ਫਿਰੋਜ਼ਪੁਰ 3 ਅਪ੍ਰੈਲ (ਵਿਕਾਸ ਮਠਾੜੂ – ਮੋਹਿਤ ਜੈਨ) : ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 05 ਅਪ੍ਰੈਲ 2023 (ਬੁੱਧਵਾਰ) ਨੂੰ ਨਵੀਂ ਦਾਣਾ ਮੰਡੀ ਫ਼ਿਰੋਜਪੁਰ ਛਾਉਣੀ ਵਿਖੇ ਸਵੇਰੇ 10:00 ਵਜੇ ਤੋਂ 2:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਤੇਜ ਪਾਲ ਸਿੰਘ ਨੇ ਦਿੱਤੀ।ਇਸ ਕੈਂਪ ਵਿੱਚ ਐਡਵੋਕੇਟ ਰਜਨੀਸ਼ ਦਹੀਯਾ ਵਿਧਾਇਕ ਫ਼ਿਰੋਜਪੁਰ ਦਿਹਾਤੀ ਅਤੇ ਰਣਬੀਰ ਸਿੰਘ ਭੁੱਲਰ ਵਿਧਾਇਕ ਫ਼ਿਰੋਜਪੁਰ ਸ਼ਹਿਰੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਣਗੇ। ਇਸ ਕੈਂਪ ਵਿੱਚ ਕਿਸਾਨਾਂ ਨੂੰ ਸਾਉਣੀ ਦੀ ਪ੍ਰਮੁੱਖ ਫ਼ਸਲ ਝੋਨਾ ਅਤੇ ਬਾਸਮਤੀ ਬਾਰੇ ਤਕਨੀਕੀ ਜਾਣਕਾਰੀ ਦੇਣ ਤੋਂ ਇਲਾਵਾ ਇਨ੍ਹਾਂ ਦੇ ਉੱਤਮ ਬੀਜ ਵੀ ਮੁਹੱਈਆ ਕਰਵਾਏ ਜਾਣਗੇ।ਬਾਸਮਤੀ ਦੀ ਖੇਤੀ ਬਾਰੇ ਵਿਸ਼ੇਸ਼ ਜਾਣਕਾਰੀ ਵੀ ਇਸ ਕੈਂਪ ਵਿੱਚ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਚਲਾਈਆਂ ਜਾਣ ਵਾਲੀਆਂ ਬੱਸਾਂ ਰਾਹੀਂ ਇਸ ਕੈਂਪ ਵਿੱਚ ਪੁੱਜਣ ਲਈ ਆਪਣੇ ਨਜਦੀਕੀ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਬਨਾਉਣ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਉੱਤਮ ਬੀਜਾਂ ਦੇ ਨਾਲ-ਨਾਲ ਕਿਸਾਨਾਂ ਨੂੰ ਫ਼ਸਲਾਂ ਬਾਰੇ ਫ਼ਰੀ ਕਿਤਾਬਚੇ ਵੀ ਵੰਡੇ ਜਾਣਗੇ। ਖੇਤੀਬਾੜੀ ਵਿਭਾਗ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜਪੁਰ ਤੇ ਬਾਗਬਾਨੀ ਵਿਭਾਗ ਵੀ ਇਸ ਕੈਂਪ ਵਿੱਚ ਕਿਸਾਨਾਂ ਦੇ ਰੂਬਰੂ ਹੋਣਗੇ। ਸਿਖਲਾਈ ਕੈਂਪ ਦਾ ਇੱਕ ਹੋਰ ਖਿੱਚ ਕੇਂਦਰ ਇਸ ਵਿੱਚ ਲਗਾਏ ਜਾਣ ਵਾਲੇ ਵੱਖ-ਵੱਖ ਸਟਾਲ ਹੋਣਗੇ ਜਿੰਨ੍ਹਾਂ ਵਿੱਚ ਕਿਸਾਨਾਂ ਨੂੰ ਵਾਜਬ ਮੁੱਲ ‘ਤੇ ਲਘੂ ਖੇਤੀ ਸੰਦ (ਕਹੀਆਂ, ਰੰਬੇ, ਦਾਤੀਆਂ ਆਦਿ), ਛਾਂ ਦਾਰ ਪੌਦੇ, ਮਿਆਰੀ ਸਾਹਿਤ ਵੀ ਉਪਲਭਧ ਕਰਵਾਇਆ ਜਾਵੇਗਾ। ਖੇਤੀ ਸਹਾਇਕ ਧੰਦਿਆਂ ਵਿੱਚ ਕਾਮਯਾਬ ਕਿਸਾਨ ਵੀ ਆਪਣੇ ਉਤਪਾਦ ਲੈ ਕੇ ਇਸ ਕਿਸਾਨ ਮੇਲੇ ਵਿੱਚ ਸ਼ਮੂਲੀਅਤ ਕਰਨਗੇ। ਉਪਰੰਤ ਮੇਲੇ ਵਿੱਚ ਆਏ ਸਮੂਹ ਕਿਸਾਨਾਂ ਲਈ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ।