ਸੰਗਰੂਰ 10 ਮਾਰਚ (ਬਿਊਰੋ)ਆਮ ਆਦਮੀ ਪਾਰਟੀ (AAP) ਦੇ ਸੀਐੱਮ ਫੇਸ ਭਗਵੰਤ ਮਾਨ (Bhagwant Mann) ਨੇ ਆਪਣੀ ਧੂਰੀ ਸੀਟ ਜਿੱਤਣ ਤੋਂ ਬਾਅਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿਖੇ ਜਾ ਕੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਐਲਾਨ ਕੀਤਾ ਹੈ। ਆਪਣੀ ਧੂਰੀ ਤੋਂ ਜਿੱਤ ਅਤੇ ਪਾਰਟੀ ਦੀ ਪੰਜਾਬ ‘ਚ ਲਾਮਿਸਾਲ ਜਿੱਤ ਤੋਂ ਬਾਅਦ ਸੰਗਰੂਰ ਵਿਖ਼ੇ ਆਪਣੇ ਘਰ ਦੀ ਛੱਤ ਤੋਂ ਪਹਿਲੀ ਵਾਰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਰਾਜ ਅੰਦਰ ਕਿਸੇ ਵੀ ਦਫ਼ਤਰ ‘ਚ ਮੁੱਖ ਮੰਤਰੀ ਦੀ ਤਸਵੀਰ ਨਹੀਂ ਲਗਾਈ ਜਾਵੇਗੀ ਸਗੋਂ ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਡਕਰ ਦੀਆਂ ਤਸਵੀਰਾਂ ਹੀ ਲਗਾਈਆਂ ਜਾਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਮੇਰੇ ’ਤੇ ਯਕੀਨ ਰੱਖਣ, ਮੇਰੀ ਨੀਅਤ ਮਾੜੀ ਨਹੀਂ। ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰਾਂਗੇ ਅਤੇ ਇਕ ਮਹੀਨੇ ਵਿੱਚ ਹੀ ਫ਼ਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ, ਹੌਲੀ-ਹੌਲੀ ਸਭ ਪਟੜੀ ’ਤੇ ਚਾੜ੍ਹਾਂਗੇ। ਉਨ੍ਹਾਂ ਆਖ਼ਿਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਕਿ ਝਾੜੂ ਫ਼ੇਰ ਦਿਉ, ਲੋਕਾਂ ਨੇ ਫ਼ੇਰ ਦਿੱਤਾ ਹੈ, ਹੁਣ ਅੱਗੋਂ ਜ਼ਿੰਮੇਵਾਰੀ ਮੇਰੀ ਹੈ।ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਮਹਿਲਾਂ ਤੋਂ ਅਤੇ ਵੱਡੇ ਵੱਡੇ ਦਰਵਾਜ਼ਿਆਂ ਤੇ ਕੰਧਾਂ ਵਾਲੇ ਘਰਾਂ ਵਿੱਚੋਂ ਚੱਲਦਾ ਸੀ ਪਰ ਹੁਣ ਇਹ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਮੁਹੱਲਿਆਂ ਅਤੇ ਵਾਰਡਾਂ ਤੋਂ ਚੱਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਤੇ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਹੀ ਕਿਹਾ ਸੀ ਅਤੇ ਉਨ੍ਹਾਂ ਦੇ 32 ਦੰਦਾਂ ਵਿੱਚੋਂ ਨਿਕਲੀ ਗਲ ਸਹੀ ਹੋਈ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵਾਂ ਸੀਟਾਂ ਤੋਂ, ਪ੍ਰਕਾਸ਼ ਸਿੰਘ ਬਾਦਲ, ਸੁਖ਼ਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵੀ ਆਪੋ ਆਪਣੀਆਂ ਸੀਟਾਂ ’ਤੇ ਹਾਰੇ ਹਨ।