Home ਸਭਿਆਚਾਰ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ ਸ਼ੁੱਧ 31 ਰਾਗਾਂ ਤੇ ਆਧਾਰਿਤ ਸਚਿੱਤਰ...

ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ ਸ਼ੁੱਧ 31 ਰਾਗਾਂ ਤੇ ਆਧਾਰਿਤ ਸਚਿੱਤਰ ਪੋਥੀ ਰਾਗ ਰਤਨ ਸੰਗਤ ਅਰਪਨ

26
0

ਸੁਧਿਆਣਾ, 5 ਦਸੰਬਰ (ਵਿਕਾਸ ਮਠਾੜੂ):-ਮਾਨਵ ਦੇ ਅੰਦਰੂਨੀ ਵਿਕਾਸ ਲਈ ਗੁਰਬਾਣੀ ਸਿਖ਼ਰ ਚੋਟੀ ਹੈ ਜੋ ਸਾਡੇ ਲਈ ਕਦਮ ਕਦਮ ਤੇ ਰਾਹ ਦਿਸੇਰਾ ਬਣਦੀ ਹੈ।
ਗੁਰੂ ਨਾਨਕ ਦੇਵ ਜੀ ਵੱਲੋਂ ਆਪਣੇ ਤੋਂ ਪਹਿਲੇ ਮਹਾਨ ਦਰਵੇਸ਼ਾਂ,ਚਿੰਤਕਾਂ ਤੇ ਯੁਗ ਪਲਟਾਊ ਸੋਚ ਧਾਰਾ ਦੇ ਸੰਤਾਂ ਤੇ ਭਗਤ ਲੋਕਾਂ ਦੀ ਬਾਣੀ ਅਤੇ ਮਗਰੋਂ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਸਮੇਤ ਇਹ ਖ਼ਜ਼ਾਨਾ ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਤੀਕ ਪੁੱਜਾ, ਉਸਨੂੰ ਹੀ “ਪੋਥੀ ਪਰਮੇਸ਼ਰ ਦਾ ਥਾਨ” ਤੀਕ ਪਹੁੰਚਾਉਣ ਦਾ ਸ਼ੁਭ ਕਾਰਜ ਗੁਰੂ ਪੰਚਮ ਪਾਤਸ਼ਾਹ ਨੇ ਕੀਤਾ।
ਉਨ੍ਹਾਂ ਇਹ ਸਦੀਵ -ਕਾਲੀ ਨੇਕ ਕਾਰਜ ਭਾਈ ਗੁਰਦਾਸ ਜੀ ਦੀ ਸਹਾਇਤਾ ਨਾਲ ਸੰਪੂਰਨ ਕੀਤਾ।
ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਹਰ ਸ਼ਬਦ ਨੂੰ ਗਾਇਨ ਕਰਨ ਲਈ ਨਾਲੋ- ਨਾਲ ਰਾਗ ਪ੍ਰਬੰਧ ਵੀ ਲਿਖਤੀ ਰੂਪ ਵਿੱਚ ਅੰਕਿਤ ਕਰ ਦਿੱਤਾ।
ਇਹੀ ਰਾਗ ਪ੍ਰਬੰਧ ਲੰਮਾ ਸਮਾਂ ਸਾਡੇ ਗੁਰੂ ਘਰਾਂ ਵਿੱਚ ਰਾਗੀਆਂ ਰਬਾਬੀਆਂ ਰਾਹੀ ਸਾਡੇ ਸਾਹਾਂ ਸਵਾਸਾਂ ਨੂੰ ਤਰੰਗਿਤ ਕਰਦਾ ਰਿਹਾ।
ਟਕਸਾਲੀ ਰਾਗਾਂ ਦੇ ਪਰਬੀਨ ਰਾਗੀ ਸਾਹਿਬਾਨ ਲੰਮਾਂ ਸਮਾਂ ਸਮੁੱਚੇ ਵਿਸ਼ਵ ਵਿੱਚ ਵੱਸਦੇ ਗੁਰੂ ਸ਼ਬਦ ਅਭਿਲਾਖੀਆਂ ਦੀ ਰੂਹ ਨੂੰ ਤ੍ਰਿਪਤ ਕਰਦੇ ਰਹੇ।
