ਲੁਧਿਆਣਾ, 16 ਮਾਰਚ ( ਜਗਰੂਪ ਸੋਹੀ, ਸੰਜੀਵ ਗੋਇਲ ) :- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਐੱਸ. ਐੱਸ. ਚੰਨੀ (ਸਾਬਕਾ ਆਈ.ਏ.ਐਸ.) ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਆਟਾ ਮਿੱਲਾਂ ਦੇ ਨਾਲ ਮਿਲਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ’ ਤਹਿਤ ਪੰਜਾਬ ਦੇ ਲੋਕਾਂ ਨੂੰ ਭੇਜੀ ਗਈ ਵਧੀਆ ਕੁਆਲਿਟੀ ਦੀ ਕਣਕ ਵਿੱਚ ਘਪਲਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਰੀ ਆਪਣੇ ਪ੍ਰੈਸ ਬਿਆਨ ਵਿੱਚ ਚੰਨੀ ਨੇ ਕਿਹਾ ਕਿ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਜੋ ਚੰਗੀ ਕੁਆਲਿਟੀ ਦੀ ਕਣਕ ਭੇਜੀ ਜਾ ਰਹੀ ਹੈ, ਉਸਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਆਟਾ ਮਿੱਲਾਂ ਦੇ ਨਾਲ ਮਿਲਕੇ ਪੁਰਾਣੀ ਅਤੇ ਘਟੀਆ ਕੁਆਲਿਟੀ ਦੀ ਕਣਕ ਨਾਲ ਬਦਲ ਕੇ ਉਸਦਾ ਆਟਾ ਪੀਸ ਕੇ ਪੰਜਾਬ ਦੇ ਲੋਕਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਜੋ ਕਿ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੈ, ਜਿਸ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ। ਭਗਵੰਤ ਮਾਨ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਗਵੰਤ ਮਾਨ ਸਰਕਾਰ ਆਟਾ ਬਣਾ ਕੇ ਉਸ ‘ਤੇ ਆਪਣੀ ਫੋਟੋ ਲਗਾ ਕੇ ਵੰਡ ਰਹੀ ਹੈ, ਜੋ ਕਿ ਸਰਾਸਰ ਗਲਤ ਹੈ।
ਐੱਸ. ਐੱਸ. ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਵਿੱਚ ਕੇਂਦਰ ਸਰਕਾਰ ਵੱਲੋਂ ਸਿਹਤ ਮਿਸ਼ਨ ਤਹਿਤ ਭੇਜੇ ਗਏ ਕਰੋੜਾਂ ਰੁਪਏ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ। ਪਹਿਲਾਂ ਤੋਂ ਚੱਲ ਰਹੀਆਂ ਡਿਸਪੈਂਸਰੀਆਂ ਨੂੰ ਰੰਗ-ਰੋਗਾਂ ਕਰਕੇ ਅਤੇ ਇਸਦਾ ਨਾਮ ਬਦਲ ਕੇ ਆਮ ਆਦਮੀ ਕਲੀਨਿਕ ਰੱਖਿਆ ਗਿਆ ਹੈ। ਜਦੋਂ ਕਿ ਇਨ੍ਹਾਂ ਕਲੀਨਿਕਾਂ ਵਿੱਚ ਤਾਇਨਾਤ ਸਟਾਫ਼ ਆਪਣੇ ਅਸਤੀਫ਼ੇ ਦੇ ਰਿਹਾ ਹੈ। ਇਨ੍ਹਾਂ ਕਲੀਨਿਕਾਂ ਵਿੱਚ ਨਾ ਤਾਂ ਦਵਾਈਆਂ ਉਪਲਬਧ ਹਨ ਅਤੇ ਨਾ ਹੀ ਮਰੀਜ਼ਾਂ ਦੇ ਟੈਸਟ ਕੀਤੇ ਜਾ ਰਹੇ ਹਨ। ਇੱਥੋਂ ਤੱਕ ਕਿ ਸਰਕਾਰੀ ਹਸਪਤਾਲਾਂ ਦੀ ਹਾਲਤ ਵੀ ਬਹੁਤ ਚਿੰਤਾਜਨਕ ਬਣ ਚੁੱਕੀ ਹੈ। ਲੋਕ ਸਰਕਾਰੀ ਹਸਪਤਾਲ ਛੱਡ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਮਜਬੂਰ ਹਨ ਅਤੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ।
ਐੱਸ. ਐੱਸ. ਚੰਨੀ ਨੇ ਪੰਜਾਬ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਕੇਂਦਰ ਸਰਕਾਰ ਦੀਆਂ ਲਾਹੇਵੰਦ ਸਕੀਮਾਂ ਨਾਲ ਛੇੜਛਾੜ ਕਰਕੇ ਆਪਣਾ ਨਾਂ ਚਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਿਆਸਤ ਕਾਰਨ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲਾਹੇਵੰਦ ਸਕੀਮਾਂ ਦਾ ਬਣਦਾ ਲਾਭ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦਾ ਲਾਭ ਪੰਜਾਬ ਦੇ ਲੋਕਾਂ ਨੂੰ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਆਪਣੀ ਝੂਠੀ ਸ਼ੋਹਰਤ ਲਈ ਝੂਠੇ ਇਸ਼ਤਿਹਾਰਾਂ ‘ਤੇ ਜਨਤਾ ਦੇ ਟੈਕਸਾਂ ਦੇ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ। ਜਦੋਂ ਕਿ ਜਨਤਾ ਉਨ੍ਹਾਂ ਦੀ ਅਸਲੀਅਤ ਨੂੰ ਜਾਣ ਚੁੱਕੀ ਹੈ ਅਤੇ ਇਸ ਵਾਰ ਚੋਣਾਂ ਵਿੱਚ ਉਹ ਆਮ ਆਦਮੀ ਪਾਰਟੀ ਨੂੰ ਸੱਚਾਈ ਦਾ ਆਈਨਾ ਦਿਖਾ ਦੇਣਗੇ।