ਮੋਗਾ, 15 ਅਪ੍ਰੈਲ (ਲਿਕੇਸ਼ ਸ਼ਰਮਾ) : ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਮੋਗਾ ਸਾਰੰਗਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵੀਆਂ ਵੋਟਾ ਬਣਾਉਣ, ਵੋਟਾਂ ਦੀ ਮਹਤੱਤਾ ਬਾਰੇ ਜਾਗਰੂਕ ਕਰਨ ਲਈ ਸਵੀਪ ਟੀਮ ਵਲੋਂ ਅੱਜ ਬੂਥ ਨੰਬਰ 53, 54 ਸਰਕਾਰੀ ਪ੍ਰਾਇਮਰੀ ਸਕੂਲ ਘੱਲ ਕਲਾਂ ਵਿਖੇ ਸਵੀਪ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਇਸ ਦੌਰਾਨ ਸੈਕਟਰ ਅਫ਼ਸਰ ਰੋਹਿਤ ਸਿੰਗਲਾ ਦੀ ਦੇਖ ਰੇਖ ਅਧੀਨ ਬੀ.ਐਲ.ਓਜ਼ ਨੇ ਵਿਦਿਆਰਥੀਆ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਵੀਆਂ ਬਣ ਰਹੀਆਂ ਵੋਟਾਂ ਬਾਰੇ ਜਾਗਰੂਕ ਕੀਤਾ।ਉਨ੍ਹਾਂ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੁਲਾਕਾਤ ਦੌਰਾਨ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਚੋਣ ਕਮਿਸ਼ਨ ਵਲੋ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਕੇ ਪੀਣ ਵਾਲਾ ਪਾਣੀ, ਵੀਲਚੇਅਰ, ਗਰਮੀ ਤੋਂ ਬਚਣ ਲਈ ਕਵਰ ਸ਼ੈਡ, ਮੈਡੀਕਲ ਸਹੂਲਤ, ਬਜ਼ੁਰਗ ਵੋਟਰਾ ਲਈ ਆਉਣ ਜਾਣ ਦਾ ਸਾਧਨ ਦੀ ਸਹੂਲਤ ਆਦਿ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹਾਜ਼ਰੀਨ ਨੂੰ ਦੱਸਿਆ ਕਿ ਇਸ ਵਾਰ ਉਹ ਆਪਣੇ ਪਰਿਵਾਰ ਸਮੇਤ ਪੋਲਿੰਗ ਬੂਥਾਂ ਉੱਪਰ ਹਾਜ਼ਰ ਹੋ ਕੇ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਵੋਟ ਪਾਉਣ ਅਤੇ ਵੋਟ ਫੀਸਦੀ ਵਿੱਚ ਵਾਧਾ ਕਰਨ ਲਈ ਯੋਗਦਾਨ ਦੇਣ। ਉਨ੍ਹਾਂ ਦੱਸਿਆ ਕਿ ਮੌਲਿਕ ਅਧਿਕਾਰਾਂ ਵਿੱਚ ਆਉਂਦੇ ਵੋਟ ਦੇ ਅਧਿਕਾਰ ਦੀ ਵਰਤੋਂ ਸਾਨੂੰ ਸਭ ਨੂੰ ਬਿਨ੍ਹਾਂ ਕਿਸੇ ਲਾਲਚ ਅਤੇ ਡਰ ਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਜਰੀਏ ਹੀ ਅਸੀਂ ਇੱਕ ਮਜ਼ਬੂਤ ਲੋਕਤੰਤਰ ਦਾ ਨਿਰਮਾਣ ਕਰ ਸਕਦੇ ਹਾਂ। ਇਸ ਮੌਕੇ ਹਾਜ਼ਰੀਨ ਨੇ ਪੋਲਿੰਗ ਵਿੱਚ ਸ਼ਮੂਲੀਅਤ ਕਰਕੇ ਵੋਟ ਫੀਸਦੀ ਵਿੱਚ ਵਾਧਾ ਕਰਨ ਦਾ ਭਰੋਸਾ ਦਿਵਾਇਆ।