ਦੇਸ਼ ਵੰਡ ਮਗਰੋਂ 1947 ‘ਚ ਸਾਰਾ ਕੁਝ ਹੀ ਉੱਥਲ-ਪੁੱਥਲ ਹੋ ਗਿਆ। ਰਬਾਬੀ ਪਰੰਪਰਾ ਦੇ ਬਹੁਤੇ ਗਿਆਤਾ ਰਾਵੀ ਪਾਰ ਚਲੇ ਗਏ।
ਪਿੱਛੇ ਰਹਿ ਗਏ ਗੁਰਬਾਣੀ ਸੰਗੀਤ ਦੇ ਗੂੜ੍ਹ ਗਿਆਤਾ ਉਦਾਸੀਨ ਹੋ ਗਏ ਕਿਉਂਕਿ ਕਲਾ ਸ਼ਨਾਸ ਲੋਕ ਮੁੜ ਵਸੇਬੇ ਦੇ ਫ਼ਿਕਰ ਵਿੱਚ ਦਰ ਦਰ ਭਟਕ ਰਹੇ ਸਨ।
ਪਰ ਸੂਝ ਹਮੇਸ਼ਾਂ ਲਿਆਕਤ ਸਾਂਭ ਲੈਂਦੀ ਹੈ ਬੀਤੇ ਦੇ ਮਾਣਕ ਮੋਤੀ। ਸੁਰ -ਸਾਧਕਾਂ ਨੇ ਸੰਤ ਬਾਬਾ ਸੁੱਚਾ ਸਿੰਘ ਜੀ (ਜਵੱਦੀ ਟਕਸਾਲ, ਲੁਧਿਆਣਾ) ਵਾਲਿਆਂ ਦੀ ਅਗਵਾਈ ਤੇ ਪ੍ਰੇਰਨਾ ਨਾਲ ਸਿਰ ਜੋੜਿਆ।ਉਨ੍ਹਾਂ ਨਾਲ ਬੀਬੀ ਜਸਬੀਰ ਕੌਰ, ਪੰਡਿਤ ਦਲੀਪ ਚੰਦਰ ਬੇਦੀ,ਸੰਗੀਤ ਮਾਰਤੰਡ ਉਸਤਾਦ ਜਸਵੰਤ ਸਿੰਘ ਭੰਵਰਾ, ਪ੍ਰੋਃ ਕਰਤਾਰ ਸਿੰਘ, ਭਾਈ ਬਲਬੀਰ ਸਿੰਘ ਸਾਬਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ,ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ , ਡਾ ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਅਤੇ ਹੋਰ ਗੁਣੀ ਜਨ ਮਿਲ ਗਏ।
ਸੰਤ ਬਾਬਾ ਸੁੱਚਾ ਸਿੰਘ ਜੀ ਦੀ ਦੇਖ ਰੇਖ ਹੇਠ ਪਹਿਲਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 1991 ਵਿਚ ਕਰਵਾਇਆ ਗਿਆ ਅਤੇ ਇਸ ਦੀ ਆਡਿਓ , ਵੀਡੀਉ ਰੀਕਾਰਡਿੰਗ ਵੀ ਕੀਤੀ ਗਈ।
ਜਦ ਕਿਸੇ ਵੀ ਵਪਾਰਕ ਕੰਪਨੀ ਨੇ ਇਸ ਰੀਕਾਰਡਿੰਗ ਰਿਲੀਜ਼ ਕਰਨਾ ਪ੍ਰਵਾਨ ਨਾ ਕੀਤਾ ਤਾਂ “ਵਿਸਮਾਦ ਨਾਦ”ਕੰਪਨੀ ਨਾਮ ਰੱਖ ਕੇ ਆਪ ਹੀ ਇਸ ਨੂੰ ਕਦਰਦਾਨਾਂ ਤੀਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ। ਮੈਨੂੰ ਇਹ ਮਾਣ ਮਿਲਿਆ ਕਿ ਮੇਰਾ ਸੁਝਾਇਆ “ਵਿਸਮਾਦ ਨਾਦ”ਨਾਮ ਸੰਗਤਾਂ ਨੇ ਜੈਕਾਰਾ ਬੁਲਾ ਕੇ ਬਾਬਾ ਸੁੱਚਾ ਸਿੰਘ ਜੀ ਦੀ ਹਾਜ਼ਰੀ ਵਿੱਚ ਪ੍ਰਵਾਨ ਕੀਤਾ।
