Home crime ਨਾਂ ਮੈਂ ਕੋਈ ਝੂਠ ਬੋਲਿਆ…?ਸੰਜੇ ਸਿੰਘ ਦੀ ਗ੍ਰਿਫਤਾਰੀ ਬਨਾਮ ਆਮ ਆਦਮੀ ਪਾਰਟੀ

ਨਾਂ ਮੈਂ ਕੋਈ ਝੂਠ ਬੋਲਿਆ…?
ਸੰਜੇ ਸਿੰਘ ਦੀ ਗ੍ਰਿਫਤਾਰੀ ਬਨਾਮ ਆਮ ਆਦਮੀ ਪਾਰਟੀ

34
0


ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਰਾਜਨੀਤਿਕ ਪਾਰਾ ਤੇਜੀ ਨਾਲ ਚੜ੍ਹ ਰਿਹਾ ਹੈ। ਰੋਜਾਨਾ ਹੀ ਗਰਮ ਦਰਮ ਕਾਰਵਾਈਆਂ ਰਾਜਨੀਤਿਕ ਪੱਧਰ ਤੇ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਵਿੱਚ ਹਰ ਪਾਰਟੀ ਆਪਣੇ ਆਪ ਨੂੰ ਲੋਕ ਸਭਾ ਚੋਣਾਂ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਵਿਰੋਧੀ ਪਾਰਟੀਆਂ ਸੱਤਾਧਾਰੀ ਪਾਰਟੀ ਦੇ ਖਿਲਾਫ ਏਕਤਾ ਲਈ ਜ਼ੋਰ ਅਜਮਾਇਸ਼ ਕਰ ਰਹੀਆਂ ਹਨ ਅਤੇ ਸੱਤਾਧਾਰੀ ਪਾਰਟੀ ਤੇ ਇਸ ਏਕਤਾ ਨੂੰ ਤੋੜਣ ਲਈ ਸਰਕਾਰੀ ਏਜੰਸੀਆਂ ਦੇ ਦੁਰਉਪੋਯਗ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਦਰਅਸਲ ਇਹ ਚਲਾਨ ਆਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਅਤੇ ਹੁਣ ਤੱਕ ਬਾਦਸਤੂਰ ਜਾਰੀ ਹੈ। ਜਦੋਂ ਤੋਂ ਕੇਂਦਰ ਵਿਚ ਭਾਜਪਾ ਸਰਕਾਰ ਆਈ ਹੈ ਉਦੋਂ ਤੋਂ ਹੀ ਉਸਦਾ ਖਾਸ ਪ੍ਰੇਮ ਆਮ ਆਦਮੀ ਪਾਰਟੀ ਨਾਲ ਦਿਖਾਈ ਦੇ ਰਿਹਾ ਹੈ। ਜਿਸ ਵਿੱਚ ਕੇਂਦਰ ਵੱਲੋਂ ਦਿੱਲੀ ਸਰਕਾਰ ਨੂੰ ਪਰੇਸ਼ਾਨ ਕਰਨ ਵਾਲੇ ਫੈਸਲੇ ਲਏ ਜਾਣੇ ਜਾਂ ਪੰਜਾਬ ਵਿਚ ਆਪ ਸਰਕਾਰ ਨੂੰ ਗਵਰਨਰ ਰਾਹੀਂ ਹਮੇਸ਼ਾ ਨਿਸ਼ਾਨੇ ਤੇ ਲਣਾ ਹੋਵੇ ਜਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਜੇਲ੍ਹ ਵਿੱਚ ਡੱਕਣ ਦਾ ਮਾਮਲਾ ਹੋਵੇ। ਹੁਣ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸਭ ਤੋਂ ਗਰਮ ਰਾਜਨੀਤੀ ਹੋ ਰਹੀ ਹੈ। ਆਮ ਆਦਮੀ ਪਾਰਟੀ ਨੇਤਾ ਇਸਨੂੰ ਭਾਜਪਾ ਦੀ ਬੌਖਲਾਹਟ ਦਾ ਅਖੀਰਲਾ ਸਿਰਾ ਦੱਸ ਰਹੀ ਹੈ। ਭਾਜਪਾ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਵਰਗੇ ਆਮ ਆਦਮੀ ਪਾਰਟੀ ਦੇ ਵੱਡੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਜਿਸ ਕਾਰਨ ਹੁਣ ਪੂਰੀ ਪਾਰਟੀ ਵਲੋਂ ਦੇਸ਼ ਭਰ ਵਿਚ ਭਾਜਪਾ ਨੂੰ ਨਾਦਰਸ਼ਾਹੀ ਕਰਾਰ ਦੇ ਕੇ ਭੰਡਿਆ ਜਾ ਰਿਹਾ ਹੈ। ਦੂਦਜੇ ਪਾਸੇ ਸਮੁਚੀ ਭਾਜਪਾ ਲੀਡਰਸ਼ਿਪ ਇਕ ਸੁਰ ਵਿਚ ਆਪ ਨੂੰ ਭ੍ਰਿਸ਼ਟਾਚਾਰ ਵਿੱਚ ਡੁੱਬੀ ਪਾਰਟੀ ਕਰਾਰ ਦੇ ਰਹੇ ਹਨ। ਮਨੀਸ਼ ਸਿਸੋਦੀਆ, ਸੰਜੇ ਸਿੰਘ ਜਾਂ ਹੋਰ ਕੋਈ ਕਸੂਰਵਾਰ ਹਨ ਜਾਂ ਨਹੀਂ ਭਾਜਪਾ ਇਥੇ ਗਲਤ ਹੈ ਜਾਂ ਸਹੀ ਅਸੀਂ ਇਸ ਗੱਲ ਤੇ ਕੋਈ ਟਿੱਪਣੀ ਨਹੀਂ ਕਰਾਂਗੇ ਕਿਉਂਕਿ ਸਮਾਂ ਆਉਣ ਤੇ ਸਭ ਸੱਚ ਸਾਹਮਣੇ ਆ ਜਾਵੇਗਾ ਪਰ ਇਥੇ ਭਾਰਤੀ ਜਨਤਾ ਪਾਰਟੀ ਜ਼ਰੂਰ ਸ਼ੱਕ ਦੇ ਘੇਰੇ ’ਚ ਆਉਂਦੀ ਹੈ ਕਿਉਂਕਿ ਸਮੇਂ-ਸਮੇਂ ’ਤੇ ਭਾਜਪਾ ਲੀਡਰਸ਼ਿਪ ਤੇ ਆਪਣੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਦਬਾਉਣ ਲਈ ਈਡੀ ਅਤੇ ਸੀ ਬੀ.ਆਈ. ਵਰਗੀਆਂ ਸੰਸਥਾਵਾਂ ਦਾ ਉਪਯੋਗ ਕਰਨ ਦੇ ਦੋਸ਼ ਲੱਗਦੇ ਹਨ। ਇਹ ਵੀ ਪ੍ਰਸਿੱਧ ਹੋ ਚੁੱਕਾ ਹੈ ਕਿ ਭਾਵੇਂ ਕਿੰਨਾਂ ਵੀ ਵੱਡਾ ਭ੍ਰਿਸ਼ਟਾਚਾਰੀ ਅਤੇ ਕ੍ਰਿਮਿਨਲ ਵਿਅਕਤੀ, ਕਿਸੇ ਵੀ ਪਾਰਟੀ ਨਾਲ ਸਬੰਧਤ ਕਿਉਂ ਨਾ ਹੋਵੇ ਜਦੋਂ ਉਹ ਭਾਜਪਾ ਵਿਚ ਸ਼ਾਮਲ ਹੁੰਦਾ ਹਾਂ ਤਾਂ ਉਸ ਨੂੰ ਹਰ ਤਰ੍ਹਾਂ ਨਾਲ ਕਲੀਨਚਿਟ ਮਿਲ ਜਾਂਦੀ ਹੈ ਅਤੇ ਉਸਦੇ ਸਾਰੇ ਦਾਗ ਅਚਾਨਕ ਹੀ ਸਾਫ ਹੋ ਜਾਂਦੇ ਹਨ। ਵਿਰੋਧੀ ਧਿਰ ਵੀ ਇਸ ਨੂੰ ਭਾਜਪਾ ਦੀ ਵਾਸ਼ਿੰਗ ਮਸ਼ੀਨ ਵੀ ਕਹਿੰਦੇ ਹਨ। ਇਸ ਵਿਚ ਕੋਈ ਸ਼ੱਕ ਨਹੀ ੰਹੈ ਕਿ ਜਿਸਨੂੰ ਭਾਜਪਾ ਲੀਡਰਸ਼ਿਪ ਮਹਾਂ ਕੁਰਪੱਟ ਅਤੇ ਕ੍ਰਿਮਿਨਲ ਤੱਕ ਕਰਾਰ ਦਿੰਦੀ ਹੈ ਜਦੋਂ ਉਹ ਭਾਜਪਾ ਦੀ ਵਾਸ਼ਿੰਗ ਮਸ਼ੀਨ ਵਿਚੋਂ ਨਿਕਲ ਜਾਂਦਾ ਹੈ ਤਾਂ ਉਹ ਦੇਸ਼ ਦੇ ਸਭ ਤੋਂ ਇਮਾਨਦਾਰਾਂ ਦੀ ਸੂਚੀ ਵਿਚ ਆ ਜਾਂਦਾ ਹੈ। ਰਾਜਨੀਤਿਕ ਵਿਰੋਧਤਾ ਕਾਰਨ ਸੁਰਖੀਆਂ ਵਿਚ ਆਉਣ ਵਾਲੇ ਆਮ ਤੌਰ ’ਤੇ ਅਜਿਹੇ ਮਾਮਲਿਆਂ ਵਿਚ ਬਾਅਦ ਵਿਚ ਕੁਝ ਵੀ ਸਾਹਮਣੇ ਨਹੀਂ ਆਉਂਦਾ। ਤੁਹਾਨੂੰ ਯਾਦ ਹੋਵੇਗਾ ਜਦੋਂ 2ਜੀ ਸਪੈਕਟਰਮ ਘੁਟਾਲਾ ਸਾਹਮਣੇ ਆਇਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਇਸ ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੱਤਾ ਅਤੇ ਚੋਣਾਂ ਵਿੱਚ ਇਸ ਦਾ ਵੱਡੇ ਪੱਧਰ ’ਤੇ ਪ੍ਰਚਾਰ ਕਰਦੇ ਹੋਏ ਕਾਂਗਰਸ ’ਤੇ ਨਿਸ਼ਾਨਾ ਸਾਧਿਆ। ਜਦੋਂ ਫੈਸਲਾ ਆਇਆ ਤਾਂ ਉਸ ’ਚ ਕਿਹਾ ਗਿਆ ਕਿ ਕੋਈ ਘੁਟਾਲਾ ਹੈ ਹੀ ਨਹੀਂ ਤਾਂ ਇਸ ਘੁਟਾਲੇ ਵਿੱਚ ਫੜੇ ਗਏ ਜਿੰਨਾਂ ਲੋਕਾਂ ਨੂੰ ਜੇਲ੍ਹ ਭੇਜਿਆ ਗਿਆ, ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋ ਗਈ, ਰਾਜਸੀ ਕੈਰੀਅਰ ਖ਼ਤਮ ਹੋ ਗਿਆ ਅਤੇ ਪਰਿਵਾਰ ਬਦਨਾਮੀ ਦੇ ਹਨੇਰੇ ਵਿੱਚ ਡੁੱਬ ਗਿਆ, ਇਸ ਤੋਂ ਇਲਾਵਾ ਉਨਾਂ ਨੂੰ ਜੇਲ੍ਹ ਵਿੱਚ ਸਮਾਂ ਕੱਟਣਾ ਪਿਆ ਅਤੇ ਜਦੋਂ ਨਤੀਜਾ ਆਇਆ ਤਾਂ ਸਿਫਰ ਪਰ ਉਨ੍ਹਾਂ ਲੋਕਾਂ ਦੀ ਬਰਬਾਦੀ ਦਾ ਭੁਗਤਾਨ ਕੌਣ ਕਰੇਗਾ। ਇਕ ਹੱਰ ਵੱਡੀ ਮਿਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੀ ਸਾਰੀ ਲੀਡਰਸ਼ਿਪ ਸੋਨੀਆ ਗਾਂਧੀ ਦੇ ਜਵਾਈ ਅਤੇ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਬਡੇਰਾ ’ਤੇ ਕਾਫੀ ਨਿਸ਼ਾਨਾ ਸਾਧਦੇ ਸਨ। ਭਾਜਪਾ ਦੇ ਮੋਦੀ ਸ਼ਾਸਨ ਦੇ ਪਹਿਲੇ ਕਾਰਜਕਾਲ ’ਚ ਇਹ ਦਾਅਵਾ ਕੀਤਾ ਗਿਆ ਸੀ ਕਿ ਜਦੋਂ ਭਾਜਪਾ ਸਰਕਾਰ ਸੱਤਾ ’ਚ ਆਈ ਤਾਂ ਰਾਬਰਟ ਬਡੇਰਾ ਨੂੰ ਜੇਲ ਜਰੂਰ ਭੇਜਿਆ ਜਾਵੇਗਾ। ਪਰ ਹੁਣ ਨਰਿੰਦਰ ਮੋਦੀ ਨੂੰ ਦੇਸ਼ ਦਾ ਰਾਜ ਭਾਗ ਸੰਭਾਲਦੇ ਹੋਏ 10ਵਾਂ ਸਾਲ ਜਾ ਰਿਹਾ ਹੈ ਹੁਣ ਤੱਕ ਰਾਬਰਟ ਬਡੇਰਾ ਨੂੰ ਉਹ ਛੂਹ ਵੀ ਨਹੀਂ ਸਕੇ। ਪਰ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਰਾਬਰਟ ਬਡੇਰਾ ਜ਼ਰੂਰ ਸੁਰਖੀਆਂ ’ਚ ਆ ਜਾਂਦਾ ਹੈ। ਇਸ ਲਈ ਇਹ ਸਭ ਚੋਣਵੇਂ ਸਟੰਟ ਹਨ। ਜਿੱਥੇ ਪਾਰਟੀ ਨੂੰ ਰਾਜਨਾਤਿਕ ਲਾਭ ਨਜ਼ਰ ਆਉਂਦਾ ਹੋਵੇ ਉਥੇ ਉਹ ਆਪਣੇ ਵਿਰੋਧੀ ਨੂੰ ਕਿਸੇ ਵੀ ਹੱਦ ਤੱਕ ਜਾ ਕੇ ਜਲੀਲ ਕਰਨ ਦੀ ਕਸਰ ਨਹੀਂ ਛੱਡਦੇ। ਹੁਣ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਜਦੋਂ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸਾਰੀ ਆਪ ਲੀਡਰਸ਼ਿਪ ਨੇ ਪੂਰੇ ਦੇਸ਼ ਵਿੱਚ ਬਹੁਤ ਰੌਲਾ ਪਾਇਆ ਹੋਇਆ ਹੈ। ਪਰ ਜਿਹੜੇ ਲੋਕ ਰਾਜਨੀਤੀ ਵਿੱਚ ਆਪ ਸਰਕਾਰ, ਮੁੱਖ ਮੰਤਰੀ, ਮੰਤਰੀ ਜਾਂ ਵਿਧਾਇਕਾਂ ਖਿਲਾਫ ਵੀ ਸੱਚ ਬੋਲਦੇ ਅਤੇ ਲਿਖਦੇ ਹਨ ਉਨ੍ਹਾਂ ਨੂੰ ਇਕ ਇਕ ਕਰਕੇ ਆਪ ਸਾਸ਼ਨ ਵਾਲੀ ਸਰਕਾਰ ਵਿਚ ਵੀ ਇਸੇ ਤਰ੍ਹਾਂ ਨਾਲ ਝੂਠੇ ਮੁਕਦਮੇ ਦਰਜ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਸਮੇਂ ਪੰਜਾਬ ਦੇ ਹਾਲਾਤ ਇਹ ਹਨ ਕਿ ਜੋ ਵੀ ਆਪ ਸਰਕਾਰ, ਮੰਤਰੀ ਵਿਧਾਇਤਕਾਂ ਇਥੋਂ ਤੱਕ ਕਿ ਉਨ੍ਹਾਂ ਦੇ ਚਮਚਿਆਂ ਖਿਲਾਫ ਵੀ ਕੋਈ ਰਾਜਨੀਤਿਕ ਨੇਤਾ, ਆਮ ਜਨਤਕ ਵਿਅਕਤੀ ਜਾਂ ਪੱਤਰਕਾਰ ਬੋਲਣ ਲਿਖਣ ਦੀ ਹਿੰਮਤ ਕਰਦਾ ਹੈ ਤਾਂ ਉਸਨੂੰ ਝੂਠੇ ਮੁਕਦਮਿਆਂ ਵਿਚ ਉਲਝਾਉਣ ਵਿਚ ਦੇਰੀ ਨਹੀਂ ਲਗਾਈ ਜਾਂਦੀ। ਇਹ ਨਜਾਇਜ਼ ਕੇਸ ਵਿੱਚ ਫਸਾਉਣ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਸਾਸ਼ਨ ਵਿਚ ਹੀ ਸ਼ੁਰੂ ਹੋਈ ਅਤੇ ਹੁਣ ਚਰਮ ਸੀਮਾ ਤੇ ਹੈ। ਜੇਕਰ ਇਥੇ ਇਹ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਆਮ ਆਦਮੀ ਪਾਰਟੀ ਵਿੱਚ ਬਹੁਤੇ ਲੋਕ ਨਵੇਂ ਲੀਡਰ ਬਣੇ ਹਨ। ਜਦੋਂ ਕੋਈ ਉਨ੍ਹਾਂ ਦੇ ਖਿਲਾਫ ਬੋਲਦਾ ਜਾਂ ਲਿਖਦਾ ਹੈ ਤਾਂ ਇਨ੍ਹਾਂ ਦੀ ਬਰਦਾਸ਼ਤ ਕਰਨ ਦੀ ਸ਼ਕਤੀ ਘੱਟ ਹੋਣ ਕਾਰਨ ਤੁਰੰਤ ਅਫਸਰਸ਼ਾਹੀ ਦੇ ਦਮ ਤੇ ਉਨ੍ਹਾਂ ਖਿਲਾਫ ਕਾਨੂੰਨੀ ਦਾਅ ਪੇਚ ਖੇਲਣੇ ਸ਼ੁਰੂ ਕਰ ਦਿੰਦੇ ਹਨ। ਭਾਵੇਂ ਕੋਈ ਨੇਤਾ, ਆਮ ਵਿਅਕਤੀ ਜਾਂ ਪੱਤਰਕਾਰ ਹੀ ਕਿਉਂ ਨਾ ਹੋਵੇ ਸਭ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਮਿਲਾਵਾਂ ਪੰਜਾਬ ਭਰ ਵਿਚ ਦੇਖੀਆਂ ਜਾ ਸਕਦੀਆਂ ਹਨ। ਹੁਣ ਜੇਕਰ ਆਮ ਆਦਮੀ ਪਾਰਟੀ ਦੇ ਨੇਤਾ ਕੇਂਦਰ ਦੇ ਨਿਸ਼ਾਨੇ ਤੇ ਹਨ ਤਾਂ ਉਹ ਕੇਂਦਰ ਨੂੰ ਕੋਸ ਰਹੇ ਹਨ ਪਰ ਪੰਜਾਬ ਵਿਚ ਉਨ੍ਹਾਂ ਦੀ ਖੁਦ ਦੀ ਪਾਰਟੀ ਵੀ ਇਸੇ ਰਸਤੇ ਤੇ ਚੱਲ ਰਹੀ ਹੈ। ਇਸ ਲਈ ਨਜਾਇਜ਼ ਕਾਨੂੰਨੀ ਕਾਰਵਾਈ ਕਰਨਵਾਲੇ ਮਾਮਲਿਆਂ ਵਿਚ ਸਭ ਤੋਂ ਪਹਿਲਾਂ ਪੰਜਾਬ ਦੀ ਆਪ ਸਰਕਾਰ ਨੂੰ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਉਨ੍ਹਾਂ ਨੂੰ ਪਤਾ ਲੱਗ ਸਕੇਗਾ ਕਿ ਉਨ੍ਹਾਂ ਦੀ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਕਿਸ ਤਰ੍ਹਾਂ ਲੋਕਾਂ ਦੇ ਖਿਲਾਫ ਗੈਰ-ਕਾਨੂੰਨੀ ਕਾਰਵਾਈ ਕਰਵਾ ਰਹੇ ਹਨ। ਪਰ ਸਾਡਾ ਮੰਨਣਾ ਹੈ ਕਿ ਅਜਿਹੇ ਗਲਤ ਚਲਨ ਦੀ ਕਾਰਵਾਈ ਭਾਵੇਂ ਕੇਂਦਰੀ ਪੱਧਰ ’ਤੇ ਕੀਤੀ ਗਈ ਹੋਵੇ, ਭਾਵੇਂ ਉਹ ਸੂਬਾ ਪੱਧਰ ’ਤੇ ਹੋਵੇ, ਉਹ ਭਾਵੇਂ ਰਾਜਨੀਤਿਕ ਵਿਅਕਤੀ ਤੇ ਹੋਵੇ, ਗੈਰ ਰਾਜਨੀਤਿਕ ਤੇ ਹੋਵੇ, ਆਮ ਬੰਦੇ ਤੇ ਹੋਵੇ ਜਾਂ ਪੱਤਰਕਾਰਾਂ ਤੇ ਹੋਵੇ ਉਹ ਸਭ ਬੰਦ ਹੋਣਾ ਚਾਹੀਦਾ ਹੈ।ਇਸੇ ਵਿਚ ਹੀ ਸਭ ਦੀ ਭਲਾਈ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here