ਅੰਮ੍ਰਿਤਸਰ (ਰਾਜੇਸ ਜੈਨ) ਗੁਰੂ ਨਗਰੀ ਵਾਸੀਆਂ ਨੂੰ ਮੰਜ਼ਿਲ ਤੱਕ ਪਹੁੰਚਾਉਂਣ ਵਾਲੀਆਂ ਬੀਆਰਟੀਐਸ ਅਤੇ ਸਿਟੀ ਬੱਸ ਸੇਵਾਵਾਂ ਸਰਕਾਰੀ ਉਦਾਸੀਨਤਾ ਦਾ ਸ਼ਿਕਾਰ ਹੋ ਗਈਆਂ ਹਨ। ਇਨ੍ਹਾਂ ਦੋਵਾਂ ਬੱਸ ਸੇਵਾਵਾਂ ਦੇ ਪਹੀਏ ਠੱਪ ਹੋ ਗਏ ਹਨ। ਕਰੋੜਾਂ ਰੁਪਏ ਦੇ ਇਹ ਪ੍ਰੋਜੈਕਟ ਹੁਣ ਬੀਤੇ ਦੀ ਗੱਲ ਹੋ ਗਏ ਹਨ ਪਰ ਸ਼ਹਿਰ ਵਾਸੀਆਂ ਲਈ ਇਹ ਖੁਸ਼ਖਬਰੀ ਹੈ ਕਿ ਹੁਣ ਸਾਡੇ ਸ਼ਹਿਰ ਵਿੱਚ ਈ-ਬੱਸ ਸੇਵਾ ਸ਼ੁਰੂ ਹੋਣ ਵਾਲੀ ਹੈ। ਕੇਂਦਰ ਸਰਕਾਰ ਵੱਲੋਂ ਸਪਾਂਸਰ ਕੀਤੀ ਗਈ ਈ-ਬੱਸ ਸੇਵਾ ਦੇ ਪਹਿਲੇ ਪੜਾਅ ਵਿੱਚ 100 ਬੱਸਾਂ ਸੜਕਾਂ ’ਤੇ ਉਤਾਰੀਆਂ ਜਾਣਗੀਆਂ। ਜੇਕਰ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਬੱਸਾਂ ਇਸ ਸਾਲ ਹੀ ਸ਼ਹਿਰ ਵਾਸੀਆਂ ਦੀ ਸੇਵਾ ਲਈ ਉਪਲਬਧ ਹੋ ਜਾਣਗੀਆਂ।
ਦਰਅਸਲ ਪੰਜਾਬ ਸਰਕਾਰ ਨੇ ਬੀਆਰਟੀਐਸ ਬੱਸ ਅਤੇ ਸਿਟੀ ਬੱਸ ਸੇਵਾ ’ਤੇ ਕਰੋੜਾਂ ਰੁਪਏ ਖਰਚ ਕੀਤੇ ਸਨ, ਪਰ ਤਿੰਨ-ਚਾਰ ਸਾਲਾਂ ਬਾਅਦ ਇਨ੍ਹਾਂ ਬੱਸਾਂ ਦੇ ਪਹੀਏ ਅਨਿਸ਼ਚਿਤਤਾ ਕਾਰਨ ਰੁਕ ਗਏ ਹਨ। ਸਿਟੀ ਬੱਸਾਂ ਦੀ ਥਾਂ ਬੀਆਰਟੀਐਸ ਨੇ ਲਈ ਪਰ ਇਸ ਨੂੰ ਚਲਾਉਣ ਵਾਲੀ ਕੰਪਨੀ ਠੇਕਾ ਛੱਡ ਕੇ ਭੱਜ ਗਈ। ਹੁਣ ਤੀਜੀ ਵਾਰ ਪੀਐਮ ਈ-ਬੱਸ ਸੇਵਾ ਸ਼ੁਰੂ ਹੋਣ ਵਾਲੀ ਹੈ। ਪਿਛਲੇ ਅਗਸਤ ਵਿੱਚ ਕੇਂਦਰ ਨੇ ਦੇਸ਼ ਦੇ 169 ਸ਼ਹਿਰਾਂ ਵਿੱਚ ਪੀਐਮ ਈ-ਬੱਸ ਸੇਵਾ ਦੇ ਸੰਚਾਲਨ ਨੂੰ ਮਨਜ਼ੂਰੀ ਦਿੱਤੀ ਸੀ। ਇਸ ਵਿਚ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਦੀ ਚੋਣ ਕੀਤੀ ਗਈ ਹੈ। ਅੰਮ੍ਰਿਤਸਰ ਵਿੱਚ 100 ਬੱਸਾਂ ਚੱਲਣਗੀਆਂ। ਇਨ੍ਹਾਂ ਦੀ ਚਾਰਜਿੰਗ ਲਈ ਛੇ ਥਾਵਾਂ ’ਤੇ ਚਾਰਜਿੰਗ ਸਟੇਸ਼ਨ ਲਗਾਏ ਜਾਣਗੇ। ਇਨ੍ਹਾਂ ਵਿੱਚ ਮਾਲ ਮੰਡੀ ਬੱਸ ਡਿਪੂ, ਵੇਰਕਾ ਬੱਸ ਡਿਪੂ, ਇੰਡੀਆ ਗੇਟ ਬੱਸ ਟਰਮੀਨਲ, ਗੋਲਡਨ ਗੇਟ ਬੱਸ ਟਰਮੀਨਲ, ਵੇਰਕਾ ਜਨਰਲ ਬੱਸ ਟਰਮੀਨਲ ਅਤੇ ਏਅਰਪੋਰਟ ਬੱਸ ਟਰਮੀਨਲ ਸ਼ਾਮਲ ਹਨ। ਇਹ ਸੇਵਾ ਇਸ ਸਾਲ ਸ਼ੁਰੂ ਹੋਣ ਦੀ ਸੰਭਾਵਨਾ ਹੈ। ਟੈਂਡਰ ਪ੍ਰÇਕਿਰਆ ਜਨਵਰੀ ਦੇ ਅੰਤ ਤੱਕ ਹੋਵੇਗੀ।ਅਸਲੀਅਤ ਇਹ ਹੈ ਕਿ ਬੀਆਰਟੀਐਸ ਸੇਵਾ ਮਾੜੇ ਪ੍ਰਬੰਧਾਂ ਅਤੇ ਆਮਦਨ ਨਾ ਹੋਣ ਕਾਰਨ ਦਮ ਤੋੜ ਗਈ। ਗਲਿਆਰੇ ਦੀਆਂ ਗਰਿੱਲਾਂ ਵੀ ਕਈ ਥਾਵਾਂ ਤੋਂ ਗਾਇਬ ਹੋ ਗਈਆਂ ਹਨ। ਬੱਸਾਂ ਦੇ ਰੱਖ-ਰਖਾਅ ਅਤੇ ਖਰਚੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਦੋਂ ਸਿਟੀ ਬੱਸ ਬੰਦ ਹੋਈ ਤਾਂ ਬੀਆਰਟੀਐਸ ਸ਼ੁਰੂ ਹੋ ਗਈ ਤੇ ਹੁਣ ਈ-ਬੱਸ ਸ਼ੁਰੂ ਕਰਨ ਦੀ ਯੋਜਨਾ ਹੈ। ਸਮਾਜ ਸੇਵੀ ਜੈਗੋਪਾਲ ਲਾਲੀ ਦਾ ਕਹਿਣਾ ਹੈ ਕਿ ਈ-ਬੱਸ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰ ਨੂੰ ਬੀਆਰਟੀਐਸ ਅਤੇ ਸਿਟੀ ਬੱਸਾਂ ਦੇ ਬੰਦ ਹੋਣ ਦੇ ਕਾਰਨਾਂ ਦੀ ਜਾਂਚ ਕਰਨੀ ਚਾਹੀਦੀ ਹੈ। ਤਾਂ ਹੀ ਈ-ਬੱਸ ਸੇਵਾ ਸ਼ੁਰੂ ਕੀਤੀ ਜਾਵੇ।