‘‘ ਨਾ ਖੁਦਾ ਹੀ ਮਿਲਾ, ਨਾ ਵਿਸਾਲੇ ਸਨਮ,
ਅਕਾਲੀ ਦਲ ਨੇ ਢੀਂਡਸਾ ਦੀ ਬਜਾਅ ਝੂੰਦਾ ਤੇ ਜਤਾਇਆ ਭਰੋਸਾ
ਸੁਖਦੇਵ ਸਿੰਘ ਢੀਂਡਸਾ, ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ’ਚ ਬਿਤਾਇਆ ਅਤੇ ਇਕ ਸਫਲ ਸਿਆਸਤਦਾਨ ਵਜੋਂ ਆਪਣੀ ਜ਼ਿੰਦਗੀ ਬਤੀਤ ਕੀਤੀ, ਉਹ ਅਤੇ ਉਨ੍ਹਾਂ ਦਾ ਪਰਿਵਾਰ ਇਸ ਸਮੇਂ ਰਾਜਨੀਤਿਕ ਹਾਸ਼ੀਏ ਤੇ ਆ ਖੜਾ ਹੋਇਾ ਹੈ। ਕਿਸੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਅਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਵੱਲੋਂ ਗੁਰੂ ਸਾਹਿਬ ਵਰਗਾ ਪਹਿਰਾਵਾ ਪਾਉਣ ਅਤੇ ਡੇਰਾ ਮੁਖੀ ਨੂੰ ਬਿਨਾਂ ਮੰਗੇ ਮਾਫੀ ਦੇਣ ਦੇ ਮਾਮਲੇ ਵਿੱਚ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਕੇ ਸ਼੍ਰੋਮਣੀ ਅਕਾਲੀ ਦਲ ਛੱਡਣ ਤੋਂ ਬਾਅਦ ਢਈਾਂਢਸ਼ਆ ‘ ਇਹ ਉਮੀਦ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਹੁਤੀ ਲੀਡਰਸ਼ਿਪ ਬਾਦਲਾਂ ਨੂੰ ਛੱਡ ਕੇ ਉਨ੍ਹਾਂ ਨਾਲ ਆ ਖੜੀ ਹੋਵੇਗੀ। ਪਰ ਅਜਿਹਾ ਕੁਝ ਨਹੀਂ ਹੋਇਆ। ਆਪਣਾ ਵੱਖਰਾ ਅਕਾਲੀ ਦਲ ਬਣਾਉਣ ਤੋਂ ਬਾਅਦ ਵੀ ਜਦੋਂ ਕਿਸੇ ਪਾਸੇ ਸਫਲਤਾ ਹੱਥ ਨਹੀਂ ਲੱਗੀ ਤਾਂ ਸੁਖਬੀਰ ਬਾਦਲ ਵੱਲੋਂ ਸ੍ਰੀ ਦਰਬਾਰ ਸਾਹਿਬ ਜਾ ਕੇ ਜਾਣੇ-ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਮੁਆਫ਼ੀ ਮੰਗੀ ਗਈ ਤਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਨਾ ਕਬੂਲਣ ਵਾਲੇ ਸੁਖਦੇਵ ਸਿੰਘ ਢੀਂਡਸਾ ਅਚਾਨਕ ਪਿਘਲ ਗਏ ਅਤੇ ਉਹੀ ਸੁਖਬੀਰ ਬਾਦਲ ਉਨ੍ਹਾਂ ਦੀ ਗੁੱਡ ਬੁੱਕ ਦਾ ਹਿੱਸਾ ਬਣ ਗਿਆ। ਨਹੀਂ ਮਿਲੀ। ਮਾਫੀ ਮੰਗਣ ਦੀ ਸਭ ਤੋਂ ਪਹਿਲੀ ਪ੍ਰਤਿਕ੍ਰਿਆ ਹੀ ਸੁਖਦੇਵ ਸਿੰਘ ਢੀਂਡਸਾ ਦੀ ਸੀ। ਉਸਤੋਂ ਬਾਅਦ ਖੁਦ ਹੀ ਉਨ੍ਹਾਂ ਸੁਖਬੀਰ ਬਾਦਲਨੂੰ ਮਾਫ ਕਰ ਦਿਤਾ ਅਤੇ ਮੁੜ ਅਕਾਲੀ ਦਲ ਦਾ ਹਿੱਸਾ ਬਨਣ ਦੇ ਸੰਕੇਤ ਦੇ ਦਿਤੇ। ਜਿਸਤੇ ਸੁਖਬੀਰ ਬਾਦਲ ਵਲੋਂ ਕਹਿਣ ਤੇ ਉਹ ਝੱਟ ਆਪਣਾ ਸੰਯੁਕਤ ਅਕਾਲੀ ਦਲ ਭੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਸ਼ਾਮਲ ਹੋ ਗਏ। ਉਨ੍ਹਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਵਾਅਦਾ ਕੀਤਾ ਸੀ। ਸੁਖਬੀਰ ਬਾਦਲ ਨੇ ਢੀਂਡਸਾ ਨੂੰ ਪਾਰਟੀ ਦਾ ਸਰਪ੍ਰਸਤ ਬਣਾ ਕੇ ਮਾਣ ਦਿਤਾ। ਉਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਸੰਗਰੂਰ ਲੋਕ ਸਭਾ ਸੀਟ ਹੁਣ ਫਿਰ ਢੀਂਡਸਾ ਪਰਿਵਾਰ ਦੇ ਹੱਥ ਆ ਗਈ ਹੈ। ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਣ ਦੀ ਗੱਲ ਵੀ ਮੰਨੀ ਜਾ ਰਹੀ ਸੀ। ਪਰ ਹੁਣ ਜਦੋਂ ਉਮੀਦਵਾਰ ਐਲਾਨਣ ਦੀ ਵਾਰੀ ਆਈ ਤਾਂ ਸੁਖਬੀਰ ਬਾਦਲ ਨੇ ਢੀਂਡਸਾ ਪਰਿਵਾਰ ਤੇ ਵਿਸਵਾਸ਼ ਕਰਨ ਦੀ ਬਜਾਏ ਐਡਵੋਕੇਟ ਇਕਬਾਲ ਸਿੰਘ ਝੂੰਦਾ ਤੇ ਵਧੇਰੇ ਭਰੋਸਾ ਪ੍ਰਗਟਾਇਆ। ਹਲਕਾ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ ਨੂੰ ਉਮੀਦਵਾਰ ਬਣਾਏ ਜਾਣ ’ਤੇ ਢੀਂਡਸਾ ਪਰਿਵਾਰ ਖੁਦ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਇਥੇ ਪੰਜਾਬੀ ਦੇ ਪ੍ਰਸਿੱਧ ਸ਼ੇਅਰ ਦੀਆਂ ਪੰਕਤੀਆਂ ਯਾਦ ਆ ਰਹੀਆਂ ਹਨ ਜੋ ਕਿ ਢੀਂਡਸਾ ਪਰਿਵਾਰ ਤੇ ਖੂਬ ਢੁਕਦੀਆਂ ਹਨ-
‘‘ ਨਾ ਖੁਦਾ ਹੀ ਮਿਲਾ, ਨਾ ਵਿਸਾਲੇ ਸਨਮ,
ਨਾ ਇਧਰ ਕੇ ਰਹੇ, ਨਾ ਉਧਰ ਕੇ ਰਹੇ । ’’
ਇਥੇ ਜੇਕਰ ਇਕਬਾਲ ਸਿੰਘ ਝੂੰਦਾ ਦੇ ਰਾਜਨੀਤਿਕ ਸਫਰ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਯਾਦ ਹੋਵੇਗਾ ਜਦੋਂ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਜ਼ੀਰੋ ਪੁਜੀਸ਼ਨ ਤੇ ਆ ਖੜਾ ਹੋਇਆ ਤਾਂ ਉਸ ਸਮੇਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਨੂੰ ਮੁੜ ਤੋਂ ਸੰਗਠਿਤ ਕਰਨ ਲਈ ਆਪਾ ਪੜਚੋਲ ਕੀਤੀ ਅਤੇ ਸਰਬਸੰਮਤੀ ਨਾਲ ਫੈਸਲਾ ਲੈ ਕੇ ਇਕ ਕਮੇਟੀ ਗਠਿਤ ਕੀਤੀ। ਜਿਸਦੀ ਇਹ ਡਿਊਟੀ ਲਗਾਈ ਗਈ ਕਿ ਉਹ ਸਾਰੇ ਪਹਿਲੂਆਂ ਤੇ ਚੰਗੀ ਤਰ੍ਹਾਂ ਨਾ ਗੌਰ ਕਰਕੇ ਇਮਾਨਦਾਰੀ ਅਤੇ ਬੇਬਾਕੀ ਨਾਲ ਸਹੀ ਰਿਪੋਰਟ ਪੇਸ਼ ਕਰੇ ਅਤੇ ਉਸਦੀ ਰਿਪੋਰਟ ਤੇ ਪੂਰਾ ਅਮਲ ਕੀਤਾ ਜਾਵੇਗਾ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਚ ਮੁੜ ਤੋਂ ਸੁਰਜੀਤ ਕੀਤਾ ਜਾ ਸਕੇ। ਜੋ ਕਮੇਟੀ ਬਣਾਈ ਗਈ ਸੀ ਉਸਦੇ ਚੇਅਰਮੈਨ ਇਕਬਾਲ ਸਿੰਘ ਝੂੰਦਾ ਨੂੰ ਹੀ ਬਣਾਇਆ ਗਿਆ ਸੀ। ਉਸ ਸਮੇਂ ਝੂੰਦਾ ਕਮੇਟੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਨੇ ਪੰਜਾਬ ਦੇ ਰਾਜਨੀਤਿਕ ਅਤੇ ਪੰਥਕ ਹਲਕਿਆਂ ਵਿਚ ਭੂਚਾਲ ਲਿਆ ਦਿਤਾ ਸੀ ਕਿਉਂਕਿ ਉਸ ਕਮੇਟੀ ਨੇ ਸਿੱਧੇ ਤੌਰ ‘ਤੇ ਸੁਝਾਅ ਦਿਤਾ ਸੀ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਮੁੜ ਸਥਾਪਨਾ ਲਈ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣਾ ਜਰੂਰੀ ਹੈ। ਜੋ ਕਿ ਬਾਦਲ ਪਰਿਵਾਰ ਲਈ ਨਿਰਾਸ਼ਾਜਨਕ ਸੀ। ਉਸ ਰਿਪੋਰਟ ਨੂੰ ਸੁਖਬੀਰ ਬਾਦਲ ਨੇ ਉਸਦੇ ਸਹਿਯੋਗੀਆਂ ਨੇ ਮੰਨਣ ਤੋਂ ਸਾਫ ਇਨਕਾਰ ਕਰ ਦਿਤਾ ਅਤੇ ਉਹ ਰਿਪੋਰਟ ਅੱਜ ਵੀ ਮਿੱਟੀ ਦੀ ਧੂੜ ਹੇਠ ਕਿਧਰੇ ਦੱਬੀ ਪਈ ਹੋਵੇਗੀ। ਇਸ ਲਈ ਝੂੰਦਾ ਨੂੰ ਸੰਗਰੂਰ ਤੋਂ ਟਿਕਟ ਦੇਣਾ ਹਰ ਕਿਸੇ ਲਈ ਹੈਰਾਨੀ ਵਾਲੀ ਗੱਲ ਹੈ। ਇਸ ਵੱਡੀ ਚਾਲ ਨੇ ਢੀਂਡਸਾ ਪਰਿਵਾਰ ਨੂੰ ਚਾਰੋਂ ਖਾਨੇ ਚਿੱਤ ਕਰਕੇ ਰੱਖ ਦਿਤਾ ਹੈ। ਢੀਂਡਸਾ ਪਰਿਵਾਰ ਅਕਾਲੀ ਦਲ ਦੇ ਇਸ ਫੈਸਲੇ ਤੋਂ ਨਿਰਾਸ਼ ਹਨ। ਮੰਨਿਆ ਜਾ ਰਿਹਾ ਹੈ ਕਿ ਸੰਗਰੂਰ ਵਿਖੇ ਪਾਰਟੀ ਵਿਚ ਵੱਡੀ ਬਗਾਵਤ ਹੋ ਸਕਦੀ ਹੈ ਅਤੇ ਢੀਂਡਸਾ ਮੁੜ ਵੱਖਰਾ ਰਾਹ ਅਪਨਾ ਸਕਦੇ ਹਨ। ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਆਪਣਾ ਸੰਯੁਕਤ ਅਕਾਲੀ ਦਲ ਬਣਾ ਕੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰ ਲਿਆ ਸੀ ਤਾਂ ਭਾਜਪਾ ਵੀ ਬਾਦਲਾਂ ਦੀ ਥਾਂ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਪਹਿਲ ਦੇਣ ਲੱਗੀ ਸੀ ਅਤੇ ਪੰਜਾਬ ਤੋਂ ਅਕਾਲੀ ਦਲ ਦੇ ਨੁਮਾਇੰਦੇ ਵਜੋਂ ਐਨ.ਡੀ.ਏ. ਦੀਆਂ ਮੀਟਿੰਗਾ ਵਿਚ ਢੀਂਡਸਾ ਨੂੰ ਹੀ ਤਰਜੀਹ ਦਿਤੀ ਜਾਂਦੀ ਸੀ। ਪੁੱਤਰ ਮੋਹ ਵਿਚ ਫਸੇ ਸੁਖਦੇਵ ਸਿੰਘ ਢੀਂਡਸਾ ਜੇਕਰ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਸ਼ਾਮਲ ਨਹੀਂ ਹੋਏ ਹੁੰਦੇ ਤਾਂ ਭਾਜਪਾ ਨਾਲ ਗਠਜੋੜ ਕਰਕੇ ਸੰਗਰੂਰ ਦੀ ਸੀਟ ਸੁਖਦੇਵ ਸਿੰਘ ਢੀਂਡਸਾ ਲਈ ਛੱਡੀ ਜਾ ਸਕਦੀ ਸੀ। ਪਰ ਹੁਣ ਉਨ੍ਹਾਂ ਹੋਥੋਂ ਇਹ ਮੌਕਾ ਵੀ ਖਿਸਕ ਗਿਆ ਹੈ। ਕਿਹਾ ਜਾਂਦਾ ਹੈ ਕਿ ਸਿਆਸਤ ਵਿਚ ਕੋਈ ਕਦੋਂ, ਕਿਥੇ ਅਤੇ ਕਿਵੇਂ ਕਿਸ ਨਾਲ ਧੋਖਾ ਕਰ ਜਾਏ ਇਹ ਕੋਈ ਨਹੀਂ ਕਹਿ ਸਕਦਾ। ਇਸ ਲਈ ਇਹ ਕਹਾਵਤ ਕਿ ਰਾਜਨੀਤੀ ਵਿਚ ਸਭ ਜਾਇਜ ਹੈ ਕਹਿ ਕੇ ਪਾਣੀ ਆਸਾਨੀ ਨਾਲ ਫੇਰਿਆ ਜਾਂਦਾ ਹੈ। ਹੁਣ ਆਉਣ ਵਾਲੇ ਦਿਨਾਂ ਵਿਚ ਇਹ ਸਪੱਸ਼ਟ ਹੋ ਜਾਵੇਗਾ ਕਿ ਸੁਖਬੀਰ ਬਾਦਲ ਢੀਂਡਸਾ ਪਰਿਵਾਰ ਦੀ ਨਾਰਾਜ਼ਗੀ ਕਿਵੇਂ ਦੂਰ ਕਰਨਗੇ। ਢੀਂਡਸਾ ਪਰਿਵਾਰ ਅਗਲੇ ਰਾਜਨੀਤਿਕ ਭਵਿੱਖ ਲਈ ਕੀ ਫੈਸਲਾ ਲੈਂਦੇ ਹਨ। ਸ਼੍ਰੋਮਣੀ ਅਕਾਲੀ ਦਲ ਵਿਚ ਹੀ ਟਿਕੇ ਰਹਿੰਦੇ ਹਨ ਜਾਂ ਅਕਾਲੀ ਦਲ ਨੂੰ ਫਿਰ ਤੋਂ ਅਲਵਿਦਾ ਕਹਿਣਗੇ। ਉਨ੍ਹਾਂ ਦੇ ਇਸ ਸੰਬੰਧੀ ਲਏ ਜਾਣ ਵਾਲੇ ਫੈਸਲੇ ਤੇ ਸੰਗਰੂਰ ਦੀ ਲੋਕ ਸਭਾ ਸੀਟ ਦਾ ਭਵਿੱਖ ਅਕਾਲੀ ਦਲ ਲਈ ਤੈਅ ਹੋਵੇਗਾ। ਫਿਲਹਾਲ ਸ਼੍ਰੋਮਣੀ ਅਕਾਲੀ ਦਲ ਵਲੋਂ ਢੀਂਡਸਾ ਪਰਿਵਾਰ ਛੱਡ ਕੇ ਝੂੰਦਾ ਨੂੰ ਟਿਕਟ ਦੇਣ ਨਾਲ ਸੰਗਰੂਬਰ ਲੋਕ ਸਭਾ ਹਲਕੇ ਦੀ ਸਥਿਤੀ ਬੇ-ਹੱਦ ਦਿਲਚਸਪ ਬਣ ਗਈ ਹੈ ਅਤੇ ਇਹ ਸੀਟ ਬੇਹੱਦ ਖਾਸ ਬਣ ਗਈ ਹੈ। ਜਿਸ ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ।
ਹਰਵਿੰਦਰ ਸਿੰਘ ਸੱਗੂ।