ਰਾਏਕੋਟ, 13 ਜੁਲਾਈ ( ਬੌਬੀ ਸਹਿਜਲ, ਧਰਮਿੰਦਰ )-ਬੀਤੇ ਦਿਨੀਂ ਰਾਏਕੋਟ ਦੇ ਡੀ.ਐੱਸ.ਪੀ ਰਛਪਾਲ ਸਿੰਘ ਦੀ ਅਗਵਾਈ ’ਚ ਥਾਣਾ ਸਦਰ ਰਾਏਕੋਟ ਦੇ ਇੰਚਾਰਜ ਐੱਸ.ਆਈ ਹਰਦੀਪ ਸਿੰਘ ਦੀ ਟੀਮ ਨੇ ਲੁੱਟ-ਖੋਹ ਅਤੇ ਚੋਰੀ ਕਰਨ ਵਾਲੇ ਗਰੋਹ ਦੇ 4 ਮੈਂਬਰਾਂ ਰਾਜਵਿੰਦਰ ਸਿੰਘ ਉਰਫ ਸੁੱਖਾ ਵਾਸੀ ਜਲਾਲਦੀਵਾਲ, ਬੂਟਾ ਸਿੰਘ ਉਰਫ਼ ਲਾਡੀ ਵਾਸੀ ਮਾਮਗੜ੍ਹ ਰੋਡ ਚੇਤਨ ਕਸਬਾ ਮਲੇਰਕੋਟਲਾ, ਜਸਵੰਤ ਸਿੰਘ ਉਰਫ਼ ਗੋਰਾ ਵਾਸੀ ਕੁੱਸਾ ਥਾਣਾ ਬੱਧਨੀ, ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਪਿੰਡ ਜੱਟਪੁਰਾ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਸਦਰ ਵਿਖੇ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕੋਲੋਂ 1 ਪਿਸਤੌਲ ਦੇਸੀ 12 ਬੋਰ (ਕੱਤਾ) ਅਤੇ 02 ਰੌਂਦ ਜਿੰਦਾ 12 ਬੋਰ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਮਾਰਕਾ ਹੀਰੋ ਸਪਲੈਡਰ ਅਤੇ 400 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਮਾਮਲੇ ਦੀ ਤਫ਼ਤੀਸ਼ ਦੌਰਾਨ ਇਨ੍ਹਾਂ ਵਲੋਂ ਰੋਮੂ ਫਿਲਿੰਗ ਸਟੇਸ਼ਨ ਪਿੰਡ ਭੈਣੀ ਬੜਿੰਗਾ੍ਹ, ਪੈਟਰੋਲ ਪੰਪ ਪਿੰਡ ਸ਼ੇਰਪੁਰ, ਕਿਸਾਨ ਸੇਵਾ ਕੇਂਦਰ ਪੰਪ ਰਸੂਲਪੁਰ, ਪੈਟਰੋਲ ਪੰਪ ਪਿੰਡ ਰਾਮਾਂ ਥਾਣਾ ਬੱਧਨੀ ਕਲਾਂ, ਪੈਟਰੋਲ ਪੰਪ ਨਿਹਾਲ ਸਿੰਘ ਵਾਲਾ, ਪੈਟਰੋਲ ਪੰਪ ਹਰੀ ਸਿੰਘ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਕਬੂਲ ਕੀਤਾ। ਇਸ ਤੋਂ ਇਲਾਵਾ ਇਨ੍ਹਾਂ ਨੇ ਪਿੰਡ ਤਲਵੰਡੀ ਰਾਏ ਵਿੱਚ ਇੱਕ ਵਿਅਕਤੀ ਤੋਂ 3000 ਰੁਪਏ ਅਤੇ ਇੱਕ ਮੋਬਾਈਲ ਫੋਨ ਖੋਹਣ ਦੀ ਗੱਲ ਵੀ ਕਬੂਲੀ ਹੈ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਚੋਰੀ ਅਤੇ ਡਕੈਤੀ ਦੇ ਕੇਸ ਦਰਜ ਹਨ। ਜਿਨ੍ਹਾਂ ਵਿੱਚੋਂ ਜਸਵੰਤ ਸਿੰਘ ਖ਼ਿਲਾਫ਼ 2 ਕੇਸ, ਅਰਸ਼ਦੀਪ ਸਿੰਘ ਖ਼ਿਲਾਫ਼ 3 ਕੇਸ, ਰਾਜਵਿੰਦਰ ਸਿੰਘ ਖਿਲਾਫ਼ 1 ਕੇਸ ਅਤੇ ਬੂਟਾ ਸਿੰਘ ਖ਼ਿਲਾਫ਼ 4 ਕੇਸ ਦਰਜ ਹਨ। ਮੁਲਜ਼ਮ ਜਸਵੰਤ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਰਾਜਸਥਾਨ ਵਿੱਚ ਇਕ ਕਤਲ ਵੀ ਕੀਤਾ ਹੈ। ਜਿਸ ਵਿੱਚ ਪਿਲੀਅਨ ਬੰਗਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਦੀ ਪੁਲਿਸ ਨੂੰ ਵੀ ਉਸਦੀ ਤਲਾਸ਼ ਹੈ। ਇਸ ਸੰਬੰਧੀ ਥਾਣਾ ਸਦਰ ਰਾਏਕੋਟ ਦੇ ਇੰਚਾਰਜ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਨੇ ਰਾਜਸਥਾਨ ਵਿਚ ਜਗਸੀਰ ਸਿੰਘ ਨਿਵਾਸੀ ਪਿੰਡ ਪੱਤੋ ਅਤੇ ਲਵੀ ਪਿੰਡ ਡਾਲਾ ਜਿਲਾ ਮੋਗਾ ਨਾਲ ਮਿਲ ਕੇ ਕਤਲ ਕੀਤਾ ਸੀ। ਉਸ ਵਿਅਕਤੀ ਦਾ ਜਗਸੀਰ ਸਿੰਘ ਨਾਲ ਕੋਈ ਝਗੜਾ ਸੀ। ਉਸ ਕਤਲ ਕੇਸ ਵਿਚ ਜਗਸੀਰ ਸਿੰਘ ਅਤੇ ਲਵੀ ਪਹਿਲਾਂ ਹੀ ਗਿ੍ਰਫਤਾਰ ਹੋ ਚੁੱਕੇ ਹਨ ਅਤੇ ਜਸਵੰਤ ਸਿੰਘ ਫਰਾਰ ਚਲਿਆ ਆ ਰਿਹਾ ਸੀ। ਇਨ੍ਹਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਤੋਂ ਲੁੱਟ-ਖੋਹ ਦੀਆਂ ਹੋਰ ਵਾਰਦਾਤਾਂ ਦਾ ਪਤਾ ਲੱਗਣ ਦੀ ਸੰਭਾਵਨਾ ਹੈ।