ਲੁਧਿਆਣਾ 10ਮਾਰਚ (ਬਿਊਰੋ) ਲੁਧਿਆਣਾ ਮਾਲੇਰਕੋਟਲਾ ਮੁੱਖ ਮਾਰਗ ਸਥਿਤ ਪਿੰਡ ਫੱਲੇਵਾਲ ਨੇੜੇ ਪੀਆਰਟੀਸੀ ਬੱਸ, ਕਾਰ ਅਤੇ ਬੁਲਟ ਮੋਟਰਸਾਈਕਲ ਵਿਚਕਾਰ ਭਿਆਨਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਕ ਪੀਆਰਟੀਸੀ ਬੱਸ ਜੋ ਕਿ ਲੁਧਿਆਣੇ ਤੋਂ ਮਾਲੇਰਕੋਟਲੇ ਵੱਲ ਨੂੰ ਆ ਰਹੀ ਸੀ ਤੇ ਇਕ ਮਾਰੂਤੀ ਸੁਜ਼ੂਕੀ ਕੰਪਨੀ ਦੀ ਕਾਰ ਅਤੇ ਬੋਲਟ ਮੋਟਰਸਾਈਕਲ ਵਿਚਕਾਰ ਆਪਸ ਵਿਚ ਇਕ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਵਾਹਨ ਚਾਲਕ ਬੁਰੀ ਤਰ੍ਹਾਂ ਗੰਭੀਰ ਜ਼ਖ਼ਮੀ ਹੋ ਗਏ।ਮੌਕੇ ਤੇ ਪਹੁੰਚੇ ਸਦਰ ਥਾਣਾ ਮੁਖੀ ਅਹਿਮਦਗਡ਼੍ਹ ਤੋਂ ਇੰਸਪੈਕਟਰ ਸੰਜੀਵ ਕੁਮਾਰ ਅਤੇ ਪੁਲਿਸ ਪਾਰਟੀ ਨੇ ਜ਼ਖ਼ਮੀ ਵਾਹਨ ਚਾਲਕਾ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਹਾਦਸੇ ਕਾਰਨ ਰੁਕੀ ਹੋਈ ਵਾਹਨਾਂ ਦੀ ਭੀੜ ਨੂੰ ਚਾਲੂ ਕਰਵਾਇਆ ਗਿਆ। ਥਾਣਾ ਮੁਖੀ ਤੋਂ ਮਿਲੀ ਜਾਣਕਾਰੀ ਮੁਤਾਬਕ ਬੋਲਟ ਮੋਟਰਸਾਈਕਲ ਸਵਾਰ ਚਾਲਕ ਦੇ ਪੈਰ ਬੁਰੀ ਤਰ੍ਹਾਂ ਕੁਚਲੇ ਗਏ ਅਤੇ ਪੀਆਰਟੀਸੀ ਬੱਸ ਦੇ ਡਰਾਈਵਰ ਦੇ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਤੇ ਕਾਰ ਚਾਲਕ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਨੂੰ ਕਰੇਨ ਦੀ ਮਦਦ ਨਾਲ ਮੁੱਖ ਮਾਰਗ ਤੋਂ ਚੁੱਕਿਆ ਗਿਆ। ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ ਤੋਂ ਤੁਰੰਤ ਬਾਅਦ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਖ਼ਬਰ ਲਿਖੇ ਜਾਣ ਤੱਕ ਵਾਹਨ ਚਾਲਕਾਂ ਦੀ ਸ਼ਨਾਖ਼ਤ ਦਾ ਕੁਝ ਪਤਾ ਨਹੀਂ ਲੱਗ ਸਕਿਆ। ਪੁਲੀਸ ਵੱਲੋਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।