Home ਸਭਿਆਚਾਰ ਸੂਫ਼ੀ ਸੰਗੀਤ ਆਤਮਾ ਦਾ ਸਕੂਨ, ਨੌਜਵਾਨ ਚੰਗਾ ਸੰਗੀਤ ਸੁਣਨ ਅਤੇ ਹੋਰਾਂ ਨੂੰ...

ਸੂਫ਼ੀ ਸੰਗੀਤ ਆਤਮਾ ਦਾ ਸਕੂਨ, ਨੌਜਵਾਨ ਚੰਗਾ ਸੰਗੀਤ ਸੁਣਨ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਨ – ਕੰਵਰ ਗਰੇਵਾਲ

40
0

ਮਾਲੇਰਕੋਟਲਾ, 15 ਦਸੰਬਰ ( ਅਨਿਲ ਕੁਮਾਰ, ਸੰਜੀਵ ਗੋਇਲ)-ਪ੍ਰਸਿੱਧ ਸੂਫ਼ੀ ਅਤੇ ਲੋਕ ਗਾਇਕ ਕੰਵਰ ਗਰੇਵਾਲ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸੂਫ਼ੀ ਫੈਸਟੀਵਲ ਦੀ ਸ਼ਲਾਘਾ ਕਰਦਿਆਂ ਦਾਅਵੇ ਨਾਲ ਕਿਹਾ ਹੈ ਕਿ ਇਹ ਫੈਸਟੀਵਲ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਕੁਝ ਦੇਵੇਗਾ।
ਸਮਾਗਮ ਤੋਂ ਪਹਿਲਾਂ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ
ਸਾਡੀ ਤਾਂ ਵਿਰਾਸਤ ਹੀ ਸੂਫ਼ੀ ਗਾਇਕੀ ਅਤੇ ਸੰਗੀਤ ਹੈ। ਇਸ ਬਾਰੇ ਸਾਡੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਹੈ। ਅੱਜ ਜੇਕਰ ਪੰਜਾਬ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ ਤਾਂ ਇਹ ਇਕ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਖਾਸ ਕਰਕੇ ਇਹ ਫੈਸਟੀਵਲ ਮਾਲੇਰਕੋਟਲਾ ਵਿੱਚ ਕਰਾਉਣ ਦਾ ਫੈਸਲਾ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਜੇਕਰ ਚੜ੍ਹਦੇ ਪੰਜਾਬ ਵਿੱਚ ਸੂਫ਼ੀ ਸੰਗੀਤ ਦੀ ਗੱਲ ਕਰੀ ਜਾਵੇ ਤਾਂ ਇਹ ਮਾਣ ਮਾਲੇਰਕੋਟਲਾ ਨੂੰ ਹੀ ਜਾਂਦਾ ਹੈ ਜਿੱਥੇ ਸੂਫ਼ੀ ਸੰਗੀਤ ਨੇ ਬਹੁਤ ਸੰਘਰਸ਼ ਅਤੇ ਤਰੱਕੀ ਕੀਤੀ ਹੈ। ਉਹਨਾਂ ਕਿਹਾ ਕਿ ਮਾਲੇਰਕੋਟਲਾ ਵਿੱਚ ਸੂਫ਼ੀ ਫੈਸਟੀਵਲ ਦੌਰਾਨ ਪ੍ਰੋਗਰਾਮ ਪੇਸ਼ ਕਰਨ ਨਾਲ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਉਹ ਆਪਣੇ ਬਜ਼ੁਰਗਾਂ ਦੇ ਘਰ ਵਿਚ ਪੇਸ਼ਕਾਰੀ ਦੇ ਰਹੇ ਹਨ।
ਉਹਨਾਂ ਕਿਹਾ ਕਿ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਕੁਝ ਗਲਤ ਤਰੀਕੇ ਨਾਲ ਪਰੋਸਿਆ ਜਾ ਰਿਹਾ ਹੈ। ਜਿਸ ਤੋਂ ਸੂਬੇ ਦੀ ਜਵਾਨੀ ਨੂੰ ਸੰਭਾਲਣ ਦੀ ਫੌਰੀ ਲੋੜ ਹੈ। ਅਜਿਹੇ ਸਮਾਗਮ ਇਕ ਲਹਿਰ ਬਣਨੇ ਚਾਹੀਦੇ ਹਨ। ਹਰੇਕ ਸ਼ਹਿਰ ਵਿੱਚ ਅਜਿਹੇ ਸਮਾਗਮ ਹੋਣੇ ਚਾਹੀਦੇ ਹਨ। ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਚੰਗਾ ਸੰਗੀਤ ਸੁਣਨ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਨ। ਸੂਫ਼ੀ ਸੰਗੀਤ ਆਤਮਾ ਦਾ ਸਕੂਨ ਹੈ।

LEAVE A REPLY

Please enter your comment!
Please enter your name here