ਗੁਰੂਹਰਸਹਾਏ (ਸੁਨੀਲ ਸੇਠੀ) ਫਿਰੋਜ਼ਪਰ- ਫਾਜ਼ਿਲਕਾ ਜੀਟੀ ਰੋਡ ਉਪਰ ਪੈਂਦੇ ਪਿੰਡ ਕਰੀ ਕਲਾ ਨਜ਼ਦੀਕ ਮਨਰੇਗਾ ਮਜ਼ਦੂਰਾਂ ਨਾਲ ਭਰੀ ਟਰੈਕਟਰ ਟਰਾਲੀ ਅਤੇ ਝੋਨੇ ਨਾਲ ਭਰੇ ਟਰੱਕ ਵਿਚਕਾਰ ਤੇ ਮੋਟਰਸਾਈਕਲਾਂ ਨਾਲ ਹੋਏ ਭਿਆਨਕ ਸੜਕ ਹਾਦਸੇ ਵਿੱਚ ਬਾਬਾ ਬੁੱਢਾ ਸਾਹਿਬ ਦਰਸ਼ਨਾਂ ਲਈ ਜਾ ਰਹੇ ਇੱਕ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 10 ਜਣੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਹਾਦਸੇ ਮੌਕੇ ਥਾਣਾ ਮੁਖੀ ਲੱਖੋ ਕੇ ਬਹਿਰਾਮ ਰਵੀ ਕੁਮਾਰੀ ਯਾਦਵ ਅਤੇ ਆਸ ਪਾਸ ਦੇ ਲੋਕਾਂ ਤੇ ਰਾਹਗੀਰਾਂ ਨੇ ਜ਼ਖਮੀਆਂ ਨੂੰ ਸੰਭਾਲਿਆ ਅਤੇ 108 ਐਬੂਲੈਂਸ ਰਾਹੀ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਮੰਦਰ ਸਿੰਘ ਵਾਸੀ ਦਲਬੀਰ ਖੇੜਾ (ਅਬੋਹਰ) ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਰਿਹਾ ਸੀ ਅਤੇ ਉਸ ਦੇ ਮੋਟਰਸਾਈਕਲ ਅੱਗੇ ਇੱਕ ਉਸਦੇ ਪਿੰਡ ਦਾ ਹੀ ਇੱਕ ਹੋਰ ਪਰਿਵਾਰ ਵੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਾਬਾ ਬੁੱਢਾ ਸਾਹਿਬ ਹੀ ਮੱਥਾ ਟੇਕਣ ਲਈ ਜਾ ਰਹੇ ਸਨ। ਉਨਾਂ੍ਹ ਦੱਸਿਆ ਕਿ ਸਾਹਮਣੇ ਤੋਂ ਝੋਨੇ ਦਾ ਭਰਿਆ ਟਰੱਕ ਟਰਾਲਾ ਆ ਰਿਹਾ ਸੀ ਕਿ ਸੜਕ ਉੱਪਰ ਬੈਰੀਕੇਟਰ ਤੰਗ ਲੱਗੇ ਹੋਣ ਕਰਕੇ ਕਰਕੇ ਮਨਰੇਗਾ ਮਜ਼ਦੂਰਾਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਟਕਰਾ ਗਿਆ, ਜਿਸ ਨਾਲ ਟਰੈਕਟਰ ਟਰਾਲੀ ਪਲਟ ਗਈ ਤੇ ਉਸ ਵਿੱਚ ਸਵਾਰ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨਾਂ੍ਹ ਦੱਸਿਆ ਕਿ ਇਹ ਟਰਾਲਾ ਪਹਿਲਾਂ ਤਾਂ ਉਨਾਂ੍ਹ ਦੇ ਅੱਗੇ ਜਾ ਰਹੇ ਪਿੰਡ ਵਾਸੀ ਦੇ ਮੋਟਰਸਾਈਕਲ ਨਾਲ ਟਕਰਾਇਆ ਅਤੇ ਬਾਅਦ ਵਿੱਚ ਮੰਦਰ ਸਿੰਘ ਦੇ ਮੋਟਰਸਾਈਕਲ ਨਾਲ ਟਕਰਾ ਗਿਆ, ਜਿਸ ਦੌਰਾਨ ਮੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੋਕਾਂ ਵੱਲੋਂ ਟਰੱਕ ਚਾਲਕ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧ ਵਿੱਚ ਥਾਣਾ ਮੁਖੀ ਰਵੀ ਕੁਮਾਰ ਯਾਦਵ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ੍ਹ ਦੱਸਿਆ ਕਿ ਟਰੱਕ ਚਾਲਕ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਭਿਆਨਕ ਸੜਕ ਹਾਦਸੇ ਪ੍ਰਤੀ ਦੁਖ ਜਾਹਿਰ ਕਰਦੇ ਹੋਏ ਨਰੇਗਾ ਪ੍ਰਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਭਗਵਾਨ ਦਾਸ ਬਹਾਦਰਕੇ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜ਼ਖਮੀਆਂ ਦਾ ਪੂਰਨ ਇਲਾਜ ਸਰਕਾਰੀ ਖਰਚੇ ਤੇ ਕਰਵਾਇਆ ਜਾਵੇ ਅਤੇ ਮਿ੍ਤਕ ਦੇ ਪਰਿਵਾਰ ਨੂੰ ਮੁਆਵਜਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।