ਜਗਰਾਓਂ, 7 ਅਗਸਤ ( ਜਗਰੂਪ ਸੋਹੀ)-ਕਿਸੇ ਸਮੇਂ ਅਕਾਲੀ ਭਾਜਪਾ ਗਠਜੋੜ ਵੱਲੋਂ ਲੁਧਿਆਣਾ ਲੋਕ ਸਭਾ ਸੀਟ ਜਿੱਤਣ ਵਾਲ਼ਾ ਚੈਪਟਰ ਲੁਧਿਆਣੇ ਵਾਲ਼ੇ ਬੈਂਸ ਭਰਾਵਾਂ ਵੱਲੋਂ ਮੁੜ ਦੁਹਰਾਏ ਜਾਣ ਦੀਆਂ ਚਰਚਾਵਾਂ ਅੱਜਕਲ੍ਹ ਲੁਧਿਆਣਾ ਲੋਕ ਸਭਾ ਹਲਕੇ ਦੇ ਪਿੰਡਾਂ, ਸੱਥਾਂ, ਚੌਪਾਲਾਂ ‘ਚ ਛਿੜ ਚੁੱਕੀਆਂ ਹਨ। ਕਿਆਸੇ ਹਨ ਕਿ ਅਕਾਲੀ ਦਲ ਦੇ ਭਾਜਪਾ ਨਾਲੋਂ ਵੱਖ ਹੋਣ ਤੋਂ ਬਾਅਦ ਬੈਂਸ ਭਰਾ ਆਪਣੀ ਲੋਕ ਇਨਸਾਫ ਪਾਰਟੀ ਦਾ ਗੱਠਜੋੜ ਕਰਕੇ ਖੇਤਰੀ ਪਾਰਟੀ ਦੇ ਪਏ ਖੱਪੇ ਨੂੰ ਪੂਰਨ ਦੇ ਨਾਲ਼ ਨਾਲ਼ ਭਾਜਪਾ ਦੇ ਖਾਤੇ ਲੁਧਿਆਣਾ ਸੀਟ ਪਾ ਸਕਦੇ ਹਨ। ਆਜ਼ਾਦ ਤੌਰ ‘ਤੇ ਬੈਂਸ ਭਰਾਵਾਂ ਨੇ ਸੰਨ 2012 ‘ਚ ਅਜ਼ਾਦ ਵਿਧਾਨ ਸਭਾ ਚੋਣ ਜਿੱਤ ਕੇ ਨਾਮੀ ਸਿਆਸੀ ਲੀਡਰਾਂ ਦੇ ਦੰਦਾਂ ਹੇਠ ਜੀਭ ਲਿਆ ਦਿੱਤੀ ਸੀ, 2017 ‘ਚ ਆਮ ਆਦਮੀ ਪਾਰਟੀ ਨਾਲ਼ ਗੱਠਜੋੜ ਹੋਇਆ ਅਤੇ ਵਿਧਾਨ ਸਭਾ ਚੋਣ ਜਿੱਤੀ। ਬੇਸ਼ਕ 2022 ਦੀਆਂ ਚੋਣਾਂ ‘ਚ ਬੈਂਸ ਭਰਾਵਾਂ ਨੂੰ ਲੋਕ ਫਤਵਾ ਉਲਟ ਮਿਲਿਆ ਪਰ ਮੌਜੂਦਾ ਸਿਆਸੀ ਸਮੀਕਰਨ ਓਨ੍ਹਾਂ ਦੇ ਪਾਲ਼ੇ ‘ਚ ਜਾਂਦੇ ਨਜ਼ਰ ਆ ਰਹੇ ਹਨ। ਲੋਕ ਇਨਸਾਫ ਪਾਰਟੀ ਵਲੋਂ 2019 ਦੀ ਲੋਕ ਸਭਾ ਚੋਣ ਲਡ਼ਨ ਵਾਲ਼ੇ ਸਿਮਰਜੀਤ ਬੈਂਸ ਨੇ ਉਸ ਵਕਤ ਕਈ ਲੱਖ ਵੋਟਾਂ ਪ੍ਰਾਪਤ ਕਰਕੇ ਜੇਤੂ ਕਾਂਗਰਸੀ ਉਮੀਦਵਾਰ ਨੂੰ ਤਕੜੀ ਟੱਕਰ ਦਿੱਤੀ ਸੀ। ਜੇਕਰ ਭਾਰਤੀ ਜਨਤਾ ਪਾਰਟੀ ਨਾਲ਼ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਦਾ ਗੱਠਜੋੜ ਹੁੰਦਾ ਹੈ ਤਾਂ ਲੁਧਿਆਣਾ ਸੀਟ ਬੀ.ਜੇ.ਪੀ ਖਾਤੇ ਜਾ ਸਕਦੀ ਹੈ।