ਇਨ੍ਹਾਂ 16 ਕੈਸਿਟਸ ਵਿੱਚ ਸ਼ਾਮਿਲ ਸ਼ੁੱਧ ਇਕੱਤੀ ਰਾਗਾਂ ਦੀ ਜਾਣ ਪਛਾਣ ਸੰਗੀਤ ਮਾਰਤੰਡ ਉਸਤਾਦ ਜਸਵੰਤ ਸਿੰਘ ਭੰਵਰਾ ਜੀ ਨੇ ਰੀਕਾਰਡ ਕਰਵਾਈ।
ਮੁੱਢਲੇ ਯਤਨ ਸੱਚੇ-ਸੁੱਚੇ ਹੋਣ ਕਾਰਨ ਬਰਕਤ ਪਈ ਅਤੇ 16 ਕੈਸਿਟਸ ਦਾ ਸੈੱਟ ਹੱਥੋ ਹੱਥੀ ਘਰੋ ਘਰੀ ਪੁੱਜ ਗਿਆ। 16 ਕੈਸਿਟਸ ਦੇ ਇਸ ਸੈੱਟ ਨੂੰ ਕਾਫ਼ਲੇ ਦੀ ਸ਼ਕਲ ‘ਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸੰਤ ਬਾਬਾ ਸੁੱਚਾ ਸਿੰਘ ਜੀ, ਉਸਤਾਦ ਜਸਵੰਤ ਭੰਵਰਾ, ਪ੍ਰੋ: ਕਰਤਾਰ ਸਿੰਘ ਤੇ ਹੋਰ ਮਹੱਤਵਪੂਰਨ ਸਹਿਯੋਗੀਆਂ ਦੀ ਹਾਜ਼ਰੀ ‘ਚ ਮੇਰੇ ਸਮੇਤ ਮੱਥਾ ਟੇਕਿਆ।
ਮੈਂ ਵੀ ਰਿਸ਼ਤੇਦਾਰਾਂ, ਸੱਜਣਾਂ ਪਿਆਰਿਆਂ ਨੂੰ ਇੰਨ੍ਹਾਂ ਕੈਸਿਟਸ ਦੇ ਸੈੱਟ ਵਿਕਰੀ ਹਿਤ ਵੰਡੇ। ਇੱਕ ਸੈੱਟ ਵੀਰ ਤੇਜ ਪ੍ਰਤਾਪ ਸਿੰਘ ਸੰਧੂ ਪਰਿਵਾਰ ਨੂੰ ਸੌਂਪਿਆ, ਉਸੇ ਦਾ ਹੀ ਪ੍ਰਤਾਪ ਹੈ ਕਿ ਸਚਿੱਤਰ ਪੁਸਤਕ ‘ਰਾਗ ਰਤਨ’ ਦੀ ਸਿਰਜਣਾ ਹੋਈ।
ਸੰਤ ਬਾਬਾ ਸੁੱਚਾ ਸਿੰਘ ਜੀ ਤਾਂ 27 ਅਗਸਤ 2002 ਨੂੰ ਗੁਰਪੁਰੀ ਪਿਆਨਾ ਕਰ ਗਏ ਪਰ ਸਾਨੂੰ ਸਾਨੂੰ ਅਨਮੋਲ ਪੂੰਜੀ ਸੰਭਾਲਣ ਦਾ ਫ਼ਰਜ਼ ਨਿਭਾਉਣਾ ਕਹਿ ਗਏ।
ਸਃ ਤੇਜ ਪਰਤਾਪ ਸਿੰਘ ਸੰਧੂ ਨੇ ਇਹ ਵਡਮੁੱਲੀ ਵਿਰਾਸਤ ਆਪਣੇ ਸਾਹੀਂ ਸਵਾਸੀਂ ਰਮਾ ਕੇ ਇਸ ਦਾ ਦ੍ਰਿਸ਼ ਚਿਤਰ ਮਨ ਵਿੱਚ ਚਿਤਰਿਆ। ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਕਈ ਕਈ ਦਿਨ ਤੇ ਰਾਤਾਂ ਗੁਜ਼ਾਰ ਕੇ ਵਰ੍ਹਿਆਂ ਬੱਧੀ ਕਠਿਨ ਤਪੱਸਿਆ ਉਪਰੰਤ ਇਨ੍ਹਾਂ ਤਸਵੀਰਾਂ ਦਾ ਚਿਤਵਨ ਹੋਇਆ। ਸੈਂਕੜੇ ਤਸਵੀਰਾਂ ਵਿੱਚੋਂ ਸਰਵੋਤਮ ਤਸਵੀਰਾਂ ਚੁਣ ਕੇ ‘ਰਾਗ ਰਤਨ’ ਪੋਥੀ ਦੇ ਰੂਪ ਵਿਚ ਇਹ ਰੂਪ ਨਿੱਖਰਿਆ ਸਰਬਕਾਲ ਵਾਸਤੇ।
