ, ਰਾਣਾ ਗੁਰਮੀਤ ਸਿੰਘ ਸੋਢੀ, ਮਨਪ੍ਰੀਤ ਸਿੰਘ ਬਾਦਲ ਵਰਗੇ ਵੱਡੇ ਨੇਤਾਵਾਂ ਨੂੰ ਸ਼ਾਮਲ ਕਰਦੇ ਹਨ ਤਾਂ ਉਨਵਾਂ ਨੂੰ ਉਨ੍ਹੰ ਦੇ ਕੱਦ ਅਨੁਸਾਰ ਹੀ ਅਹੁਦੇ ਵੀ ਦੇਣੇ ਪੈਣਗੇ। ਅਜਿਹੇ ਵਿੱਚ ਭਾਜਪਾ ਦੀ ਪਹਿਲੀ ਲੀਡਰਸ਼ਿਪ ਜਿਸ ਨੇ ਪੰਜਾਬ ਵਿੱਚ ਭਾਜਪਾ ਦੀ ਵਾਗਡੋਰ ਸੰਭਾਲੀ ਅਤੇ ਪਾਰਟੀ ਦੇ ਹਰ ਚੰਗੇ-ਮਾੜੇ ਸਮੇਂ ਵਿੱਚ ਡਟ ਕੇ ਪਾਰਟੀ ਦਾ ਸਾਥ ਦਿਤਾ ਅਤੇ ਪੰਜਾਬ ਵਿਚ ਪਾਰਟੀ ਨੂੰ ਸਥਾਪਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਉਸ ਪੁਰਾਣੀ ਟੀਮ ਵੀ ਆਪਣੇ ਲਈ ਯੋਗ ਥਾਂ ਟੀਮ ਵਿਚ ਚਾਹੇਗੀ। ਇੱਕ ਮਿਆਨ ਵਿੱਚ ਦੋ ਤਲਵਾਰਾਂ ਇਕੱਠੀਆਂ ਪਾ ਕੇ ਉਨ੍ਹਾਂ ਨੂੰ ਸੰਭਾਲਣਾ ਜਾਖੜ ਲਈ ਵੱਡਾ ਇਮਤਿਹਾਨ ਹੋਵੇਗਾ। ਹੁਣ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਜਾਖੜ ਲੋਕ ਸਭਾ ਚੋਣਾਂ ਦੌਰਾਨ ਚੰਗੀ ਕਾਰਗੁਜ਼ਾਰੀ ਦਿਖਾਉਣ ਵਿੱਚ ਕਾਮਯਾਬ ਹੁੰਦੇ ਹਨ ਤਾਂ ਉਹ ਪਾਰਟੀ ਵਿੱਚ ਹੋਰ ਯੋਗ ਸਥਾਨ ਬਨਾਉਣ ਵਿਚ ਸਫਲ ਹੋ ਜਾਣਗੇ ਜੇਕਰ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਭਾਜਪਾ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਤਾਂ ਜਾਖੜ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ , ਮਨਪ੍ਰੀਤ ਬਾਦਲ, ਰਾਜ ਕੁਮਾਰ ਵੇਰਕਾ ਵਰਗੇ ਵੱਡੇ ਕੱਦ ਦੇ ਨੇਤਾ ਜੋ ਕਾਂਗਰਸ ਛੱਡ ਕੇ ਭਾਜਪਾਈ ਹੋਏ ਸਨ ਉਹ ਸਭ ਬੈਕਫੁੱਟ ’ਤੇ ਆ ਜਾਣਗੇ। ਇਸ ਲਈ ਆਉਣ ਵਾਲਾ ਸਮਾਂ ਅਤੇ ਲੋਕ ਸਭਾ ਚੋਣਾਂ ਸਿਰਫ ਸੁਨੀਲ ਜਾਖੜ ਲਈ ਹੀ ਅਗਨੀ ਪ੍ਰੀਖਿਆ ਹੈ ਸਗੋਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਹੋਰ ਵੱਡੇ ਨੇਤਾਵਾਂ ਲਈ ਵੀ ਅਗਨੀ ਪ੍ਰੀਖਿਆ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਰਾਜਨੀਤੀ ’ਚ ਕੋਈ ਵੀ ਕਿਸੇ ਦੇ ਸਕਾ ਨਹੀਂ ਹੁੰਦਾ। ਫਿਰ ਪੰਜਾਬ ਵਿੱਚ ਬੀਜੇਪੀ ਦੀ ਪਹਿਲੀ ਲੀਡਰਸ਼ਿਪ ਇਹ ਕਦੇ ਚਾਹੇਗੀ ਕਿ ਸੁਨੀਲ ਜਾਖੜ ਪੰਜਾਬ ਵਿਚ ਭਾਜਪਾ ਦਾ ਪ੍ਰਧਾਨ ਬਣ ਕੇ ਉਨ੍ਹਾਂ ਨੂੰ ਹੇਠਲੇ ਪਾਏਦਾਨ ਵੱਲ ਧੱਕ ਦੇਣ। ਜਿਸ ਲਈ ਭਾਵੇਂ ਉਹ ਕੇਂਦਰੀ ਲੀਡਰਸਿਪ ਨੂੰ ਦਿਖਾਉਣ ਲਈ ਜਾਖੜ ਦਾ ਸਮਰਥਣ ਕਰੀ ਜਾਣ ਪਰ ਅੰਦਰੂਨੀ ਤੌਰ ਤੇ ਉਹ ਕਦੇ ਵੀ ਜਾਖੜ ਦੀ ਸਫਲਤਾ ਨਹੀਂ ਚਾਹੁਣਗੇ ਅਤੇ ਨਾ ਹੀ ਇਹ ਚਾਹੁਣਗੇ ਕਿ ਜਾਖੜ ਅਤੇ ਉਸਦੀ ਕਾਂਗਰਸ ਟੀਮ ਭਾਜਪਾ ਵਿੱਚ ਆਪਣਾ ਝੰਡਾ ਬੁਲੰਦ ਕਰਨ ਵਿਚ ਸਫਲ ਹੋਵੇ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੁਨੀਲ ਜਾਖੜ ਅਤੇ ਉਸਦੀ ਕਾਂਗਰਸ ਦੀ ਟੀਮ ਕਾਮਯਾਬ ਹੁੰਦੀ ਹੈ ਜਾਂ ਭਾਜਪਾ ਦੀ ਪੁਰਾਣੀ ਟੀਮ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੀ ਹੈ।
ਹਰਵਿੰਦਰ ਸਿੰਘ ਸੱਗੂ।