ਸੁਧਾਰ, 10 ਅਪ੍ਰੈਲ ( ਭਗਵਾਨ ਭੰਗੂ )-ਵਿਦੇਸ਼ ਜਾਣ ਲਈ ਜਾਅਲੀ ਟਿਕਟਾਂ ਦੇ ਕੇ 2 ਲੱਖ 76 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦਿੱਲੀ ਵਾਸੀ ਇਕ ਵਿਅਕਤੀ ਖ਼ਿਲਾਫ਼ ਥਾਣਾ ਸੁਧਾਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਪਿੰਡ ਮੋਹੀ ਦੀ ਰਹਿਣ ਵਾਲੀ ਸਵਰਨਜੀਤ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਨੇ ਆਪਣੀ ਲੜਕੀ ਨੂੰ ਮਿਲਣ ਵਿਦੇਸ਼ ਜਾਣਾ ਸੀ। ਜਿਸ ਕਾਰਨ ਉਸ ਨੇ ਆਪਣੇ ਅਤੇ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਥਿੰਦ ਲਈ ਦਿੱਲੀ ਤੋਂ ਟੋਰਾਂਟੋ ਲਈ ਏਅਰ ਇੰਡੀਆ ਦੀਆਂ ਦੋ ਟਿਕਟਾਂ ਲੈਣ ਲਈ ਅਨੂਪ ਗੁਪਤਾ ਨਾਲ ਗੱਲਬਾਤ ਕੀਤੀ। ਜਿਨ੍ਹਾਂ ਨੇ 21 ਅਕਤੂਬਰ 2023 ਦੀਆਂ ਟਿਕਟਾਂ ਅਤੇ ਟੋਰਾਂਟੋ ਤੋਂ ਦਿੱਲੀ ਦੀ ਵਾਪਸੀ ਦੀ ਟਿਕਟ ਜੋ 6 ਅਕਤੂਬਰ 2023 ਲਈ ਸੀ। ਜਿਸ ਦੀ ਰਕਮ 2 ਲੱਖ 76 ਹਜ਼ਾਰ ਰੁਪਏ ਉਸ ਨੇ ਗੂਗਲ ਪੇ ਰਾਹੀਂ ਉਸਨੂੰ ਜਮ੍ਹਾਂ ਕਰਵਾ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ ਅਨੂਪ ਕੁਮਾਰ ਨੇ ਗੂਗਲ ਪੇ ਰਾਹੀਂ ਜੋ ਪੈਸੇ ਹਾਸਿਲ ਕੀਤੇ ਸਨ ਉਹ ਅਕਾਊੰਟ ਉਸ ਦੇ ਕਿਸੇ ਜਾਣਕਾਰ ਦਾ ਸੀ ਜਿਸ ਵਿਚ ਉਸਨੇ ਸ਼ਿਕਾਇਤਕਰਤਾ ਪਾਸੋਂ ਪੈਸੇ ਜਮ੍ਹਾਂ ਕਰਵਾਏ ਸਨ। ਜਦੋਂ ਸ਼ਿਕਾਇਤਕਰਤਾ ਅਤੇ ਉਸ ਦਾ ਪੁੱਤਰ 21 ਅਕਤੂਬਰ 2023 ਨੂੰ ਦਿੱਲੀ ਹਵਾਈ ਅੱਡੇ ’ਤੇ ਪਹੁੰਚੇ ਤਾਂ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਟਿਕਟਾਂ ਏਅਰਵੇਜ਼ ਦੁਆਰਾ ਜਾਰੀ ਨਹੀਂ ਕੀਤੀਆਂ ਗਈਆਂ ਸਨ। ਜਿਸ ਕਾਰਨ ਸਵਰਨਜੀਤ ਕੌਰ ਅਤੇ ਉਸਦੇ ਲੜਕੇ ਗੁਰਪ੍ਰੀਤ ਸਿੰਘ ਨੂੰ ਮੌਕੇ ’ਤੇ ਹੀ 3 ਲੱਖ 49 ਹਜ਼ਾਰ ਰੁਪਏ ਦੀਆਂ ਨਵੀਆਂ ਟਿਕਟਾਂ ਖਰੀਦ ਕੇ ਕੈਨੇਡਾ ਜਾਣਾ ਪਿਆ। ਇਸ ਸਬੰਧੀ ਉਸ ਨੇ ਕਈ ਵਾਰ ਅਨੂਪ ਗੁਪਤਾ ਨਾਲ ਸੰਪਰਕ ਕੀਤਾ ਤੇ ਉਹ ਹਰ ਵਾਰ ਟਾਲ-ਮਟੋਲ ਕਰਦੇ ਰਹੇ। ਉਸ ਨੇ ਸ਼ਿਕਾਇਤਕਰਤਾ ਤੋਂ ਲਈ ਰਕਮ ਵਾਪਸ ਨਹੀਂ ਕੀਤੀ। ਸਵਰਨਜੀਤ ਕੌਰ ਦੀ ਸ਼ਿਕਾਇਤ ’ਤੇ ਜਾਂਚ ਤੋਂ ਬਾਅਦ ਅਨੂਪ ਗੁਪਤਾ ਵਾਸੀ ਰਾਮਬਾਗ ਸਰਸਵਤੀ ਵਿਹਾਰ, ਉੱਤਰੀ ਪੱਛਮੀ ਦਿੱਲੀ ਦੇ ਖਿਲਾਫ ਥਾਣਾ ਸੁਧਾਰ ’ਚ ਮਾਮਲਾ ਦਰਜ ਕੀਤਾ ਗਿਆ।