ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕੀਤਾ ਖੁਲਾਸਾ
ਲੁਧਿਆਣਾ (ਭਗਵਾਨਭੰਗੂ-ਮੁਕੇਸ਼ ਕੁਮਾਰ) ਝੂਠੀ ਲੁੱਟ ਦੀ ਵਾਰਦਾਤ ਦੇ ਮਾਮਲੇ ਨੂੰ ਹੱਲ ਕਰਦਿਆਂ ਪੁਲਿਸ ਨੇ ਮੁਦਈ ਤੋਂ ਮੁਲਜਮ ਬਣੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਨੂੰ 9 ਲੱਖ ਰੁਪਏ ਦੀ ਨਕਦੀ ਬਰਾਮਦ ਕਰਕੇ ਉਸਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਥਾਣਾ ਲਾਡੂਵਾਲ ਦੀ ਪੁਲਿਸ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਿੰਡ ਲਲਤੋਂ ਖੁਰਦ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮੁਲਜਮ ਹਰਪ੍ਰੀਤ ਸਿੰਘ ਕੁਝ ਸਮੇਂ ਤੋਂ ਦਾਖਾ ਪਲਾਈਵੁੱਡ ਫੈਕਟਰੀ ਗੌਂਸਪੁਰ ਵਿੱਚ ਨੌਕਰੀ ਕਰ ਰਿਹਾ ਸੀ।
19 ਅਕਤੂਬਰ ਨੂੰ ਦੁਪਹਿਰ ਵੇਲੇ ਥਾਣਾ ਲਾਡੂਵਾਲ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਪਲਾਈਵੁੱਡ ਫੈਕਟਰੀ ਦਾ ਕੈਸ਼ ਲਿਆਉਂਦੇ ਸਮੇਂ ਹਥਿਆਰਾਂ ਨਾਲ ਲੈਸ ਕੁਝ ਬਦਮਾਸ਼ਾਂ ਨੇ ਹਰਪ੍ਰੀਤ ਸਿੰਘ ਕੋਲੋਂ 9 ਲੱਖ ਰੁਪਏ ਦੀ ਨਕਦੀ ਲੁੱਟ ਲਈ ਹੈ। ਜਾਣਕਾਰੀ ਤੋਂ ਬਾਅਦ ਥਾਣਾ ਲਾਡੂਵਾਲ ਦੇ ਇੰਚਾਰਜ ਜਗਦੇਵ ਸਿੰਘ ਅਤੇ ਉਨਾਂ ਦੀ ਪੁਲਿਸ ਪਾਰਟੀ ਤੁਰੰਤ ਹਰਕਤ ਵਿੱਚ ਆਈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ । ਪੁੱਛਗਿੱਛ ਤੇ ਦੌਰਾਨ ਹਰਪ੍ਰੀਤ ਸਿੰਘ ਸ਼ੱਕ ਦੇ ਘੇਰੇ ਵਿੱਚ ਆ ਗਿਆ। ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜਮ ਨੇ ਆਪਣਾ ਜੁਰਮ ਕਬੂਲ ਲਿਆ।