ਲੁਧਿਆਣਾ, 29 ਜੂਨ ( ਬਲਦੇਵ ਸਿੰਘ)-ਪੰਜਾਬ ਸਰਕਾਰ ਦੇ ਡ੍ਰੀਮ ਪ੍ਰਾਜੈਕਟ “ਸਕੂਲ ਆਫ ਐਮੀਨੈਂਸ” ਵਿੱਚ ਇੱਛਾ ਨਾ ਰੱਖਣ ਵਾਲੇ ਅਤੇ ਸਹਿਮਤੀ ਨਾ ਦੇਣ ਵਾਲੇ ਪ੍ਰਿੰਸੀਪਲਾਂ ਨੂੰ ਧੱਕੇ ਨਾਲ ਬਦਲੀ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮਿਤੀ 15-06-2023 ਨੂੰ ਜਾਰੀ ਕੀਤੀ ਗਈ ਪ੍ਰਿੰਸੀਪਲਾਂ ਦੀ ਸੂਚੀ ਵਿੱਚ ਲਗਭਗ 10-15 ਪ੍ਰਿੰਸੀਪਲਾਂ ਨਾਲ ਅਜਿਹਾ ਅਨਿਆਂ ਅਤੇ ਧੱਕਾ ਕੀਤਾ ਗਿਆ ਹੈ । ਬਿਨਾਂ ਸਹਿਮਤੀ ਲਏ ਐਮੀਨੈਂਸ ਸਕੂਲਾਂ ਵਿਚ ਪ੍ਰਿੰਸੀਪਲ ਤਾਇਨਾਤ ਕਰਨ ਨਾਲ ਇੱਕ ਪਾਸੇ ਤਾਂ ਉਹਨਾਂ ਦੇ ਆਪਣੇ ਸਕੂਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਅਤੇ ਦੂਸਰੇ ਪਾਸੇ ਉਹ ਅਣਮੰਨੇ ਮਨ ਨਾਲ ਐਮੀਨੈਂਸ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਚੰਗੀ ਤਰ੍ਹਾਂ ਪ੍ਰਦਾਨ ਨਹੀਂ ਕਰ ਸਕਣਗੇ। ਵਿਭਾਗ ਦੇ ਇਸ ਵਤੀਰੇ ਦਾ ਖਮਿਆਜ਼ਾ ਦੋਵੇਂ ਸਕੂਲਾਂ ਦੇ ਭੋਲ਼ੇ ਭਾਲ਼ੇ ਅਤੇ ਗਰੀਬ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ। ਇਸ ਨਾਲ ਸਰਕਾਰ ਦੇ ਸਕੂਲ ਆਫ ਐਮੀਨੈਂਸ ਦੇ ਪ੍ਰੋਜੈਕਟ ਦਾ ਸ਼ੁਰੂਆਤੀ ਪੱਧਰ ਤੇ ਹੀ ਪ੍ਰਭਾਵਿਤ ਹੋਣਾ ਸੁਭਾਵਿਕ ਹੈ। ਇੱਥੇ ਇਹ ਗੱਲ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਬਹੁਤ ਸਾਰੇ ਪ੍ਰਿੰਸੀਪਲਾਂ ਨੂੰ ਸਰਕਾਰੀ ਖਰਚੇ ਤੇ ਸਿੰਘਾਪੁਰ ਵਿਸ਼ੇਸ਼ ਟ੍ਰੇਨਿੰਗ ਲਈ ਭੇਜਿਆ ਗਿਆ ਅਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਭੇਜੇ ਗਏ ਪ੍ਰਿੰਸੀਪਲਾਂ ਦੀ ਚੋਣ ਵੀ ਵਿਵਾਦ ਚ ਰਹੀ ਹੈ ਕਿ ਚੋਣ ਅਸਰ ਰਸੂਖ ਨਾਲ ਹੋਈ। ਪ੍ਰਬੰਧ ਤੇ ਮੁਹਾਰਤ ਵਿਚ ਵਿਸ਼ੇਸ਼ ਟ੍ਰੇਨਿੰਗ ਪ੍ਰਾਪਤ ਇਨਾਂ ਪ੍ਰਿੰਸੀਪਲਾਂ ਨੂੰ ਸਕੂਲ ਆਫ ਐਮੀਨੈਂਸ ਵਿੱਚ ਤਾਇਨਾਤ ਕਰਕੇ ਇਹਨਾਂ ਦੇ ਵਿਸ਼ੇਸ਼ ਤਜਰਬੇ ਤੇ ਗਿਆਨ ਦਾ ਲਾਭ ਲਿਆ ਜਾਵੇ। ਇਸ ਨਾਲ ਜਿੱਥੇ ਧੱਕੇ ਨਾਲ ਤਾਇਨਾਤ ਕੀਤੇ ਪ੍ਰਿੰਸੀਪਲਾਂ ਨੂੰ ਮਾਨਸਿਕ ਤੌਰ ਤੇ ਰਾਹਤ ਮਿਲੇਗੀ ਉਥੇ ਸਰਕਾਰ ਵੱਲੋਂ ਇਨ੍ਹਾਂ ਦੀ ਟ੍ਰੇਨਿੰਗ ਤੇ ਖਰਚੇ ਕਰੋੜਾਂ ਰੁਪਏ ਸਾਰਥਿਕ ਬਣਨਗੇ। ਇਹ ਹੈਰਾਨੀਜਨਕ ਤੱਥ ਹੈ ਕਿ ਸਕੂਲ ਆਫ ਐਮੀਨੈਂਸ ਤੋਂ ਪਾਸਾ ਵੱਟਦੇ ਹੋਏ ਅਧਿਆਪਕ ਇੱਥੋਂ ਬਦਲੀਆਂ ਕਰਵਾ ਕੇ ਜਾ ਰਹੇ ਹਨ, ਇਸ ਦਾ ਤਾਜ਼ਾ ਸਬੂਤ ਪੰਜਾਬ ਸਰਕਾਰ ਵੱਲੋਂ ਮਿਤੀ 28-06-2023 ਨੂੰ ਜਾਰੀ ਕੀਤੇ ਗਏ ਪੱਤਰ ਅਨੁਸਾਰ ਦੂਸਰੇ ਜ਼ਿਲਿਆਂ ਵਿੱਚੋਂ ਵੀ ਲੈਕਚਰਾਰ ਅਤੇ ਕੰਪਿਊਟਰ ਫੈਕਲਟੀ ਨੂੰ ਬਿਨਾਂ ਕਿਸੇ ਸ਼ਰਤ ਟਰਾਂਸਫਰ ਪਾਲਿਸੀ ਦੇ ਨਿਯਮਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਟਰਾਂਸਫਰ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ। ਇਹ ਪ੍ਰਗਟਾਵਾ ਸੁਖਦੇਵ ਸਿੰਘ ਰਾਣਾ, ਸਰਪ੍ਰਸਤ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ, ਹਰਜੀਤ ਸਿੰਘ ਬਲਾੜ੍ਹੀ ਜ਼ਿਲਾ ਪ੍ਰਧਾਨ ਨੇ ਕੀਤਾ ਇਸ ਮੌਕੇ ਮਨਜੀਤ ਸਿੰਘ ਪੀਏਯੂ, ਹਰਜੀਤ ਸਿੰਘ ਰਤਨ, ਕੁਲਵਿੰਦਰ ਸਿੰਘ ਸੇਖੋਂ, ਸੁਸ਼ੀਲ ਕੌੜਾ, ਨਾਜਰ ਸਿੰਘ, ਬੀਰਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਅਰੁਣ ਕੁਮਾਰ, ਜਗਦੀਪ ਸਿੰਘ, ਸੁਖਦੇਵ ਸਿੰਘ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।