ਪਟਿਆਲਾ(ਲਿਕੇਸ ਸ਼ਰਮਾ )ਪੰਜਾਬੀ ਯੂਨੀਵਰਸਿਟੀ ਨੇ ਆਪਣੇ ਤਿੰਨ ਸਾਲਾ ਗ੍ਰੈਜੂਏਸ਼ਨ ਕੋਰਸਾਂ ਦੇ ਸਾਰੇ ਸਮੈਸਟਰਾਂ ਦੇ ਨਾਲ-ਨਾਲ ਕੁਝ ਪੋਸਟ ਗ੍ਰੈਜੂਏਸ਼ਨ ਕੋਰਸਾਂ ’ਚ ਵੀ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸ਼ੁੱਕਰਵਾਰ ਨੂੰ ਇੱਥੇ ਹੋਈ ਅਕਾਦਮਿਕ ਕੌਂਸਲ ਦੀ ਮੀਟਿੰਗ ਦੌਰਾਨ ਡੰਘੀ ਵਿਚਾਰ ਚਰਚਾ ਤੋਂ ਬਾਅਦ ਲਏ ਗਏ।
ਜ਼ਿਕਰਯੋਗ ਹੈ ਕਿ ਅਕਾਦਮਿਕ ਕੌਂਸਲ ਦੀ ਪਿਛਲੀ ਮੀਟਿੰਗ ਤੋਂ ਬਾਅਦ ਕੁੱਝ ਸਵਾਲ ਉੱਭਰੇ ਸਨ ਕਿ ਪੰਜਾਬੀ ਨੂੰ ਕਿਸ ਰੂਪ ’ਚ ਤੇ ਕਿਹੜੇ ਪੇਸ਼ੇਵਰ ਕੋਰਸ ’ਚ ਕਿੰਨਾ ਪੜ੍ਹਾਇਆ ਜਾਣਾ ਲੋੜੀਂਦਾ ਹੈ। ਇਸ ਮੀਟਿੰਗ ’ਚ ਇਸੇ ’ਤੇ ਚਰਚਾ ਤੋਂ ਬਾਅਦ ਇਹ ਫ਼ੈਸਲੇ ਲਏ ਗਏ ਸਨ। ਇਸ ਬੈਠਕ ’ਚ ਵੱਖ-ਵੱਖ ਪੰਜਾਬੀ ਭਲਾਈ ਸੰਗਠਨਾਂ ਦੇ ਨੁਮਾਇੰਦਿਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀਆਂ ਨੂੰ ਵਿਸੇਸ਼ ਸੱਦਾ ਦਿੱਤਾ ਗਿਆ ਸੀ। ਮੀਟਿੰਗ ਦੌਰਾਨ ਇਨ੍ਹਾਂ ਨੇ ਆਪਣੇ ਵਿਚਾਰ ਰੱਖੇ। ਡੂੰਘੀ ਵਿਚਾਰ ਚਰਚਾ ਤੋਂ ਬਾਅਦ ਲਏ ਗਏ ਫ਼ੈਸਲਿਆਂ ਮੁਤਾਬਕ ਯੂਨਵੀਰਸਿਟੀ ਦੇ ਬੀਏ, ਬੀਐੱਸਸੀ ਤੇ ਬੀਕਾਮ ਦੇ ਛੇ-ਛੇ ਦੇ ਸਮੈਸਟਰਾਂ ’ਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਵੇਗੀ। ਬੀਬੀਏ ਤੇ ਬੀਸੀਏ ’ਚ ਪਹਿਲੇ ਦੋ ਸਮੈਸਟਰਾਂ ’ਚ ਇਹ ਲਾਜ਼ਮੀ ਹੋਵੇਗੀ ਜਦਕਿ ਅਗਲੇ ਦੋ ਸਮੈਸਟਰਾਂ ’ਚ ਇਸ ਨੂੰ ਵਿਸ਼ੇ ਨਾਲ ਜੋੜ ਕੇ ਪੜ੍ਹਾਇਆ ਜਾਵੇਗਾ। ਇਸ ਤੋਂ ਇਲਾਵਾ ਕਾਨੂੰਨ ਵਿਸ਼ੇ ਦੇ ਪੰਜ ਸਾਲਾ ਕੋਰਸ ਦੌਰਾਨ ਹੁਣ ਪਹਿਲੇ ਤਿੰਨ ਸਮੈਸਟਰਾਂ ’ਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਵੇਗੀ। ਬੀ ਫਾਰਮੇਸੀ ਦੌਰਾਨ ਪਹਿਲੇ ਸਮੈਸਟਰ ’ਚ ਪੰਜਾਬੀ ਲਾਜ਼ਮੀ ਤੇ ਦੂਜੇ ਸਮੈਸਟਰ ’ਚ ਪੰਜਾਬੀ ਕੰਪਿਊਟਿੰਗ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ ਦਾ ਪਿਛਲੀ ਮੀਟਿੰਗ ਦਾ ਫ਼ੈਸਲਾ ਕਾਇਮ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਬੈਠਕ ਦੌਰਾਨ ਆਪਣੇ ਵਿਚਾਰ ਰੱਖਦਿਆਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਉੱਘੇ ਸ਼ਾਇਰ ਸੁਰਜੀਤ ਪਾਤਰ ਨੇ ਕਿਹਾ ਕਿ ਉਹ ਆਪਣੇ ਦਿਲ, ਜਾਨ ਤੇ ਰੂਹ ਤੋਂ ਪੰਜਾਬੀ ਬੋਲੀ ਪ੍ਰਤੀ ਆਪਣੇ ਫਰਜ਼ ਯਾਦ ਕਰਵਾਉਣ ਆਏ ਹਨ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਭਾਰ ਨਾਲ ਇਸ ਗੱਲ ਦੀ ਉਮੀਦ ਬੱਝੀ ਹੈ ਕਿ ਆਉਣ ਵਾਲੇ ਦੌਰ ’ਚ ਮਸ਼ੀਨ ਅਨੁਵਾਦ ਹੋਰ ਵਧੇਰੇ ਸਮਰੱਥ ਹੋ ਜਾਵੇਗਾ ਤੇ ਕਿਸੇ ਵੀ ਭਾਸ਼ਾ ’ਚ ਕਹੀ ਹੋਈ ਗੱਲ ਨੂੰ ਸਮਝਣਾ ਵਧੇਰੇ ਸਰਲ ਹੋ ਜਾਵੇਗਾ।