ਸਮੇਂ-ਸਮੇਂ ’ਤੇ ਸਰਕਾਰਾਂ ਪਬਲਿਕ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਲਿਆਉਂਦੀਆਂ ਰਹਿੰਦੀਆਂ ਹਨ। ਜਿਸ ਨਾਲ ਵਿਸ਼ੇਸ਼ ਵਰਗ ਪ੍ਰਭਾਵਿਤ ਹੋ ਸਕਦਾ ਹੈ। ਇਸੇ ਕੜੀ ਤਹਿਤ ਪੰਜਾਬ ਸਰਕਾਰ ਨੇ ਹੁਣ ਬਜੁਰਗਾਂ ਲਈ ਮੁਫਤ ਧਾਰਮਿਕ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਵੱਲੋਂ 27 ਨਵੰਬਰ ਨੂੰ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਕੀਤੀ ਜਾਵੇਗੀ। ਸਰਕਾਰ ਅਨੁਸਾਰ ਪੰਜਾਬ ਤੋਂ ਬਾਹਰਲੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਪਹਿਲੇ ਪੜਾਅ ਵਿੱਚ 13 ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਪੰਜਾਬ ਤੋਂ ਬਾਹਰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਹਰ ਰੇਲ ਗੱਡੀ ਵਿੱਚ 1000 ਲੋਕ ਸਵਾਰ ਹੋਣਗੇ, ਜਿਨ੍ਹਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਲਿਜਾਇਆ ਜਾਵੇਗਾ। ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਚਲਾਈ ਗਈ ਸਕੀਮ ਉਨ੍ਹਾਂ ਦੀ ਸੋਚ ਅਨੁਸਾਰ ਸਹੀ ਹੈ। ਇਸ ਨਾਲ ਸਰਕਾਰ ਪ੍ਰਤੀ ਕਿਸੇ ਹੱਦ ਤੱਕ ਲੋਕਾਂ ਦੀਆਂ ਭਾਵਨਾਵਾਂ ਅਤੇ ਹੁੰਗਾਰਾ ਹਾਂ ਪੱਖੀ ਹੋਵੇਗਾ। ਇਸ ਨਾਲ ਸਰਕਾਰ ਨੂੰ ਚਿਰਸਥਾਈ ਕਿੰਨਾਂ ਲਾਭ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਜੇਕਰ ਥੋੜਾ ਪਿੱਛੇ ਵੱਲ ਝਾਤ ਮਾਰੀ ਜਾਵੇ ਤਾਂ ਇਹ ਸਕੀਮ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਸ਼ੁਰੂ ਕੀਤੀ ਗਈ ਸੀ। ਜਿਸ ਦੀ ਸ਼ੁਰੂਆਤੀ ਦੌਰ ’ਚ ਖੂਬ ਚਰਚਾ ਹੋਈ ਸੀ ਪਰ ਨਤੀਜੇ ਵਜੋਂ ਸਰਕਾਰ ਨੂੰ ਕੋਈ ਲਾਭ ਨਹੀਂ ਮਿਲਿਆ। ਇਸ ਧਾਰਮਿਕ ਯਾਤਰਾ ਵਿਚ ਵੀ ਵਧੇਰੇਤਰ ਅਕਾਲੀ ਦਲ ਨਾਲ ਸੰਬੰਧਕ ਵਰਕਰ ਅਤੇ ਨੇਤਾ ਹੀ ਜਾਂਦੇ ਸਨ ਅਤੇ ਕੁਝ ਹੀ ਮਹੀਨਿਆਂ ਤੋਂ ਬਾਅਦ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੀ ਦਮ ਤੋੜ ਦਿੱਤਾ ਗਈ ਸੀ। ਉਸ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਕੀਮ ਮੁੜ ਸ਼ੁਰੂ ਕੀਤੀ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਬਜ਼ੁਰਗਾਂ ਨੂੰ ਧਾਰਮਿਕ ਯਾਤਰਾ ਦੀ ਬਜਾਏ ਇਲਾਜ ਦੀ ਲੋੜ ਲੋੜ ਹੁੰਦੀ ਹੈ। ਅਜੋਕੇ ਸਮੇਂ ਵਿੱਚ ਜ਼ਹਿਰੀਲੇ ਭੋਜਨ ਅਤੇ ਜ਼ਹਿਰੀਲੀ ਹਵਾ ਦੇ ਸੇਵਨ ਕਾਰਨ ਵਿਅਕਤੀ ਦੀ ਔਸਤ ਉਮਰ ਵਿੱਚ ਕਾਫੀ ਕਮੀ ਆਈ ਹੈ। ਹੁਣ 50 ਸਾਲ ਚੱਤ ਪਹੁੰਚਣ ਵਾਲੇ ਲੋਕ ਬੁਢਾਪੇ ਦੀ ਦਹਿਲੀਜ਼ ’ਤੇ ਨਜ਼ਰ ਆਉਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਨ੍ਹਾਂ ਨੂੰ ਘੇਰ ਲੈਂਦੀਆਂ ਹਨ ਅਤੇ ਜ਼ਿਆਦਾਤਰ ਬਜ਼ੁਰਗਾਂ ਦਾ ਤਾਂ ਇਹੋ ਹਾਲ ਹੈ। ਜਿਨ੍ਹਾਂ ਕੋਲ ਇਲਾਜ ਲਈ ਪੈਸੇ ਵੀ ਨਹੀਂ ਹਨ। ਸਰਕਾਰ ਪੰਜਾਬ ਭਰ ਵਿੱਚ ਮੁਹੱਲਾ ਕਲੀਨਿਕ ਖੋਲ੍ਹ ਕੇ ਦਵਾਈਆਂ ਤੇ ਇਲਾਜ ਮੁਹੱਈਆ ਕਰਵਾਉਣ ਦੇ ਦਾਅਵੇ ਤਾਂ ਕਰਦੀ ਹੈ, ਪਰ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਇਲਾਜ ਕਰਨ ਦੀ ਬਜਾਏ ਬਜੁਰਗਾਂ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦਾ ਮੁਫਤ ਇਲਾਜ ਸ਼ੁਰੂ ਕੀਤਾ ਜਾਵੇ। ਮੌਜੂਗਾ ਸਮੇਂ ਵਿਚ ਮੰਹਿਗਾਈ ਚਰਮ ਸੀਮਾ ਤੇ ਪਹੁੰਚ ਚੁੱਕੀ ਹੈ। ਖਾਸ ਕਰਕੇ ਮੈਡੀਕਲ ਖੇਤਰ ਵਿਚ ਤਾਂ ਕੁਝ ਹੀ ਸਾਲਾਂ ਵਿਚ ਦਵਾਈਆਂ ਦੇ ਭਾਅ ਹੈਰਾਨੀਜਨਕ ਢੰਗ ਨਾਲ ਦੁੱਗਣਏ ਚੌਗਣੇ ਹੋ ਗਏ ਹਨ। ਇਸ ਪਾਸੇ ਨਾ ਤਾਂ ਕਿਸੇ ਸਰਕਾਰ ਅਤੇ ਨਾ ਹੀ ਕਿਸੇ ਜਥੇਬੰਦੀ ਨੇ ਕਦੇ ਕੋਈ ਆਵਾਜ ਉਠਾਈ ਹੈ। ਦਵਾਈਆਂ ਦੇ ਵਧੇ ਹੋਏ ਰੇਟ ਕਾਰਨ ਇਲਾਜ ਹੁਣ ਆਮ ਆਦਮੀ ਦੇ ਵਸ ਵਿਚ ਨਹੀਂ ਰਿਹਾ। ਜੇਕਰ ਕਿਸੇ ਨੂੰ ਕੋਈ ਗੰਭੀਰ ਬਿਮਾਰੀ ਹੋ ਾਜੰਦੀ ਹੈ ਤਾਂ ਉਸਤੇ ਹਜ਼ਾਰਾਂ ਲੱਖਾਂ ਰੁਪਏ ਖਰਚ ਹੋ ਜਾਂਦੇ ਹਨ। ਜੋ ਹਰ ਬਜ਼ੁਰਗ ਲਈ ਸੰਭਵ ਨਹੀਂ ਹੈ ਕਿਉਂਕਿ ਅੱਜ ਦੇ ਸਮੇਂ ਵਿਚ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਜੀਵਨ ਵਿਚ ਪਰਿਵਾਰਿਕ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਬੁਢਾਪੇ ਦੀ ਦਹਿਲੀਜ ਤੇ ਪਹੁੰਚਣ ਵਾਲੇ ਲੋਕਾਂ ਪਾਸ ਆਪਣੇ ਜੀਵਨ ਦੇ ਆਖਰੀ ਪੜਾਅ ਵਿਚ ਆਪਣੀ ਪਤਨੀ ਅਤੇ ਆਪਣੇ ਲਈ ਸਿਹਤਮੰਦ ਜੀਵਨ ਜਿਊਣ ਲਈ ਕਿਸੇ ਕੋਲ ਪੂੰਜੀ ਨਹੀਂ ਬਚਦੀ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਗੰਭੀਰ ਬਿਮਾਰੀਆਂ ਦੇ ਇਲਾਜ ਦਾ ਮੁਫ਼ਤ ਪ੍ਰਬੰਧ ਕੀਤਾ ਜਾਵੇ। ਜੇਕਰ ਉਹ ਤੰਦਰੁਸਤ ਜੀਵਨ ਬਤੀਤ ਕਰਦੇ ਰਹਿਣ ਤਾਂ ਤੀਰਥ ਯਾਤਰਾਵਾਂ ਵੀ ਤਾਂ ਹੀ ਕਰ ਸਕਣਗੇ। ਜੇ ਸਿਹਤ ਨਾ ਰਹੀ ਤਾਂ ਫਿਰ ਕੌਣ ਤੀਰਥ ਯਾਤਰਾਵਾਂ ਕਰ ਸਕੇਗਾ। ਜਿਸ ਤਰੀਕੇ ਨਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਰਾਜ ਦੌਰਾਨ ਇਹਨਾਂ ਦੀ ਪਾਰਟੀ ਦੇ ਬਹੁਤੇ ਲੋਕ ਤੀਰਥ ਯਾਤਰਾ ਤੇ ਜਾਂਦੇ ਸਨ। ਇਸ ਤਰਾਂ ਹੁਣ ਤੁਹਾਡੀ ਸਰਕਾਰ ਨਾਲ ਸਬੰਧਤ ਲੋਕ ਹੀ ਤੀਰਥ ਯਾਤਰਾ ਤੇ ਜਾ ਸਕਣਗੇ। ਜੇਕਰ ਸਰਕਾਰ ਸੱਚਮੁੱਚ ਹੀ ਬਜੁਰਗਾਂ ਦੀ ਸੇਵਾ ਕਰਨੀ ਚਾਹੁੰਦੀ ਹੈ ਤਾਂ ਫਿਰ ਪਹਿਲ ਦੇ ਆਧਾਰ ’ਤੇ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਤੀਰਥ ਯਾਤਰਾ ’ਤੇ ਲਿਜਾਣ ਦੀ ਬਜਾਏ ਗੰਭੀਰ ਬਿਮਾਰੀਆਂ ਦੇ ਮੁਫਤ ਇਲਾਜ ਲਈ ਪ੍ਰਬੰਧ ਕੀਤਾ ਜਾਵੇ। ਜੋ ਉਨ੍ਹਾਂ ਦੇ ਜੀਵਨ ਲਈ ਪਹਿਲਾਂ ਜ਼ਰੂਰੀ ਹੈ।
ਹਰਵਿੰਦਰ ਸਿੰਘ ਸੱਗੂ।