ਅੰਮ੍ਰਿਤਸਰ:(ਬਿਊਰੋ)ਰੇਲਵੇ ਸਟੇਸ਼ਨ ਨੇੜੇ ਸਥਿਤ ਚੀਫ਼ ਖ਼ਾਲਸਾ ਦੀਵਾਨ ਸਕੂਲ ਦੇ ਏ.ਸੀ. ਦੇ ਕੰਪ੍ਰੈਸਰ ‘ਚ ਬੁੱਧਵਾਰ ਦੁਪਹਿਰ ਨੂੰ ਅਚਾਨਕ ਅੱਗ ਲੱਗ ਗਈ।ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਸਕੂਲ ਵਿਅਸਤ ਸੀ ਤੇ ਸਕੂਲ ‘ਚ ਬੱਚੇ ਪੜ੍ਹ ਰਹੇ ਸਨ।ਸਕੂਲ ਮੈਨੇਜਮੈਂਟ ਨੇ ਕਿਸੇ ਤਰ੍ਹਾਂ ਸਭ ਨੂੰ ਬਾਹਰ ਕੱਢਿਆ। ਜਿਸ ਥਾਂ ‘ਤੇ ਅੱਗ ਲੱਗੀ ਉਸ ਇਲਾਕੇ ‘ਚੋਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।ਇਸ ਘਟਨਾ ਤੋਂ ਬਾਅਦ ਹੀ ਕੁਝ ਜਮਾਤਾਂ ਨੂੰ ਛੁੱਟੀ ਦੇ ਦਿੱਤੀ ਗਈ।ਸਕੂਲ ਮੈਨੇਜਮੈਂਟ ਨੇ ਸਭ ਤੋਂ ਪਹਿਲਾਂ ਆਪਣੇ ਪੱਧਰ ‘ਤੇ ਅੱਗ ਬੁਝਾਊ ਯੰਤਰਾਂ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਘਟਨਾ ਦੀ ਸੂਚਨਾ ਦਿੱਤੀ ਗਈ। ਅੱਗ ਬੁਝਾਉਣ ਲਈ ਅੱਗ ਬੁਝਾਊ ਵਿਭਾਗ ਦੇ ਦਫ਼ਤਰ ਦੀਆਂ ਦੋ ਗੱਡੀਆਂ ਸਕੂਲ ਦੇ ਅੰਦਰ ਪਹੁੰਚੀਆਂ, ਅੱਗ ‘ਤੇ ਕਰੀਬ 20 ਮਿੰਟਾਂ ‘ਚ ਹੀ ਕਾਬੂ ਪਾ ਲਿਆ ਗਿਆ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।ਇਸ ਸਬੰਧ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਦਫ਼ਤਰ ਇੰਚਾਰਜ ਸੁਖਮਿੰਦਰ ਸਿੰਘ ਪ੍ਰਿੰਸ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗੀ, ਜਿਸ ਨੂੰ ਮੌਕੇ ਤੇ ਸਟਾਫ ਨੂੰ ਕਾਬੂ ਪਾ ਲਿਆ ਗਿਆ। ਸਕੂਲ ਵਿੱਚ ਬੱਚਿਆਂ ਨੂੰ ਇਸ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ।