ਬਠਿੰਡਾ (ਭੰਗੂ) ਐਤਵਾਰ ਨੂੰ ਪੁਲਿਸ ‘ਤੇ ਫਾਈਰਿੰਗ ਕਰਨ ਵਾਲੇ ਦੋਵੇਂ ਕਥਿਤ ਦੋਸ਼ੀਆਂ ਖਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਫਰਾਰ ਹੋਏ ਕਥਿਤ ਦੋਸ਼ੀ ਅਵਤਾਰ ਸਿੰਘ ਦੋਦਾ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਪੁਲਿਸ ਫੜ੍ਹੇ ਗਏ ਕਥਿਤ ਦੋਸ਼ੀ ਸੁਖਦੀਪ ਸਿੰਘ ਵਾਸੀ ਬੀਬੀ ਵਾਲਾ ਰੋਡ ਬਠਿੰਡਾ ਤੋਂ ਕੀਤੀ ਪੁਛਗਿੱਛ ਦੇ ਆਧਾਰ ‘ਤੇ ਜਾਂਚ ਨੂੰ ਅੱਗੇ ਵਧਾ ਰਹੀ ਹੈ। ਜ਼ਿਰਕਯੋਗ ਹੈ ਕਿ ਪੀਸੀਆਰ ਟੀਮ ਨੇ ਨਸ਼ਾ ਤਸਕਰੀ ਦੇ ਸ਼ੱਕ ਦੇ ਆਧਾਰ ‘ਤੇ ਹੋਟਲ ਸੈਪਲ ਨੇੜੇ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਨੇ ਪੁਲਿਸ ‘ਤੇ ਫਾਈਰਿੰਗ ਕਰ ਦਿੱਤੀ ਅਤੇ ਕਾਰ ਭਜਾ ਕੇ ਲੈ ਗਏ। ਜਵਾਬ ਵਿਚ ਪੀਸੀਆਰ ਟੀਮ ਨੇ ਵੀ ਗੋਲ਼ੀਆਂ ਚਲਾ ਦਿੱਤੀਆਂ ਅਤੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਟੀਮ ਨੇ ਭੱਟੀ ਰੋਡ ‘ਤੇ ਕਾਰ ਨੂੰ ਘੇਰ ਲਿਆ, ਜਿੱਥੇ ਕਾਰ ‘ਚ ਸਵਾਰ ਇਕ ਨੌਜਵਾਨ ਨੂੰ ਪੁਲਿਸ ਟੀਮ ਨੇ ਕਾਬੂ ਕਰ ਲਿਆ ਜਦਕਿ ਦੂਜਾ ਫਰਾਰ ਹੋ ਗਿਆ। ਉਸ ਦੀ ਪਛਾਣ ਸੁਖਦੀਪ ਵਾਸੀ ਬਠਿੰਡਾ ਅਤੇ ਫਰਾਰ ਮੁਲਜ਼ਮ ਦੀ ਪਛਾਣ ਅਵਤਾਰ ਦੋਦਾ ਵਜੋਂ ਹੋਈ ਸੀ। ਪੁਲਿਸ ਟੀਮ ਦਾ ਦਾਅਵਾ ਹੈ ਕਿ ਦੋਵੇਂ ਕਥਿਤ ਦੋਸ਼ੀ ਨਸ਼ਾ ਤਸਕਰੀ ਦਾ ਕੰਮ ਕਰਦੇ ਸਨ ਅਤੇ ਉਹ ਸੈਪਲ ਹੋਟਲ ਨੇੜੇ ਸ਼ੱਕੀ ਹਾਲਾਤਾਂ ਵਿਚ ਘੁੰਮ ਰਹੇ ਸਨ। ਸਹਾਇਕ ਥਾਣੇਦਾਰ ਅੰਮਿ੍ਤਪਾਲ ਸਿੰਘ ਨੇ ਦੱਸਿਆ ਪੁਲਿਸ ‘ਤੇ ਗੋਲੀ ਚਲਾਉਣ ਬਾਅਦ ਪਿਸਤੌਲ ਸਮੇਤ ਫਰਾਰ ਹੋਏ ਕਥਿਤ ਦੋਸ਼ੀ ਅਵਤਾਰ ਸਿੰਘ ਦੋਦਾ ਦੀ ਭਾਲ ਲਈ ਲਾਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।