ਲੁਧਿਆਣਾ, 14 ਜੁਲਾਈ ( ਵਿਕਾਸ ਮਠਾੜੂ)-2 ਲੱਖ 74 ਹਜ਼ਾਰ ਕਿਲੋ ਮੀਟਰ ਦੀ ਪੈਦਲ ਭਾਰਤ ਯਾਤਰਾ ਦਾ ਟੀਚਾ ਰੱਖ ਕੇ ਵਿਸ਼ਵ ਰਿਕਾਰਡ ਬਨਾਉਣ ਲਈ 13 ਸਤੰਬਰ 2022 ਨੂੰ ਆਪਣੇ ਪਿੰਡ ਰਾਮ ਸਹਾਏ ਪੁਰ, ਜਿਲ੍ਹਾ ਕੁਸਾਵੀ, ਉੱਤਰ ਪ੍ਰਦੇਸ਼ ( ਯੂ ਪੀ) ਤੋਂ ਨਿਕਲੇ ਅਤੇ ਅੱਜ ਸਵੇਰੇ ਦੇਸ਼ ਦੇ 6 ਸੂਬਿਆਂ ਦੀ 36800 ਕਿਲੋ ਮੀਟਰ ਪੈਦਲ ਯਾਤਰਾ ਕਰ ਚੁੱਕੇ 24 ਸਾਲਾ ਨੌਜਵਾਨ ਗੌਰਵ ਮਾਲਵੀਆ ਦਾ ਪ੍ਰਸਿੱਧ ਲੇਖਕ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੇ ਭਤੀਜੇ ਦਾਖਾ ਪਿੰਡ ਦੇ ਜੰਮਪਲ ਪ੍ਰਵਾਸੀ ਪੰਜਾਬੀ ਜਗਮੋਹਨ ਸਿੰਘ ਸੇਖੋਂ (ਟੋਰੰਟੋ) ਸਪੁੱਤਰ ਮਲਕੀਅਤ ਸਿੰਘ ਸੇਖੋਂ ਅਤੇ ਡਾ਼ ਪਰਮਿੰਦਰ ਸਿੰਘ ਸੇਖੋਂ (ਪੀਏ ਯੂ)ਵੱਲੋਂ ਬਾੜੇਵਾਲ (ਲੁਧਿਆਣਾ)ਵਿਖੇ ਨਿੱਘਾ ਸਵਾਗਤ ਕੀਤਾ ਗਿਆ।ਜਗਮੋਹਨ ਸਿੰਘ ਸੇਖੋਂ ਜਿਹੜੇ ਹਰ ਸਾਲ ਇਨ੍ਹਾਂ ਦਿਨਾਂ ਵਿੱਚ ਕੈਨੇਡਾ ਤੋਂ ਪੰਜਾਬ ਆ ਕੇ ਮੁਫ਼ਤ ਫਲਦਾਰ ਬੂਟੇ ਵੱਡੀ ਪੱਧਰ ਤੇ ਵੰਡਦੇ ਤੇ ਲੁਆਉਂਦੇ ਹਨ ਉਨ੍ਹਾਂ ਨੂੰ ਗੌਰਵ ਮਾਲਵੀਆ ਬੀਤੇ ਦਿਨੀਂ ਮੋਗਾ ਤੋਂ ਲੁਧਿਆਣਾ ਮੁੱਖ ਮਾਰਗ ਤੇ ਪੈਦਲ ਯਾਤਰਾ ਕਰਦੇ ਨੂੰ ਮਿਲਿਆ ਤੇ ਸੇਖੋਂ ਸਾਹਿਬ ਨੇ ਉਸ ਨੂੰ ਆਪਣੀ ਕੋਠੀ ਵਿੱਖੇ ਆਉਣ ਦਾ ਸੱਦਾ ਦਿੱਤਾ ਸੀ। ਗੌਰਵ ਤੋਂ ਉਸਦੀ ਭਾਰਤ ਯਾਤਰਾ ਦੀ ਮਿਲੀ ਹੋਰ ਜਾਣਕਾਰੀ ਵਿੱਚ ਉਸਨੇ ਦੱਸਿਆ ਕਿ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਸਲੈਕਟ ਨਹੀਂ ਹੋ ਸਕਿਆ ਤੇ ਫੇਰ ਉਸਦੇ ਮਨ ਵਿਚ ਆਇਆ ਕਿ ਉਹ ਦੇਸ ਦੀ ਸਰਹੱਦ ਤੇ ਤਾਂ ਸੇਵਾ ਕਰਨ ਤੋਂ ਤਾਂ ਰਹਿ ਗਿਆ ਪਰ ਉਹ ਦੇਸ ਦਾ ਨਾਮ ਚਮਕਾਉਣ ਲਈ ਪੈਦਲ ਯਾਤਰਾ ਦਾ ਵਿਸ਼ਵ ਰਿਕਾਰਡ ਬਣਾਏਗਾ ਜਿਸ ਲਈ ਉਸਨੇ 2 ਲੱਖ 74000 ਕਿਲੋ ਮੀਟਰ ਪੈਦਲ ਯਾਤਰਾ ਦਾ ਟੀਚਾ ਮਿੱਥਿਆ ਹੈ। ਹੁਣ ਤੱਕ ਯੂ ਪੀ, ਉੱਤਰਾਖੰਡ, ਹਿਮਾਚਲ, ਲੇਹ ਲੱਦਾਖ ਜੰਮੂ ਕਸ਼ਮੀਰ, ਰਾਜਸਥਾਨ ਤੇ ਹੁਣ ਪੰਜਾਬ ਦੇ ਕਈ ਜਿਲ੍ਹਿਆਂ ਦੀ ਪੈਦਲ ਯਾਤਰਾ ਕਰਦਾ ਹੋਇਆ ਲੁਧਿਆਣੇ ਜਿਲ੍ਹੇ ਵਿੱਚ ਆਇਆ ਹੈ ਤੇ 2029 ਤੱਕ ਓਹ ਆਪਣਾ ਇਹ ਵਿਸ਼ਵ ਰਿਕਾਰਡ ਬਣਾਏਗਾ।
ਗੌਰਵ ਰੋਜ਼ਾਨਾ 35 ਤੋਂ 40 ਕਿਲੋ ਭਾਰ ਆਪਣੇ ਨਾਲ ਚੱਕ ਕੇ 70 ਤੋਂ 80 ਕਿਲੋ ਮੀਟਰ ਤੁਰਕੇ ਸਫ਼ਰ ਕਰਦਾ ਹੈ। ਉਸਨੇ ਦੱਸਿਆ ਕਿ ਕਈ ਲੋਕ ਉਸਨੂੰ ਆਪਣੇ ਘਰ ਠਹਿਰਨ ਲਈ ਕਹਿੰਦੇ ਹਨ ਪਰ ਉਹ ਆਪਣੇ ਟੀਚੇ ਨੂੰ ਮੁੱਖ ਰੱਖਦੇ ਹੋਏ ਮੁਆਫੀ ਮੰਗ ਲੈਂਦਾ ਹੈ। ਉਸਨੇ ਦੱਸਿਆ ਕਿ ਉਸਨੂੰ ਯਾਤਰਾ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਆਪਣੇ ਇਰਾਦੇ ਤੇ ਪੂਰੀ ਤਰ੍ਹਾਂ ਪੱਕਾ ਹੈ। ਉਸਨੇ ਆਪਣੀ ਚੱਲ ਰਹੀ ਇਸ ਯਾਤਰਾ ਦੇ ਟੀਚੇ ਨੂੰ ਸਰ ਕਰਨ ਦੇ ਇਕ – ਡੇਢ ਮਹੀਨੇ ਉਪਰੰਤ ਹੀ ਇਕ ਹੋਰ ਨਵੇਂ ਵਿਸ਼ਵ ਰਿਕਾਰਡ ਦਾ ਟੀਚਾ ਵੀ ਰੱਖਿਆ ਹੈ ਜਿਸ ਤਹਿਤ ਓਹ ਇਕ ਅਫਰੀਕਨ ਵਿਅਕਤੀ ਤੇ ਉਲੰਪਿਕ ਜੇਤੂ 36 ਸਾਲਾ ਹੁਸੈਨ ਬੋਲਟ ਜਿਸਨੇ 1986 ਵਿੱਚ ਇੱਕ ਦਿਨ ਵਿੱਚ 209 ਕਿਲੋ ਮੀਟਰ ਪੈਦਲ ਤੁਰਨ ਦਾ ਰਿਕਾਰਡ ਬਣਾਇਆ ਸੀ ਉਸਦਾ ਰਿਕਾਰਡ ਵੀ ਤੋੜੇਗਾ। ਬੀਤੀ ਸ਼ਾਮ ਸ੍ਰ ਜਗਮੋਹਨ ਸਿੰਘ ਸੇਖੋਂ ਵੱਲੋਂ ਉਸਨੂੰ ਯਾਤਰਾ ਲਈ ਜਿੱਥੇ ਲੋੜੀਦਾ ਸਮਾਨ ਟੈਂਟ, ਬੈਗ, ਬੂਟ ਆਦਿ ਲੈਕੇ ਦਿੱਤੇ ਗਏ ਉਥੇ ਜਗਮੋਹਨ ਸਿੰਘ ਸੇਖੋਂ ਅਤੇ ਡਾਕਟਰ ਪਰਮਿੰਦਰ ਸਿੰਘ ਸੇਖੋਂ ਨੇ ਉਸਦੇ ਖਾਤੇ ਵਿੱਚ ਕੁਝ ਵਿੱਤੀ ਸਹਾਇਤਾ ਨਾਲ ਉਸਦੀ ਹੌਸਲਾ ਅਫ਼ਜ਼ਾਈ ਕੀਤੀ। ਪ੍ਰਵਾਸੀ ਪੰਜਾਬੀ ਜਗਮੋਹਨ ਸਿੰਘ ਸੇਖੋਂ ਦੇ ਗ੍ਰਹਿ ਵਿਖੇ ਰਾਤ ਗੁਜਾਰਨ ਉਪਰੰਤ ਅੱਜ ਗੌਰਵ ਮਾਲਵੀਆ ਨੇ ਆਪਣੀ ਇਹ ਯਾਤਰਾ ਬਾੜੇਵਾਲ ਤੋਂ ਅੱਗੇ ਜਾਰੀ ਕੀਤੀ।