ਤਰਨ ਤਾਰਨ, 15 ਅਪ੍ਰੈਲ (ਅਨਿਲ – ਮੁਕੇਸ਼) : ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਵੱਲੋਂ ਅੱਜ ਆਨਲਾਈਨ ਵਿਧੀ ਰਾਹੀਂ ਜ਼ਿਲ੍ਹੇ ਦੇ ਸੈਕਟਰ ਸੁਪਰਵਾਇਜਰਾਂ ਨੂੰ ਪੋਲ ਡੇਅ ਮੋਨਟਰਿੰਗ ਸਿਸਟਮ (ਪੀ. ਏ. ਐਮ. ਐਸ.) ਐਪ ਸਬੰਧੀ ਆਨਲਾਈਨ ਸਿਖਲਾਈ ਦਿੱਤੀ ਗਈ।ਇਸ ਮੌਕੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀ ਸੀ. ਸਿਬਨ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਤਕਨੀਕੀ ਕਾਰਜ ਪ੍ਰਣਾਲੀ ਹੈ, ਜਿਸ ਰਾਹੀਂ ਸਾਰੀ ਚੋਣ ਪ੍ਰਕ੍ਰਿਆ ਦੀ ਨਾਲੋਂ-ਨਾਲ ਨਿਗਰਾਨੀ ਸੰਭਵ ਹੋ ਸਕੇਗੀ।ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸੰਦੀਪ ਕੁਮਾਰ ਨੇ ਸਾਰੇ ਸੈਕਟਰ ਸੁਪਰਵਾਈਜਰਾਂ ਨੂੰ ਕਿਹਾ ਕਿ ਇਸ ਸਿਖਲਾਈ ਨਾਲ ਉਹ ਇਸ ਨਵੀਂ ਐਪ ਦੀ ਕਾਰਜ ਪ੍ਰਣਾਲੀ ਬਾਰੇ ਜਾਣ ਸਕਣਗੇ।ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਪੋਲਿੰਗ ਪਾਰਟੀਆਂ ਦੀ ਰਵਾਨਗੀ ਤੋਂ ਲੈਕੇ ਮਤਦਾਨ ਤੋਂ ਬਾਅਦ ਈ. ਵੀ. ਐਮ. ਮਸ਼ੀਨਾਂ ਦੇ ਵਾਪਿਸ ਜਮਾਂ ਹੋਣ ਤੱਕ ਸਾਰੀ ਪ੍ਰਕ੍ਰਿਆ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਹਰੇਕ ਪੜਾਅ ਦੀ ਜਾਣਕਾਰੀ ਸੁਪਰਵਾਈਜਰ ਵੱਲੋਂ ਅਪਲੋਡ ਕੀਤੀ ਜਾਵੇਗੀ।