ਇਸ ਪੋਥੀ ਦਾ ਪਹਿਲਾ ਸੰਸਕਰਨ ਕੁਝ ਸਮਾਂ ਪਹਿਲਾਂ ਛਪਿਆ ਸੀ। ਇਸ ਦਾ ਅੰਗਰੇਜ਼ੀ ਸੰਸਕਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 2017 ਵਿੱਚ ਪ੍ਰਕਾਸ਼ਿਤ ਕੀਤਾ ਸੀ। ਉਦੋਂ ਦੇ ਵਾਈਸ ਚਾਂਸਲਰ ਡਾ ਜਸਪਾਲ ਸਿੰਘ ਜੀ ਦੀ ਹਿੰਮਤ ਤੇ ਡਾ ਗੁਰਨਾਮ ਸਿੰਘ ਦੀ ਨਿਰੰਤਰ ਦੇਖ ਰੇਖ ਸਦਕਾ ਇਹ ਪੋਥੀ ਛਪ ਕੇ ਹੱਥੋ ਹੱਥੀ ਦੇਸ਼ ਬਦੇਸ਼ ਦੇ ਕਦਰਦਾਨਾਂ ਤੀਕ ਪੁੱਜੀ।
ਹੁਣ ਜਵੱਦੀ ਟਕਸਾਲ ਦੇ ਵਰਤਮਾਨ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੀ ਦੂਰਦ੍ਰਿਸ਼ਟੀ ਸਦਕਾ ਇਸ ਪੁਸਤਕ ਦਾ ਦੂਸਰਾ ਸੰਸਕਰਨ ਪਾਠਕਾਂ ਅਤੇ ਗਿਆਨ ਅਭਿਲਾਖੀਆਂ ਲਈ ਪੇਸ਼ ਕੀਤਾ ਗਿਆ ਹੈ।
ਮੈਂ ਨਤਮਸਤਕ ਹਾਂ ਉਸ ਪਵਿੱਤਰ ਵਿਰਾਸਤੀ ਕਾਫ਼ਲੇ ਨੂੰ ,ਜਿਸ ਨੇ ‘ਰਾਗ ਰਤਨ ‘ ਪੁਸਤਕ ਦੇ ਵਰਤਮਾਨ ਸਰੂਪ ਤੀਕ ਪੁੱਜਣ ਦਾ ਪੈਂਡਾ ਕੀਤਾ। ਸਦੀਵ -ਕਾਲੀ ਮਹੱਤਵ ਵਾਲੀ ਇਸ ਮਹਾਨ ਪੇਸ਼ਕਸ਼ ਦਾ ਭਰਪੂਰ ਸੁਆਗਤ ਹੈ।
ਇਸ ਪੋਥੀ ਨੂੰ ਜਵੱਦੀ ਟਕਸਾਲ ਜਵੱਦੀ ਕਲਾਂ(ਲੁਧਿਆਣਾ) ਵਿਖੇ 4ਦਸੰਬਰ ਦੁਪਹਿਰੇ ਡਾ ਸ ਸ ਜੌਹਲ, ਅਨੁਰਾਗ ਸਿੰਘ, ਰਣਜੋਧ ਸਿੰਘ, ਸੰਤ ਅਮੀਰ ਸਿੰਘ ਤੇ ਸਾਥੀਆਂ ਨੇ ਸੰਗਤ ਅਰਪਨ ਕਰ ਦਿੱਤਾ ਹੈ। 7,8,9 ਤੇ 10 ਦਸੰਬਰ ਨੂੰ ਜਵੱਦੀ ਟਕਸਾਲ ਵਿਖੇ ਇਹ ਪੁਸਤਕ ਦਫ਼ਤਰ ਵਿੱਚੋਂ ਬੇਨਤੀ ਉਪਰੰਤ ਮਿਲ ਸਕੇਗੀ। ਇਸ ਵੱਡ ਆਕਾਰੀ ਸੁਚਿੱਤਰ ਪੁਸਤਕ ਦੀ ਕੀਮਤ ਨਹੀਂ ਰੱਖੀ ਗਈ ਪਰ ਕਦਰਦਾਨਾਂ ਤੇ ਸੰਸਥਾਵਾਂ ਨੂੰ ਜ਼ਰੂਰ ਭੇਂਟ ਕੀਤੀ ਜਾਵੇਗੀ।

ਗੁਰਭਜਨ ਸਿੰਘ ਗਿੱਲ(ਪ੍ਰੋ)
ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ।

LEAVE A REPLY

Please enter your comment!
Please enter your name here