Home Education ਬਲਬੀਰ ਸਿੰਘ ਵੱਲੋਂ ਕੇਂਦਰੀ ਆਯੂਸ਼ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਪੰਜਾਬ ਵਿੱਚ ਰਾਸ਼ਟਰੀ...

ਬਲਬੀਰ ਸਿੰਘ ਵੱਲੋਂ ਕੇਂਦਰੀ ਆਯੂਸ਼ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਪੰਜਾਬ ਵਿੱਚ ਰਾਸ਼ਟਰੀ ਆਯੁਰਵੇਦ ਸੰਸਥਾ ਸਥਾਪਤ ਕਰਨ ਦੀ ਅਪੀਲ

34
0


ਚੰਡੀਗੜ੍ਹ, 9 ਨਵੰਬਰ ( ਰਾਜੇਸ਼ ਜੈਨ) -ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਸੂਬੇ ਵਿੱਚ ਆਯੁਰਵੇਦ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਕੇਂਦਰੀ ਆਯੂਸ਼ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਪੰਜਾਬ ਵਿੱਚ ਕੌਮੀ ਆਯੁਰਵੇਦ ਸੰਸਥਾ ਸਥਾਪਤ ਕਰਨ ਦੀ ਬੇਨਤੀ ਕੀਤੀ।
ਡਾ. ਬਲਬੀਰ ਨੇ ਕਿਹਾ ਕਿ ਉਹ ਐਲੋਪੈਥੀ ਡਾਕਟਰ ਹਨ ਪਰ ਪਿਛਲੇ 40 ਸਾਲਾਂ ਤੋਂ ਆਯੁਰਵੇਦ ਪ੍ਰੈਕਟੀਸ਼ਨਰ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ ਉਹ ਆਪਣੇ ਸੂਬੇ ਵਿੱਚ ਆਯੁਰਵੇਦ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ। ਕੇਂਦਰੀ ਆਯੂਸ਼ ਮੰਤਰੀ ਨੂੰ ਬੇਨਤੀ ਕਰਦਿਆਂ ਉਹਨਾਂ ਕਿਹਾ ਕਿ ਹਰਿਆਣਾ ਦੀ ਤਰਜ਼ ‘ਤੇ ਪੰਜਾਬ ਵਿੱਚ ਵੀ ਰਾਸ਼ਟਰੀ ਆਯੁਰਵੇਦ ਸੰਸਥਾ ਸਥਾਪਤ ਕੀਤਾ ਜਾਵੇ ਅਤੇ ਉਹ ਇਸ ਨੂੰ ਆਯੁਰਵੈਦਿਕ ਟੀਚਰਸ ਟ੍ਰੇਨਿੰਗ ਇੰਸਟੀਚਿਊਟ ਵਿੱਚ ਬਦਲਣ ਦਾ ਵਾਅਦਾ ਕਰਦੇ ਹਨ।
ਡਾ. ਬਲਬੀਰ ਸਿੰਘ 8ਵੇਂ ਆਯੁਰਵੇਦ ਦਿਵਸ ਸਮਾਰੋਹ, ਆਯੁਰਵੇਦ ਪਰਵ ਅਤੇ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਸ਼ਟਰੀ ਆਯੂਸ਼ ਮਿਸ਼ਨ ਤਹਿਤ ਖੇਤਰੀ ਸਮੀਖਿਆ ਮੀਟਿੰਗ ਦੇ ਹਿੱਸੇ ਵਜੋਂ ‘ਆਯੁਰਵੇਦ ਫਾਰ ਵਨ ਹੈਲਥ’ ਵਿਸ਼ੇ ‘ਤੇ ਆਯੋਜਿਤ ਕਾਨਫਰੰਸ ਦੇ ਪਹਿਲੇ ਦਿਨ ਸੰਬੋਧਨ ਕਰ ਰਹੇ ਸਨ, ਜਿਸ ਦਾ ਉਦਘਾਟਨ ਯੂਨੀਅਨ ਆਯੂਸ਼ ਮੰਤਰੀ ਸਰਬਾਨੰਦ ਸੋਨੋਵਾਲ ਵੱਲੋਂ ਪੰਚਕੂਲਾ, ਹਰਿਆਣਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਕੀਤਾ ਗਿਆ ਸੀ। ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ।
ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇਸ਼ ਵਿੱਚ ਵਧ ਰਹੇ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਦੀ ਮੌਜੂਦਾ ਸਥਿਤੀ ਬਾਰੇ ਵੀ ਗੱਲ ਕੀਤੀ, ਜੋ ਇੱਕ ਚਿੰਤਾਜਨਕ ਮੁੱਦਾ ਹੈ ਅਤੇ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਕੇਂਦਰੀ ਆਯੂਸ਼ ਮੰਤਰੀ ਨੂੰ ਵਾਤਾਵਰਣ ਦੇ ਮੁੱਦਿਆਂ ‘ਤੇ ਸਾਰੇ ਰਾਜਾਂ ਦੇ ਸਿਹਤ ਮੰਤਰੀਆਂ ਦੀ ਮੀਟਿੰਗ ਬੁਲਾਉਣ ਦੀ ਬੇਨਤੀ ਕਰਦਿਆਂ ਉਹਨਾਂ ਨੇ ਕਿਹਾ ਕਿ ਉਹ ਇੱਥੇ ਇਹ ਸੋਚ ਕੇ ਆਏ ਸਨ ਕਿ ਅੱਠ ਰਾਜਾਂ ਦੇ ਸਿਹਤ ਮੰਤਰੀ ਇੱਥੇ ਮੌਜੂਦ ਹੋਣਗੇ ਅਤੇ ਉਹ ਸਾਰੇ ਇਸ ਗੰਭੀਰ ਵਿਸ਼ੇ ‘ਤੇ ਵਿਚਾਰ ਵਟਾਂਦਰੇ ਕਰ ਸਕਣਗੇ।
ਬਲਬੀਰ ਸਿੰਘ ਨੇ ਕਿਹਾ ਕਿ ਲੋਕ ਸਿਰਫ਼ ਦਿੱਲੀ ਵਿੱਚ ਹੀ ਪ੍ਰਦੂਸ਼ਣ ਬਾਰੇ ਚਰਚਾ ਕਰ ਰਹੇ ਹਨ, ਇਸ ਦਾ ਹਵਾਲਾ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਪ੍ਰਦੂਸ਼ਣ ਹੁਣ ਸਿਰਫ਼ ਦਿੱਲੀ ਤੱਕ ਹੀ ਨਹੀਂ ਹੈ, ਸਗੋਂ ਸਮੁੱਚਾ ਦੇਸ਼ ਗੈਸ ਚੈਂਬਰ ਬਣ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਇਹ ਕਿਸੇ ਪਾਰਟੀ ਦਾ ਮੁੱਦਾ ਨਹੀਂ ਹੈ ਅਤੇ ਨਾ ਹੀ ਅਗਲੀਆਂ ਚੋਣਾਂ ਬਾਰੇ ਹੈ, ਸਗੋਂ ਇਹ ਅਗਲੀ ਪੀੜ੍ਹੀ ਬਾਰੇ ਹੈ। ਉਹਨਾਂ ਨੇ ਆਪਣੇ ਆਪ ਨੂੰ ਅਤੇ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ.ਆਈ.ਪੀਜ਼ ਨਹੀਂ, ਸਗੋਂ ਲੋਕਾਂ ਦੇ ਸੇਵਾਦਾਰ ਕਰਾਰ ਦਿੰਦਿਆਂ ਕਾਨਫਰੰਸ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਸਵੱਛ ਹਵਾ ਅਤੇ ਸਾਫ਼ ਪਾਣੀ ਸਾਡਾ ਮੌਲਿਕ ਅਧਿਕਾਰ ਹੈ ਅਤੇ ਤੁਹਾਨੂੰ (ਵਿਦਿਆਰਥੀਆਂ) ਨੂੰ ਸਾਡੇ ਤੋਂ ਇਸ ਬਾਰੇ ਪੁੱਛਣਾ ਚਾਹੀਦਾ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਪੰਜਾਬ ਦੇ 3 ਕਰੋੜ ਲੋਕਾਂ ਦੀ ਸਿਹਤ ਦੀ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਲੋਕਾਂ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਣ ਲਈ, ਸਾਡੇ ਮੁੱਖ ਮੰਤਰੀ ਨੇ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕੀਤੀ ਹੈ, ਜੋ ਪਹਿਲਾਂ ਹੀ 1000 ਕਲਾਸਾਂ ਤੱਕ ਵਧਾਈ ਜਾ ਚੁੱਕੀ ਹੈ ਅਤੇ ਆਮ ਆਦਮੀ ਕਲੀਨਿਕਾਂ ਵਿੱਚ, ਸਾਡੇ ਕੋਲ ਧਿਆਨ ਕੇਂਦਰ, ਜਿੰਮ, ਵਾਕਿੰਗ ਟਰੈਕ ਅਤੇ ਪਾਰਕ ਹਨ, ਜੋ ਲੋਕਾਂ ਨੂੰ ਕਸਰਤ ਕਰਨ ਲਈ ਉਤਸ਼ਾਹਿਤ ਕਰਦੇ ਹਨ ਜੋ ਕਿ ਬਿਮਾਰੀਆਂ ਨੂੰ ਦੂਰ ਰੱਖਣ ਦਾ ਇੱਕੋ ਇੱਕ ਤਰੀਕਾ ਹੈ।

LEAVE A REPLY

Please enter your comment!
Please enter your name here