ਪੰਜਾਬ ’ਚ ਨਸ਼ਾ ਹੁਣ ਇੱਕ ਨਾਸੁਰ ਬਣ ਗਿਆ ਹੈ। ਜਿਸ ਨੇ ਹਜ਼ਾਰਾਂ ਨੌਜਵਾਨ ਬੱਚਿਆਂ ਦੀ ਜਾਨ ਲੈ ਲਈ ਹੈ। ਹਜ਼ਾਰਾਂ ਭੈਣਾਂ ਦੀ ਭਰਾਵਾਂ ਨਾਲ ਹਸਰਤ ਮੁੱਕ ਗਈ, ਮਾਵਾਂ ਦੀਆਂ ਗੋਦ ਸੁੰਨੀਆਂ ਹੋ ਗਈਆਂ ਅਤੇ ਮੁਟਿਆਰਾਂ ਦੇ ਸਿਰ ਤੋਂ ਪਤੀ ਦਾ ਅਤੇ ਬੱਚਿਆਂ ਦੇ ਸਿਰਾਂ ਤੋਂ ਬਾਪ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ। ਇਹ ਸਿਲਸਿਲਾ ਇੱਜ ਵੀ ਰੁਕਿਆ ਨਹੀਂ ਹੈ ਸਗੋਂ ਇਸਦਾ ਰਫਤਾਰ ਹੋਰ ਵੀ ਤੇਜ ਹੋ ਰਹੀ ਹੈ। ਰਾਜਨੀਤਿਕ ਪਾਰਟੀਆਂ ਵੱਲੋਂ ਇਸ ਨਸ਼ੇ ਨੂੰ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਪਰ ਸਭ ਬੇ ਮਾਅਨੇ ਰਹੇ। ਤਰਨਤਾਰਨ ਵਿੱਚ ਅਜਿਹੀ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਜਿਸ ਵਿੱਚ ਇੱਕ ਪਿਤਾ ਨੇ ਆਪਣੇ ਹੀ ਨਸ਼ੇੜੀ ਪੁੱਤਰ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਪੰਜਾਬ ਵਿਚ ਨਸ਼ੇ ਕਾਰਨ ਮੱਚੀ ਹੋਈ ਤਬਾਹੀ ਲਦੀ ਮੂੰਹ ਬੋਲਦੀ ਅਤੇ ਭਿਆਨਕ ਤਸਵੀਰ ਹੈ। ਪਿਓ ਪੁੱਤਰ ਦਾ ਰਿਸ਼ਤਾ ਅਜਿਹਾ ਰਿਸ਼ਤਾ ਹੁੰਦਾ ਹੈ ਕਿ ਪੁੱਤ ਭਾਵੇਂ ਕਿਹੋ ਜਿਹਾ ਕਿਉਂ ਨਾ ਹੋਵੇ ਪਰ ਪਿਓ ਉਸਦਾ ਕਦੇ ਵੀ ਕਤਲ ਨਹੀਂ ਕਰ ਸਕਦਾ। ਤਰਨ ’ਚ, ਜਿਸ ’ਚ ਨਸ਼ੇੜੀ ਪੁੱਤ ਦਾ ਪਿਓ ਨੇ ਕਤਲ ਕੀਤਾ ਉਹ ਨਸ਼ੇ ਵਿਚ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਹੀ ਇੰਨਾਂ ਕਰ ਰਿਹਾ ਸੀ ਕਿ ਉਸਦੇ ਪਿਓ ਨੂੰ ਹੀ ਉਸਦਾ ਕਤਲ ਕਰਨਾ ਪਿਆ। ਪੰਜਾਬ ਦੇ ਜ਼ਿਆਦਾਤਰ ਘਰਾਂ ’ਚ ਹੁਣ ਇਹ ਹਾਲਤ ਨਸ਼ੇੜੀ ਪੁੱਤਾਂ ਕਾਰਨ ਬਣ ਚੁੱਕੇ ਹਨ। ਚਿੱਟਾ ਨਸ਼ਾ ਪੰਜਾਬ ਨੂੰ ਦੀਮਕ ਵਾਂਗ ਖਾ ਰਿਹਾ ਹੈ। ਇੱਕ ਵਾਰ ਇਸ ਦੇ ਜਾਲ ਵਿੱਚ ਫਸ ਗਿਆ ਤਾਂ ਉਹ ਕਦੇ ਵੀ ਆਪਣੇ ਆਪ ਨੂੰ ਮੁਕਤ ਨਹੀਂ ਕਰ ਸਕਦਾ। ਮਾਪਿਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਕੁਝ ਵੀ ਕਰਨ ਤੋਂ ਅਸਮਰੱਥ ਹਨ ਅਤੇ ਆਪਣੇ ਪੁੱਤ ਨੂੰ ਰੋਜਾਨਾ ਮੌਤ ਦੇ ਮੂੰਹ ਵਿਚ ਜਾਂਦੇ ਹੋਏ ਦੇਖ ਰਹੇ ਹਨ। ਅਜਿਹੇ ਕਈ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿੱਥੇ ਮਾਪੇ ਆਪਣੇ ਨਸ਼ੇੜੀ ਪੁੱਤ ਦੀ ਮਦਦ ਕਰਦੇ ਹਨ ਅਤੇ ਉਸ ਨੂੰ ਜਿਊਂਦਾ ਰੱਖਣ ਲਈ ਉਹ ਨਸ਼ੇ ਦਾ ਪ੍ਰਬੰਧ ਖੁਦ ਕਰਕੇ ਦਿੰਦੇ ਹਨ। ਇਸ ਤਰ੍ਹਾਂ ਘਰ ਬਰਬਾਦ ਹੋ ਰਹੇ ਹਨ। ਪਰ ਇਸਦੇ ਬਾਵਜੂਦ ਵੀ ਪੰਜਾਬ ਵਿੱਚ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਸ਼ਿਆਂ ਦੀ ਦਲਦਲ ’ਚ ਫਸੇ ਨੌਜਵਾਨਾਂ ਨੂੰ ਘਰੋਂ ਪੈਸੇ ਮਿਲਣੇ ਬੰਦ ਹੋ ਜਾਂਦੇ ਹਨ, ਜਾਂ ਜਿੱਥੇ ਉਹ ਘਰ ਦਾ ਸਾਰਾ ਸਾਮਾਨ ਵੇਚ ਚੁੱਕੇ ਹੁੰਦੇ ਹਨ ਤਾਂ ਉਸਤੋਂ ਬਾਅਦ ਉਹ ਲੁੱਟ-ਖੋਹ ਵੱਲ ਵਧਦੇ ਹਨ। ਪੰਜਾਬ ’ਚ ਜਿੰਨੇ ਵਾਹਨ ਚੋਰੀ ਹੋ ਜਾਂਦੇ ਹਨ ਅਤੇ ਔਰਤਾਂ ਦੇ ਗਹਿਣੇ ਖੋਹ ਲਏ ਜਾਂਦੇ ਹਨ ਇਹ ਸਭ ਇਨ੍ਹਾਂ ਨਸ਼ੇੜੀਆਂ ਦਾ ਹੀ ਕੰਮ ਹੈ। ਆਪਣੀ ਨਸ਼ੇ ਦੀ ਪੂਰਤੀ ਲਈ ਅਜਿਹੇ ਅਪਰਾਧਾਂ ਨੂੰ ਅੰਜਾਮ ਦੇ ਕੇ ਹੋਰ ਅੱਗੇ ਵਧਦੇ ਜਾਂਦੇ ਹਨ। ਦੁਖੀ ਮਾਪੇ ਚੁੱਪ ਰਹਿਣ ਲਈ ਮਜਬੂਰ ਹੁੰਦੇ ਹਨ। ਇਸ ਤੋਂ ਇਲਾਵਾ ਉਹ ਕੁਝ ਵੀ ਕਰਨ ਤੋਂ ਅਸਮਰੱਥ ਹਨ। ਇਸ ਲਈ ਸਰਕਾਰ ਨੂੰ ਨਸ਼ਿਆਂ ’ਤੇ ਰੋਕ ਲਗਾਉਣ ਦੇ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਗੰਭੀਰਤਾ ਨਾਲ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਇਸ ਲਈ ਪੰਜਾਬ ’ਚ ਰਾਜਨੀਤਿਕ , ਨਸ਼ਾ ਤਸਕਰਾਂ ਅਤੇ ਪੁਲਿਸ ਦੇ ਗਠਜੋੜ ਨੂੰ ਤੋੜਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਇਕੱਲੇ ਇਸ ਕੰਮ ਲਈ ਸਰਕਾਰ ਤੇ ਉਮੀਦ ਲਗਾਉਣਾ ਪੂਰੀ ਤਰ੍ਹਾਂ ਨਾਲ ਮੂਰਖਤਾ ਹੈ। ਇਸ ਮਾਮਲੇ ’ਚ ਸਰਕਾਰ ਦੇ ਨਾਲ ਨਾਲ ਸਾਡੀ ਵੀ ਸਭ ਦੀ ਜਿੰਮੇਵਾਰੀ ਬਣਦੀ ਹੈ। ਅਸੀਂ ਨਸ਼ਿਆਂ ਵਿਰੁੱਧ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਈਏ। ਪੰਜਾਬ ਵਿਚ ਪਿੰਡ ਪੱਧਰ ਤੇ ਨਸ਼ੇ ਦੇ ਖਿਲਾਫ ਕਮੇਟੀਆਂ ਬਨਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਸ ਸਿਲੱਸਲੇ ਨੂੰ ਹੇਠਲੇ ਪੱਧਰ ਤੋਂ ਲੈ ਕੇ ਸ਼ਹਿਰਾਂ ਦੇ ਮੁਬਲਿਆਂ ਤੱਕ ਲੈ ਕੇ ਜਾਣਾ ਚਾਹੀਦਾ ਹੈ। ਪੰਜਾਬ ਦੇ ਹਰ ਕੰਮ ਅਤੇ ਸ਼ਹਿਰ ਦੇ ਹਰ ਮੁਹੱਲੇ ਅਤੇ ਸਮਾਜ ਵਿੱਚ ਰੁਤਬਾ ਰੱਖਣ ਵਾਲੇ, ਪੰਚਾਇਤ ਮੈਂਬਰ, ਸਰਪੰਚ, ਬਲਾਕ ਸੰਮਤੀ ਮੈਂਬਰ, ਜਿਲਾ ਪ੍ਰੀਸ਼ਦ ਮੈਂਬਰ, ਨੰਬਰਦਾਰ ਅਤੇ ਸ਼ਹਿਰਾਂ ਵਿੱਚ ਕੌਂਸਲਰਾਂ ਤੱਕ ਨੂੰ ਇਸ ਮੁਹਿਮ ਦਾ ਹਿੱਸਾ ਬਣਾਇਆ ਜਾਵੇ। ਇਹ ਲਾਜਮੀ ਹੋਵੇ ਕਿ ਇਹ ਸਭ ਲੋਕ ਕਿਸੇ ਵੀ ਨਸ਼ੇੜੀ ਜਾਂ ਨਸ਼ਾ ਵੇਚਣ ਵਾਲੇ ਦੀ ਜਮਾਨਤ ਨਹੀਂ ਕਰਵਾਉਣਗੇ। ਫਿਰ ਕੁਝ ਹੱਦ ਤੱਕ ਅਸੀਂ ਨਸ਼ੇ ਤੇ ਕਾਬੂ ਪਾ ਸਕਦੇ ਹਾਂ। ਇਸ ਨਾਲ ਜੇਕਰ ਵਕੀਲ ਭਾਈਚਾਰਾ ਵੀ ਤੈਅ ਕਰੇ ਕਿ ਉਹ ਕਿਸੇ ਵੀ ਨਸ਼ੇੜੀ ਜਾਂ ਨਸ਼ਾ ਤਸਕਰ ਦਾ ਕੇਸ ਨਹੀਂ ਲੜਣਗੇ ਤਾਂ ਅਸੀਂ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਅਸੀਂ ਸਾਰੇ ਰਲ ਕੇ ਇਸ ਗੰਭੀਰ ਬਿਮਾਰੀ ਨੂੰ ਕਾਬੂ ਕਰ ਸਕਦੇ ਹਾਂ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਾਂਗੇ।
ਹਰਵਿੰਦਰ ਸਿੰਘ ਸੱਗੂ।