ਮਾਲੇਰਕੋਟਲਾ 3 ਸਤੰਬਰ ( ਬੌਬੀ ਸਹਿਜਲ, ਧਰਮਿੰਦਰ)-ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾ ਵਿੱਚ ਸਵੀਪ ਗਤੀਵਿਧੀ ਤਹਿਤ ਸਥਾਨਕ ਜਾਕਿਰ ਹੁਸੈਨ ਸਟੇਡੀਅਮ ਵਿਖੇ ਜ਼ਿਲ੍ਹੇ ਦੇ ਨੌਜਵਾਨ ਵੋਟਰਾਂ ਨੂੰ ਨਵੀਂ ਵੋਟ ਬਣਾਉਣ ਅਤੇ ਭਾਰਤ ਦੇ ਚੋਣ ਕਮਿਸ਼ਨ ਵਲੋਂ ਤਿਆਰ ਆਈ.ਟੀ.ਐਪਲੀਕੇਸ਼ਨਾਂ/ ਐਪਾਂ ਦੀ ਜਾਣਕਾਰੀ ਦੇਣ ਲਈ ” ਖੇਡਾਂ ਵਤਨ ਪੰਜਾਬ ਦੀਆਂ ” ਸੀਜ਼ਨ-2 ਦੌਰਾਨ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਅਤੇ ਖੇਡ ਮੁਕਾਬਲਿਆਂ ਨੂੰ ਵੇਖਣ ਆਏ ਨੌਜਵਾਨਾਂ ਜਿਨ੍ਹਾਂ ਦੀ ਅਜੇ ਤੱਕ ਵੋਟ ਨਹੀਂ ਬਣੀ, ਨੂੰ ਵੋਟ ਬਣਾਉਣ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ।ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਨਵੀਂ ਵੋਟ ਬਣਾਉਣ ,ਵੋਟ ਪ੍ਰਤੀਸ਼ਤ ਵਧਾਉਣ ਨੂੰ ਲੈ ਕੇ ਸਵੀਪ ਗਤੀਵਿਧੀਆਂ ਲਗਾਤਾਰ ਉਲੀਕੀਆਂ ਜਾ ਰਹੀਆਂ ਹਨ ਤਾਂ ਜੋ ਸਮਾਜ ਦੇ ਹਰ ਵਰਗ ਦੇ ਵੋਟਰ ਤੱਕ ਵੱਖ-ਵੱਖ ਸਾਧਨਾਂ ਰਾਹੀਂ ਪਹੁੰਚ ਕੇ ਉਨ੍ਹਾਂ ਨੂੰ ਵੋਟ ਬਣਾਉਣ ਤੋਂ ਲੈ ਕੇ ਵੋਟ ਪਾਉਣ ਤੱਕ ਲਈ ਪ੍ਰੇਰਿਤ ਕੀਤਾ ਜਾ ਸਕੇ ।
ਰਜਿਸਟ੍ਰੇਸ਼ਨ ਆਫ਼ ਇਲੈਕਟਰਸ ਵਿੱਚ ਸੋਧ ਕਰਨ ਉਪਰੰਤ ਹੁਣ 01 ਅਗਸਤ 2022 ਤੋਂ ਚਾਰ ਯੋਗਤਾ ਮਿਤੀਆਂ 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਦੀ ਵਿਵਸਥਾ ਕੀਤੀ ਗਈ ਹੈ । ਪਿਛਲੇ ਨਿਯਮਾਂ ਅਨੁਸਾਰ 01 ਜਨਵਰੀ ਨੂੰ ਯੋਗਤਾ ਮਿਤੀ ਵਜੋਂ ਲਿਆ ਜਾਂਦਾ ਸੀ ਅਤੇ 01 ਜਨਵਰੀ ਤੋਂ ਬਾਅਦ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨਾਗਰਿਕਾਂ ਨੂੰ ਵੋਟਰ ਵਜੋਂ ਅਪਲਾਈ ਕਰਨ ਲਈ ਅਗਲੇ ਸਾਲ ਦੀ ਉਡੀਕ ਕਰਨੀ ਪੈਂਦੀ ਸੀ। ਹੁਣ ਰਜਿਸਟ੍ਰੇਸ਼ਨ ਨਿਯਮ ਵਿੱਚ ਸੋਧ ਨਾਲ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੇ 1 ਸਾਲ ਵਿੱਚ 4 ਮੌਕੇ ਮਿਲਣਗੇ। ਜਿਹੜੇ ਨਾਗਰਿਕ ਜਨਵਰੀ ਵਿੱਚ 18 ਸਾਲ ਪੂਰੇ ਨਹੀਂ ਕਰਦੇ, ਉਹ ਐਡਵਾਂਸ ਵਿੱਚ 01 ਅਪ੍ਰੈਲ ਨੂੰ ਅਪਲਾਈ ਕਰ ਸਕਦੇ ਹਨ । ਇਸ ਮੌਕੇ ਉਨ੍ਹਾਂ ਨੌਜਵਾਨ ਖਿਡਾਰੀਆਂ ,ਕੋਚਾ ਆਦਿ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੇਕਰ ਕੋਈ ਨਵੀਂ ਵੋਟ ਬਣਾਉਣਾ ਚਾਹੁੰਦਾ ਹੈ, ਤਾਂ ਉਹ ਚੋਣ ਕਮਿਸ਼ਨ ਦੀ ਵੋਟਰ ਹੈਲਪਲਾਈਨ ’ਤੇ ਜਾ ਕੇ ਆਪਣੀ ਵੋਟ ਬਣਵਾ ਸਕਦਾ ਹੈ। ਇਸ ਤੋਂ ਇਲਾਵਾ ਵੋਟ ਵਿਚ ਸੁਧਾਈ ਵੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਵਲੋਂ ਤਿਆਰ ਕੀਤੀਆਂ ਆਈ.ਟੀ ਐਪਲੀਕੇਸ਼ਨਾਂ/ਐਪ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ।