ਜਗਰਾਉਂ, 15 ਦਸੰਬਰ ( ਜਗਰੂਪ ਸੋਹੀ, ਅਸ਼ਵਨੀ )- ਬਲਾਕ ਵਿਕਾਸ ਪੰਚਾਇਤ ਅਫਸਰ ਬਲਜੀਤ ਸਿੰਘ ਬਾਘਾ, ਜੋ ਕਿ ਜਗਰਾਉਂ ਦੇ ਨਾਲ ਸਿੱਧਵਾਂਬੇਟ ਖੇਤਰ ਦੇ ਇੰਚਾਰਜ ਵੀ ਸਨ, ਨੂੰ ਸ਼ੁੱਕਰਵਾਰ ਨੂੰ ਪਿੰਡ ਬਸੈਮੀ ਦੇ ਸਰਪੰਚ ਸੁਖਵਿੰਦਰ ਸਿੰਘ ਤੋਂ 15,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤਾ ਗਿਆ। ਬੀਡੀਪੀਓ ਨੂੰ ਥਾਣਾ ਸਿੱਧਵਾਂਬੇਟ ਥਾਣੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਹ ਕਾਰਵਾਈ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾ.ਕੇ.ਐਨ.ਐਸ.ਕੰਗ ਦੀ ਅਗਵਾਈ ਹੇਠ ਕੀਤੀ ਗਈ। ’ਆਪ’ ਦੇ ਹਲਕਾ ਦਾਖਾ ਦੇ ਇੰਚਾਰਜ ਕੰਗ ਨੂੰ ਸਰਪੰਚ ਸੁਖਵਿੰਦਰ ਸਿੰਘ ਵੱਲੋਂ ਬੀ.ਡੀ.ਪੀ.ਓ. ਦੀ ਤਰਫੋਂ ਪੰਚਾਇਤੀ ਫੰਡ ਕਲੀਅਰ ਕਰਨ ਦੇ ਮਾਮਲੇ ’ਚ ਉਸ ਤੋਂ 15,000 ਰੁਪਏ ਦੀ ਰਿਸ਼ਵਤ ਮੰਗਣ ਦੀ ਸੂਚਨਾ ਦਿਤੀ ਗਈ ਸੀ। ਜਿਸ ਦਾ ਨੋਟਿਸ ਲੈਂਦਿਆਂ ਉਨ੍ਹਾਂ ਆਪਣੀ ਟੀਮ ਸਮੇਤ ਬੀਡੀਪੀਓ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਥਾਣਾ ਸਿੱਧਵਾਂਬੇਟ ਦੇ ਹਵਾਲੇ ਕਰ ਦਿੱਤਾ। ਇਹ ਕਾਰਵਾਈ ਪੂਰੀ ਯੋਜਨਾਬੰਦੀ ਨਾਲ ਕੀਤੀ ਗਈ। ਸਰਪੰਚ ਵੱਲੋਂ ਬੀਡੀਪੀਓ ਨੂੰ ਦਿੱਤੇ 500 ਰੁਪਏ ਦੇ ਨੋਟਾਂ ਦੀੇ ਪਹਿਲਾਂ ਫੋਟੋ ਸਟੇਟ ਕਰਵਾਈ ਗਈ। ਜਦੋਂ ਬੀਡੀਪੀਓ ਨੂੰ ਨੋਟ ਦੇ ਦਿਤੇ ਗਏ ਤਾਂ ਉਸੇ ਸਮੇਂ ਕੰਗ ਵੀ ਆਪਣੇ ਸਾਥੀਆਂ ਸਮੇਤ ਉਥੇ ਪਹੁੰਚ ਗਏ ਅਤੇ ਬੀਡੀਪੀਓ ਨੂੰ ਸਰਪੰਚ ਤੋਂ ਲਏ 15 ਹਜ਼ਾਰ ਰੁਪਏ ਵਾਪਸ ਦੇਣ ਲਈ ਕਿਹਾ ਤਾਂ ਬੀਡੀਪੀਓ ਨੇ ਜਲਦਬਾਜ਼ੀ ਵਿੱਚ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਹੇਠਾਂ ਸੁੱਟ ਦਿੱਤੇ। ਉਸ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਉਸਨੇ ਕੋਈ ਪੈਸਾ ਨਹੀਂ ਲਿਆ। ਜਿਹੜੇ ਪੈਸੇ ਸੁੱਟੇ ਹੋਏ ਹਨ ਉਹ ਉਸ ਨੇ ਨਹੀਂ ਸਗੋਂ ਤੁਸੀਂ ਹੀ ਸੁੱਟੇ ਹਨ ਅਤੇ ਉਸ ਨੂੰ ਫਸਾਉਣ ਲਈ ਵੀਡੀਓ ਬਣਾ ਰਹੇ ਹੋ। ਬਾਅਦ ਵਿੱਚ ਜਦੋਂ ਨੋਟਾਂ ਦੀ ਫੋਟੋ ਸਟੇਟ ਨਾਲ ਨੰਬਰਾਂ ਦਾ ਮੇਲ ਹੋਇਆ ਤਾਂ ਬੀਡੀਪੀਓ ਤੁਰੰਤ ਆਪਣੀ ਗਲਤੀ ਮੰਨਣ ਲੱਗੇ । ਪਰ ਕੰਗ ਨੇ ਥਾਣਾ ਸਿੱਧਵਾਂਬੇਟ ਦੀ ਪੁਲੀਸ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ।