ਫਰੀਦਕੋਟ, 30 ਦਸੰਬਰ (ਰਾਜੇਸ਼ ਜੈਨ – ਭਗਵਾਨ ਭੰਗੂ) : ਵਿਦੇਸ਼ ਜਾ ਕੇ ਕਾਮਯਾਬ ਵਿਅਕਤੀ ਬਣਨ ਦੀ ਚਾਹਤ ਵਿੱਚ ਜੈਤੋ ਦਾ ਵਸਨੀਕ ਹਰੀਸ਼ ਕੁਮਾਰ 65 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਜ਼ਿਲ੍ਹਾ ਪੁਲਿਸ ਮੁਖੀ ਫਰੀਦਕੋਟ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਜੈਤੋ ਥਾਣੇ ਦੀ ਪੁਲਿਸ ਨੇ ਦਿਵੇਸ਼ ਜੈਨ ਅਤੇ ਉਸ ਦੀ ਪਤਨੀ ਅਤੇ ਪਿਤਾ ਵਾਸੀਆਨ ਮਹਾਵੀਰ ਪਾਰਕ ਜੈਤੋ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਹਰੀਸ਼ ਕੁਮਾਰ ਨੇ ਦੱਸਿਆ ਕਿ ਉਹ ਬੇਰੁਜ਼ਗਾਰ ਹੈ ਤੇ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹ ਵਰਾਇਟੀ ਸਟੋਰ ਦੇ ਨਾਂ ਦੀ ਦੁਕਾਨ ਚਲਾਉਂਦਾ ਹੈ। ਉਸ ਦੀ ਜ਼ਿੰਦਗੀ ਵਿੱਚ ਕਾਮਯਾਬ ਬਣਨ ਦੀ ਚਾਹਤ ਸੀ ਤੇ ਉਸ ਕੋਲ ਸਾਮਾਨ ਦੀ ਖਰੀਦੋ-ਫਰੋਖਤ ਕਰਨ ਆਉਂਦੇ ਦਿਵੇਸ਼ ਜੈਨ ਤੇ ਉਸ ਦੀ ਪਤਨੀ ਨਾਲ ਜਾਣ-ਪਛਾਣ ਹੋ ਗਈ ਤੇ ਉਨ੍ਹਾਂ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 65 ਲੱਖ ਰੁਪਏ ਦੀ ਠੱਗੀ ਮਾਰ ਲਈ।ਤਫਤੀਸ਼ੀ ਅਫਸਰ ਏਐੱਸਆਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮਾਮਲੇ ਦੀ ਪੜਤਾਲ ਕਰਵਾਉਣ ਉਪਰੰਤ ਕਾਨੂੰਨੀ ਰਾਇ ਲੈਣ ਤੋਂ ਬਾਅਦ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੈਤੋ ਥਾਣੇ ਵਿਖੇ ਦਿਵੇਸ਼ ਜੈਨ, ਉਸ ਦੇ ਪਿਤਾ ਬਾਲ ਕ੍ਰਿਸ਼ਨ ਅਤੇ ਪਤਨੀ ਰਾਖੀ ਜੈਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਂਝ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੀ ਕੋਸ਼ਿਸ਼ ਜਾਰੀ ਹੈ। ਉਮੀਦ ਹੈ ਕਿ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।